ਅੰਤਰਰਾਸ਼ਟਰੀ ਯਾਤਰੀਆਂ ਨੂੰ ਭਾਰਤ ਆਉਣ ਲਈ ਹੁਣ ਨਹੀਂ ਭਰਨਾ ਪਵੇਗਾ 'ਏਅਰ ਸੁਵਿਧਾ ਫਾਰਮ'
ਨਵੀਂ ਦਿੱਲੀ : ਅੰਤਰਰਾਸ਼ਟਰੀ ਯਾਤਰੀਆਂ ਲਈ ਭਾਰਤ ਸਰਕਾਰ ਵੱਲੋਂ ਨਵੀਂਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਤਹਿਤ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੁਣ ਏਅਰ ਸੁਵਿਧਾ ਫਾਰਮ ਨਹੀਂ ਭਰਨਾ ਪਵੇਗਾ। ਕੋਰੋਨਾ ਵਾਇਰਸ ਦੇ ਘੱਟਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਨੇ ਫਾਰਮ ਭਰਨ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਹੈ। ਇਹ ਫ਼ੈਸਲਾ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਤੋਂ ਲਾਗੂ ਹੋ ਗਿਆ ਹੈ। ਏਅਰ ਸੁਵਿਧਾ ਪੋਰਟਲ 'ਤੇ ਉਪਲਬਧ ਫਾਰਮ 'ਚ ਯਾਤਰੀਆਂ ਨੂੰ ਉਨ੍ਹਾਂ ਵੱਲੋਂ ਲਏ ਗਏ ਟੀਕੇ ਦੀਆਂ ਖੁਰਾਕਾਂ ਦੀ ਗਿਣਤੀ ਬਾਰੇ ਜਾਣਕਾਰੀ ਦੇਣੀ ਪੈਂਦੀ ਸੀ। ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ 'ਏਅਰ ਸੁਵਿਧਾ' ਫਾਰਮ ਭਰਨਾ ਪੈਂਦਾ ਸੀ। ਇਹ ਫਾਰਮ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪੇਸ਼ ਕੀਤਾ ਗਿਆ ਸੀ।
ਕਾਬਿਲੇਗੌਰ ਹੈ ਕਿ ਫਾਰਮ ਵਿਚ ਤਾਰੀਕ ਸਮੇਤ ਆਪਣੇ ਟੀਕਾਕਰਨ ਦੀ ਸਥਿਤੀ ਦੱਸਣੀ ਹੁੰਦੀ ਸੀ। ਇਹ ਦੂਜੇ ਦੇਸ਼ਾਂ ਵਿੱਚ ਅਪਣਾਏ ਜਾ ਰਹੇ ਨਿਯਮਾਂ ਦੇ ਅਨੁਸਾਰ ਸੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਜਾਰੀ ਇਕ ਨੋਟਿਸ ਵਿੱਚ ਕਿਹਾ ਗਿਆ ਹੈ, 'ਕੋਰੋਨਾ ਮਾਮਲਿਆਂ ਵਿੱਚ ਲਗਾਤਾਰ ਗਿਰਾਵਟ ਤੇ ਵਿਸ਼ਵ ਪੱਧਰ 'ਤੇ ਕੋਰੋਨਾ ਟੀਕਾਕਰਨ ਦੀ ਪ੍ਰਗਤੀ ਦੇ ਮੱਦੇਨਜ਼ਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਪਹਿਲਾਂ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਹਾਲਾਂਕਿ ਮੰਤਰਾਲੇ ਨੇ ਕਿਹਾ ਹੈ ਕਿ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਜੇਕਰ ਲੋੜ ਪਈ ਤਾਂ ਨਿਯਮ ਦੀ ਸਮੀਖਿਆ ਕੀਤੀ ਜਾ ਸਕਦੀ ਹੈ।
ਮਾਸਕ ਨਿਯਮ ਨੂੰ ਲੈ ਕੇ ਕੁਝ ਦਿਨ ਪਹਿਲਾਂ ਕੀਤਾ ਸੀ ਐਲਾਨ
ਗ਼ੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਹੀ ਫਲਾਈਟਾਂ ਤੇ ਏਅਰਪੋਰਟਾਂ 'ਤੇ ਮਾਸਕ ਪਹਿਨਣ ਦੀ ਸ਼ਰਤ ਨੂੰ ਸਮਾਪਤ ਕਰ ਦਿੱਤਾ ਗਿਆ ਸੀ। ਯਾਨੀ ਹੁਣ ਫਲਾਈਟ 'ਚ ਚਿਹਰੇ ਉਤੇ ਮਾਸਕ ਨਾ ਪਾਉਣ 'ਤੇ ਕੋਈ ਜੁਰਮਾਨਾ ਨਹੀਂ ਲੱਗੇਗਾ। ਸਰਕਾਰੀ ਹੁਕਮਾਂ ਵਿੱਚ ਕਿਹਾ ਗਿਆ ਸੀ ਕਿ ਫਲਾਈਟ ਦੇ ਐਲਾਨ ਵਿੱਚ ਫੇਸ ਮਾਸਕ ਦੀ ਵਰਤੋਂ ਦੀ ਸਲਾਹ ਦਿੱਤੀ ਜਾ ਸਕਦੀ ਹੈ ਪਰ ਜੁਰਮਾਨੇ ਦਾ ਐਲਾਨ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਬੰਦੂਕ ਸੱਭਿਆਚਾਰ 'ਤੇ ਸ਼ਿਕੰਜਾ : ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ 5 ਗ੍ਰਿਫ਼ਤਾਰ