GST ਮੁਆਵਜ਼ੇ ਦੇ 16982 ਕਰੋੜ ਰੁਪਏ ਬਕਾਏ ਦੀ ਅਦਾਇਗੀ ਕਰੇਗੀ ਸਰਕਾਰ: ਨਿਰਮਲਾ ਸੀਤਾਰਮਨ
ਨਵੀਂ ਦਿੱਲੀ: 49ਵੀਂ ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਾਰੇ ਜੀਐਸਟੀ ਮੁਆਵਜ਼ੇ ਦਾ ਭੁਗਤਾਨ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਸਾਰੇ ਸੂਬਿਆਂ ਦਾ ਹੁਣ ਤੱਕ ਦਾ ਜੀਐਸਟੀ ਮੁਆਵਜ਼ਾ ਅੱਜ ਜਾਰੀ ਕਰ ਦਿੱਤਾ ਜਾਵੇਗਾ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਪੂਰੇ 16,982 ਕਰੋੜ ਰੁਪਏ ਗੁਡਸ ਐਂਡ ਸਰਵਿਸਿਜ਼ ਟੈਕਸ ਯਾਨੀ ਜੀਐਸਟੀ ਮੁਆਵਜ਼ਾ ਆਪਣੀ ਜੇਬ ਤੋਂ ਅਦਾ ਕਰੇਗੀ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜੀਐਸਟੀ ਅਪੀਲੀ ਟ੍ਰਿਬਿਊਨਲ 'ਤੇ ਕੁਝ ਰਾਜਾਂ ਦੇ ਸੁਝਾਅ ਸ਼ਾਮਲ ਕੀਤੇ ਗਏ ਹਨ ਪਰ ਇਸ ਦੇ ਗਠਨ 'ਤੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਜੀਐਸਟੀ ਕੌਂਸਲ ਦੀ ਮੀਟਿੰਗ 'ਚ ਪੈਨਸਿਲਾਂ ਅਤੇ ਸ਼ਾਰਪਨਰਾਂ ਉੱਤੇ ਜੀਐਸਟੀ ਦਰਾਂ ਵਿਚ ਕਟੌਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ, ਪੈਨਸਿਲਾਂ ਅਤੇ ਸ਼ਾਰਪਨਰਾਂ 'ਤੇ ਜੀਐਸਟੀ ਦਰਾਂ 18% ਤੋਂ ਘਟਾ ਕੇ 12% ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਤਰਲ ਗੁੜ 'ਤੇ ਜੀਐਸਟੀ ਖਤਮ ਕਰ ਦਿੱਤਾ ਗਿਆ ਹੈ, ਜੋ ਪਹਿਲਾਂ 18 ਫੀਸਦੀ ਸੀ।
ਜੀਐਸਟੀ ਕੌਂਸਲ ਨੇ ਟੈਗਸ, ਟ੍ਰੈਕਿੰਗ ਡਿਵਾਈਸਾਂ ਜਾਂ ਡਾਟਾ ਲੌਗਰਸ 'ਤੇ ਜੀਐਸਟੀ ਨੂੰ 18% ਤੋਂ ਘਟਾ ਕੇ ਜ਼ੀਰੋ ਕਰਨ ਦਾ ਫੈਸਲਾ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ, ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਸੀਮਿੰਟ 'ਤੇ ਅਜੇ ਚਰਚਾ ਨਹੀਂ ਹੋਈ ਹੈ। ਇਸ ਦੇ ਨਾਲ ਹੀ ਜੀਐਸਟੀ ਕੌਂਸਲ ਦੀ ਅਗਲੀ ਮੀਟਿੰਗ 'ਚ ਮੋਟੇ ਅਨਾਜ ਬਾਰੇ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : PSTET 2023 ਪ੍ਰੀਖਿਆ ਦਾ ਹੋਇਆ ਐਲਾਨ, ਇਸ ਦਿਨ ਹੋਵੇਗਾ ਟੈਸਟ
ਵਿੱਤ ਮੰਤਰੀ ਨੇ ਕਿਹਾ ਆਨਲਾਈਨ ਗੇਮਿੰਗ ਬਾਰੇ ਜੀਓਐਮ ਦੀ ਰਿਪੋਰਟ ਅੱਜ ਦੀ ਮੀਟਿੰਗ 'ਚ ਨਹੀਂ ਉਠਾਈ ਜਾ ਸਕੀ ਕਿਉਂਕਿ ਜੀਓਐਮ ਦੇ ਚੇਅਰਮੈਨ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਰਾਜ ਵਿਚ ਚੋਣਾਂ ਕਾਰਨ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਉਸੇ ਤਰ੍ਹਾਂ, ਹੁਣ ਪਾਨ ਮਸਾਲਾ ਅਤੇ ਗੁਟਖਾ 'ਤੇ ਉਤਪਾਦਨ ਅਧਾਰਤ ਜੀਐਸਟੀ ਲਗਾਇਆ ਜਾਵੇਗਾ। ਸਮਰੱਥਾ ਆਧਾਰਿਤ ਟੈਕਸ ਲਾਗੂ ਕਰਨ ਦੇ ਫੈਸਲੇ ਨਾਲ ਟੈਕਸ ਚੋਰੀ ਘਟੇਗੀ।