ਮ੍ਰਿਤਕ ਪੁਲਿਸ ਮੁਲਾਜ਼ਮ ਦੀ ਥਾਂ ਦੂਜੇ ਦੀ ਦੇਹ ਨੂੰ ਦਿੱਤਾ ਗਾਰਡ ਆਫ਼ ਆਨਰ, ਪਰਿਵਾਰ ਵਾਲਿਆਂ ਦੀ ਲਾਪਰਵਾਹੀ ਆਈ ਸਾਹਮਣੇ

ਇੱਥੇ ਦੱਸਣਾ ਬਣਦਾ ਹੈ ਕਿ ਮ੍ਰਿਤਕ ਦੇਹ ਨੂੰ ਮੁਰਦਾਘਰ 'ਚੋਂ ਲਿਜਾਣ ਸਮੇਂ ਪੁਲਿਸ ਮੁਲਾਜ਼ਮ ਦੇ ਰਿਸ਼ਤੇਦਾਰਾਂ ਨੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਉਹ ਆਪਣੇ ਬੇਟੇ ਮਨੀਸ਼ ਸ਼ਰਮਾ ਦੀ ਲਾਸ਼ ਲੈ ਕੇ ਜਾ ਰਹੇ ਨੇ ਜਾਂ ਕਿਸੇ ਹੋਰ ਦੀ ਦੇਹ। ਮਨੀਸ਼ ਦੇ ਪਰਿਵਾਰਕ ਮੈਂਬਰਾਂ ਨੇ ਸਭ ਤੋਂ ਪਹਿਲਾਂ ਜਿਸਦਾ ਅੰਤਿਮ ਸਸਕਾਰ ਕੀਤਾ ਉਹ ਦੇਹ ਆਯੂਸ਼ ਦੀ ਸੀ। ਆਯੂਸ਼ ਸਲੇਮ ਟਾਬਰੀ ਦੇ ਪੀਰੂ ਬੰਦਾ ਇਲਾਕੇ ਦਾ ਰਹਿਣ ਵਾਲਾ ਸੀ। ਉਹ ਬੀਮਾਰ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

By  Jasmeet Singh January 6th 2023 01:24 PM -- Updated: January 6th 2023 01:47 PM

ਲੁਧਿਆਣਾ, 6 ਜਨਵਰੀ: ਪੰਜਾਬ ਦੇ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਮ੍ਰਿਤਕ ਦੇਹ ਨੂੰ ਬਦਲਣ ਦੇ ਮਾਮਲੇ 'ਚ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ। ਕਾਬਲੇਗੌਰ ਹੈ ਕਿ ਪੁਲਿਸ ਵੱਲੋਂ ਗਾਰਡ ਆਫ਼ ਆਨਰ ਦੇ ਨਾਲ ਜੀ.ਆਰ.ਪੀ ਮੁਲਾਜ਼ਮ ਦਾ ਸਸਕਾਰ ਕੀਤਾ ਜਾਣਾ ਸੀ ਪਰ ਗਲਤੀ ਨਾਲ ਗਾਰਡ ਆਫ਼ ਆਨਰ ਕਿਸੇ ਹੋਰ ਦੀ ਮ੍ਰਿਤਕ ਦੇਹ ਨੂੰ ਦੇ ਦਿੱਤਾ ਗਿਆ। ਜਿਸ ਨੌਜਵਾਨ ਦੀ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਉਸਦੇ ਰਿਸ਼ਤੇਦਾਰਾਂ ਵੱਲੋਂ ਬੀਤੇ ਕੱਲ੍ਹ ਹਸਪਤਾਲ 'ਚ ਹੰਗਾਮੇ ਮਗਰੋਂ ਭੰਨਤੋੜ ਵੀ ਕੀਤੀ ਗਈ। ਇਸ ਤਹਿਤ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਹਸਪਤਾਲ ਵਿੱਚ ਭੰਨਤੋੜ ਤੇ ਕੁੱਟਮਾਰ ਤੋਂ ਬਾਅਦ ਹੜਤਾਲ ਕੀਤੀ, ਜੋ ਦੇਰ ਸ਼ਾਮ ਸਮਾਪਤ ਹੋ ਗਈ।

ਇੱਥੇ ਦੱਸਣਾ ਬਣਦਾ ਹੈ ਕਿ ਮ੍ਰਿਤਕ ਦੇਹ ਨੂੰ ਮੁਰਦਾਘਰ 'ਚੋਂ ਲਿਜਾਣ ਸਮੇਂ ਪੁਲਿਸ ਮੁਲਾਜ਼ਮ ਦੇ ਰਿਸ਼ਤੇਦਾਰਾਂ ਨੇ ਇਸ ਗੱਲ ਵੱਲ ਧਿਆਨ ਹੀ ਨਹੀਂ ਦਿੱਤਾ ਕਿ ਉਹ ਆਪਣੇ ਬੇਟੇ ਮਨੀਸ਼ ਸ਼ਰਮਾ ਦੀ ਲਾਸ਼ ਲੈ ਕੇ ਜਾ ਰਹੇ ਨੇ ਜਾਂ ਕਿਸੇ ਹੋਰ ਦੀ ਦੇਹ। ਮਨੀਸ਼ ਦੇ ਪਰਿਵਾਰਕ ਮੈਂਬਰਾਂ ਨੇ ਸਭ ਤੋਂ ਪਹਿਲਾਂ ਜਿਸਦਾ ਅੰਤਿਮ ਸਸਕਾਰ ਕੀਤਾ ਉਹ ਦੇਹ ਆਯੂਸ਼ ਦੀ ਸੀ। ਆਯੂਸ਼ ਸਲੇਮ ਟਾਬਰੀ ਦੇ ਪੀਰੂ ਬੰਦਾ ਇਲਾਕੇ ਦਾ ਰਹਿਣ ਵਾਲਾ ਸੀ। ਉਹ ਬੀਮਾਰ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ 1 ਜਨਵਰੀ ਨੂੰ ਉਸ ਦੀ ਮੌਤ ਹੋ ਗਈ ਸੀ। ਆਯੂਸ਼ ਦੀ ਮ੍ਰਿਤਕ ਦੇਹ ਨੂੰ ਉਸਦੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਸੀ ਕਿਉਂਕਿ ਉਸ ਦੀਆਂ ਭੈਣਾਂ ਨੇ ਅੱਜੇ ਵਿਦੇਸ਼ ਤੋਂ ਵਾਪਸ ਆਉਣਾ ਸੀ। ਇਸੇ ਦੌਰਾਨ 2 ਜਨਵਰੀ ਨੂੰ ਮਨੀਸ਼ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਨੀਸ਼ ਦੀ ਲਾਸ਼ ਨੂੰ ਵੀ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਸੀ। ਬੁੱਧਵਾਰ ਨੂੰ ਜਦੋਂ ਮਨੀਸ਼ ਦੇ ਰਿਸ਼ਤੇਦਾਰ ਉਸ ਦੀ ਲਾਸ਼ ਲੈਣ ਆਏ ਤਾਂ ਉਹ ਗਲਤੀ ਨਾਲ ਆਯੂਸ਼ ਦੀ ਲਾਸ਼ ਲੈ ਗਏ। ਪੁਲਿਸ ਮੁਲਾਜ਼ਮ ਮਨੀਸ਼ ਦੇ ਪਰਿਵਾਰਕ ਮੈਂਬਰ ਹੁਣ ਦੂਜੀ ਵਾਰ ਉਸ ਦਾ ਅੰਤਿਮ ਸਸਕਾਰ ਕਰਨਗੇ। 

ਇਸ ਦੇ ਨਾਲ ਹੀ ਪੁਲਿਸ ਨੇ ਭੰਨਤੋੜ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਬਦਮਾਸ਼ਾਂ ਦੀ ਪਛਾਣ ਕਰਨ ਲਈ ਵੀਡੀਓ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਜਿਨ੍ਹਾਂ ਵਿਅਕਤੀਆਂ ਨੇ ਬਿਨਾਂ ਸ਼ਨਾਖਤ ਕੀਤੇ ਲਾਸ਼ ਦਾ ਸਸਕਾਰ ਕਰ ਦਿੱਤਾ, ਉਨ੍ਹਾਂ ਖ਼ਿਲਾਫ਼ ਵੀ ਕੇਸ ਦੀ ਗੱਲ ਕਹੀ ਜਾ ਰਹੀ ਹੈ। 

- ਰਿਪੋਰਟਰ ਨਵੀਨ ਸ਼ਰਮਾ ਦੇ ਸਹਿਯੋਗ ਨਾਲ  

Related Post