ਸਰਹਾਲੀ ਪੁਲਿਸ ਸਟੇਸ਼ਨ 'ਚ ਸੁੱਟਿਆ ਗ੍ਰੇਨੇਡ ਕੀਤਾ ਨਕਾਰਾ, ਦੂਰ ਤੱਕ ਸੁਣਾਈ ਦਿੱਤੀ ਆਵਾਜ਼
ਤਰਨਤਾਰਨ : ਬੰਬ ਖੋਜ ਤੇ ਨਿਰੋਧਕ ਦਸਤੇ (ਬੀਡੀਡੀਐਸ) ਦੇ ਮੈਂਬਰਾਂ ਨੇ ਪੰਜਾਬ ਦੇ ਤਰਨਤਾਰਨ ਦੇ ਸਰਹਾਲੀ ਕਲਾਂ ਥਾਣੇ ਵਿਚ ਪਹੁੰਚੇ ਕੇ ਜਾਂਚ ਕੀਤੀ। ਥਾਣਾ ਸਰਹਾਲੀ 'ਤੇ ਦਾਗੇ ਗਏ ਗ੍ਰੇਨੇਡ (RPG Attack) ਨੂੰ ਪੁਲਿਸ ਦੇ ਬੰਬ ਨਿਰੋਧਕ ਦਸਤੇ ਵੱਲੋਂ ਐਤਵਾਰ ਨੂੰ ਕਰੀਬ ਸਵਾ ਤਿੰਨ ਵਜੇ ਹਰੀਕੇ ਦਰਿਆ ਦੇ ਡਾਊਨ ਸਟ੍ਰੀਮ ਖੇਤਰ 'ਚ ਪੈਂਦੇ ਪਿੰਡ ਗੱਟੀ ਹਰੀਕੇ ਵਿਖੇ ਨਕਾਰਾ ਕਰ ਦਿੱਤਾ ਗਿਆ ਜਿਸ ਦੇ ਧਮਾਕੇ ਦੀ ਆਵਾਜ਼ ਦੂਰ ਤਕ ਸੁਣਾਈ ਦਿੱਤੀ। ਇਸ ਮੌਕੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਹੋਈ ਸੀ।
ਦੂਜੇ ਪਾਸੇ ਥਾਣਾ ਸਰਹਾਲੀ 'ਤੇ ਰਾਕੇਟ ਲਾਂਚਰ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਥਾਣਾ ਸਦਰ ਦੇ ਐਸਐਚਓ ਪ੍ਰਕਾਸ਼ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਦੇਰ ਸ਼ਾਮ ਜਾਂਚ ਏਜੰਸੀ ਦੇ ਦੋ ਅਧਿਕਾਰੀਆਂ ਨੇ ਸਰਹਾਲੀ ਥਾਣੇ ਦਾ ਦੌਰਾ ਕੀਤਾ। ਇਸ ਦੌਰਾਨ ਪੁਲਿਸ ਨੇ ਸੱਤ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਤਰਨਤਾਰਨ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਕੁਝ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਤਵਾਦੀ ਹਮਲੇ ਦੀ ਸ਼ੁਰੂਆਤੀ ਜਾਂਚ 'ਚ ਪੁਲਿਸ ਨੇ ਰਾਕੇਟ ਲਾਂਚਰ ਅਤੇ ਪ੍ਰੋਪੈਲਰ ਬਰਾਮਦ ਕਰ ਲਿਆ ਹੈ। ਇੱਕ ਸੀਸੀਟੀਵੀ ਫੁਟੇਜ ਵੀ ਪੁਲਿਸ ਦੇ ਹੱਥ ਲੱਗੀ ਹੈ, ਜਿਸ ਵਿੱਚ ਹਮਲੇ ਦਾ ਪ੍ਰਭਾਵ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਫ਼ਰਜ਼ੀ ਗ੍ਰਾਮ ਸਭਾ ਇਜਲਾਸ ਕਰਵਾਉਣ ਵਾਲੇ ਸਰਪੰਚਾਂ ਦੀ ਖੈਰ ਨਹੀਂ
ਥਾਣਾ ਸਰਹਾਲੀ 'ਤੇ ਹੋਏ ਗ੍ਰੇਨੇਡ ਹਮਲੇ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ (NIA) ਦੀ ਟੀਮ ਨੇ ਦੇਰ ਰਾਤ ਸਰਹਾਲੀ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਨਆਈਏ ਦੇ ਨਾਲ ਸੀਐੱਸਐੱਫਐੱਲ ਦੀ ਟੀਮ ਵੀ ਮੌਜੂਦ ਹੈ ਜੋ ਫੋਰੈਂਸਿਕ ਤੱਥ ਇਕੱਤਰ ਕਰ ਰਹੀ ਹੈ। ਥਾਣੇ ਨੂੰ ਫਿਲਹਾਲ ਤਾਲਾ ਲਗਾਇਆ ਹੋਇਆ ਹੈ। ਮਾਮਲਾ ਵੱਡਾ ਹੋਣ ਕਰਕੇ ਐੱਨਆਈਏ ਇਸ ਮਾਮਲੇ ਦੀ ਜਾਂਚ ਆਪਣੇ ਹੱਥਾਂ 'ਚ ਲੈ ਸਕਦੀ ਹੈ।