ਸ੍ਰੀ ਦਰਬਾਰ ਸਾਹਿਬ ਦੇ ਰਸਤਿਆਂ ਤੋਂ ਕਬਜ਼ੇ ਹਟਾਉਣ ਅਤੇ ਟ੍ਰੈਫਿਕ ਵੱਲ ਧਿਆਨ ਦੇਵੇ ਸਰਕਾਰ: ਗੁਰਚਰਨ ਗਰੇਵਾਲ

By  Pardeep Singh November 23rd 2022 01:40 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਟ੍ਰੈਫਿਕ ਵਿਵਸਥਾ,  ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਅਤੇ ਆਟੋ-ਸਾਈਕਲ ਰਿਕਸ਼ਿਆਂ ਦੀ ਲੋੜ ਤੋਂ ਵੱਧ ਭਰਮਾਰ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਸਬੰਧੀ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਪ੍ਰਸਾਸ਼ਨ ਨੂੰ ਲੋੜੀਂਦੇ ਕਦਮ ਉਠਾਉਣ ਲਈ ਕਿਹਾ ਹੈ।


ਗਰੇਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਰਕੇ ਅੰਮ੍ਰਿਤਸਰ ਪੂਰੇ ਵਿਸ਼ਵ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਡੀ ਗਿਣਤੀ ਵਿਚ ਇਥੇ ਸ਼ਰਧਾ ਸਹਿਤ ਨਤਮਸਤਕ ਹੋਣ ਦੇ ਨਾਲ-ਨਾਲ ਇਥੇ ਸਥਿਤ ਇਤਿਹਾਸਕ ਅਸਥਾਨਾਂ ਦੀ ਯਾਤਰਾ ਕਰਦੀਆਂ ਹਨ। ਪਰੰਤੂ ਸ਼ਹਿਰ ਦੀ ਲੜਖੜਕਾਉਂਦੀ ਟ੍ਰੈਫਿਕ ਅਤੇ ਸੜਕਾਂ ’ਤੇ ਕਬਜ਼ਿਆਂ ਦੀ ਭਰਮਾਰ ਕਾਰਨ ਉਨ੍ਹਾਂ ਦੇ ਮਨਾਂ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਥੋਂ ਤੱਕ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪੁੱਜਦੇ ਵਿਰਾਸਤੀ ਮਾਰਗ ’ਤੇ ਵੀ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। 

ਉਨ੍ਹਾਂ ਕਿਹਾ ਕਿ ਲੰਘੀ 9 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਇਸ ਸਬੰਧ ਵਿਚ ਇਕ ਅਹਿਮ ਮਤਾ ਵੀ ਪਾਸ ਕੀਤਾ ਗਿਆ ਸੀ, ਜੋ ਸਬੰਧਤਾਂ ਤੱਕ ਭੇਜਿਆ ਜਾ ਚੁੱਕਾ ਹੈ। ਗਰੇਵਾਲ ਨੇ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਦੇ ਸਮੁੱਚੇ ਪ੍ਰਸ਼ਾਸਨ ਦੇ ਜ਼ੁੰਮੇਵਾਰ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਦੀਆਂ ਇਨ੍ਹਾਂ ਸਮੱਸਿਆਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

Related Post