ਪੰਜਾਬ ਪੁਲਿਸ ਮੁਲਾਜ਼ਮ ਵੱਲੋਂ ਸਾਥੀਆਂ ਨਾਲ ਮਿਲ ਕੇ ਸੋਨੇ ਦੀ ਚੋਰੀ, ਸੀਨੀਅਰ ਕਾਂਸਟੇਬਲ ਗ੍ਰਿਫ਼ਤਾਰ
ਬਠਿੰਡਾ: ਸੰਗਰੂਰ ਤੋਂ ਸੋਨਾ ਲੁੱਟਣ ਦੇ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਕਾਂਸਟੇਬਲ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਲੰਘੇ ਦਿਨ ਰਾਜੂ ਰਾਮ ਨਾਮਕ ਵਿਅਕਤੀ ਰੇਲ ਗੱਡੀ ਰਾਹੀਂ ਦਿੱਲੀ ਤੋਂ ਬਠਿੰਡਾ ਤੱਕ ਸੋਨੇ ਦਾ ਆਰਡਰ ਲੈ ਕੇ ਜਾ ਰਿਹਾ ਸੀ।
ਸੰਗਰੂਰ ਰੇਲਵੇ ਸਟੇਸ਼ਨ ’ਤੇ ਕੁਝ ਵਿਅਕਤੀਆਂ ਨੇ ਉਸ ਕੋਲੋਂ ਬੈਗ ਚੋਰੀ ਕਰ ਲਿਆ ਅਤੇ ਆਪਣੀ ਈਟੀਓਸ ਕਾਰ ਨੰਬਰ ਪੀਬੀ 15 ਐਕਸ 2747 ’ਚ ਬਠਿੰਡਾ ਵੱਲ ਨੂੰ ਫ਼ਰਾਰ ਹੋ ਗਏ। ਬਠਿੰਡਾ ਪਹੁੰਚਣ 'ਤੇ ਉਪਰੋਕਤ ਕਾਰ ਨੂੰ ਬਠਿੰਡਾ ਪੁਲਿਸ ਵੱਲੋਂ ਲਗਾਏ ਗਏ ਬੀਬੀ ਵਾਲਾ ਚੌਕ ਨਾਕਾ ਪੁਆਇੰਟ 'ਤੇ ਰੋਕਿਆ ਗਿਆ।
ਉਪਰੋਕਤ ਕਾਰ ਵਿੱਚ 05 ਵਿਅਕਤੀ ਬੈਠੇ ਸਨ, ਜਿਨ੍ਹਾਂ ਵਿੱਚੋਂ 02 ਪੁਲਿਸ ਦੀ ਵਰਦੀ ਵਿੱਚ ਸਨ। ਉਹ ਸਾਰੇ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ ਪਰ ਅਚਾਨਕ ਗੱਡੀ ਵਿਚੋਂ ਸੋਨੇ ਦਾ ਬੈਗ ਡਿੱਗ ਪਿਆ।
ਪੁਲਿਸ ਨੂੰ ਬੇਗ ਦੀ ਰਿਕਵਰੀ ਕਰਦਿਆਂ ਉਸ ਵਿਚੋਂ ਸੋਨੇ ਅਤੇ ਹੀਰੇ ਦੇ ਗਹਿਣਿਆਂ ਦੇ 54 ਬਕਸ ਬਰਾਮਦ ਹੋਏ ਹਨ। ਜਿਨ੍ਹਾਂ ਦਾ ਕੁਲ ਵਜ਼ਨ 03 ਕਿਲੋ 765 ਗ੍ਰਾਮ ਦੱਸਿਆ ਜਾ ਰਿਹਾ ਹੈ ਅਤੇ ਜਿਸਦੀ ਬਾਜ਼ਾਰ 'ਚ 1 ਕਰੋੜ 75 ਲੱਖ ਰੁਪਏ ਕੀਮਤ ਦੱਸੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਸਿਵਲ ਲਾਈਨ ਬਠਿੰਡਾ ਵਿਖੇ ਆਈ.ਪੀ.ਸੀ. 411 ਅਧੀਨ ਮਾਮਲਾ ਦਰਜ ਕਰ ਕੇ, ਮੁਲਜ਼ਮਾਂ ਵਿਚੋਂ ਇੱਕ ਦੀ ਪਛਾਣ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤਾ ਮੁਲਜ਼ਮ ਅਸ਼ੀਸ਼ ਕੁਮਾਰ ਪੁੱਤਰ ਬਿਕਰਮਜੀਤ ਸਿੰਘ ਵਾਸੀ ਪਿੰਡ ਰਾਮਸਰਾ ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਦਾ ਨਿਵਾਸੀ ਦੱਸਿਆ ਗਿਆ ਹੈ, ਜੋ ਕਿ ਪੰਜਾਬ ਪੁਲਿਸ ਵਿੱਚ ਸੀਨੀਅਰ ਕਾਂਸਟੇਬਲ ਵਜੋਂ ਨੌਕਰੀ ਕਰਦਾ ਹੈ।
ਮੁਲਜ਼ਮ ਤੋਂ ਪੁੱਛਗਿੱਛ ਮਗਰੋਂ ਪੁਲਿਸ ਹੁਣ ਹੋਰਨਾਂ ਚਾਰ ਮੁਲਜ਼ਮਾਂ ਦੀ ਜਾਣਕਾਰੀ ਹਾਸਿਲ ਕਰ ਉਨ੍ਹਾਂ ਦੀ ਭਾਲ ਵਿੱਚ ਰੁਝ ਗਈ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਭਾਰਤੀ ਮੂਲ ਦੇ ਮੁੰਡੇ ਨਾਲ ਵਿਆਹ ਕਰਵਾਉਣ ਲਈ ਭਾਰਤ ਪਹੁੰਚੀ ਜਾਵੇਰੀਆ ਖ਼ਾਨਮ, ਇਨ੍ਹਾਂ ਦਿਨਾਂ ਦਾ ਮਿਲਿਆ ਵੀਜ਼ਾ