Subedar Neeraj Chopra: ਸੋਨ ਤਗਮਾ ਜਿੱਤਣ ਉੱਤੇ ਫੌਜ 'ਚ ਸੂਬੇਦਾਰ ਨੀਰਜ ਚੋਪੜਾ 'ਤੇ ਹੋਈ ਪੈਸਿਆਂ ਦੀ ਬਾਰਿਸ਼
Gold Boy Neeraj Chopra: ਭਾਰਤ ਦੇ ਸਟਾਰ ਅਥਲੀਟ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਹੰਗਰੀ ਦੀ ਰਾਜਧਾਨੀ ਬੁਡਾਪੇਸਟ 'ਚ ਹੋਈ ਇਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਜੈਵਲਿਨ ਥਰੋਅ ਵਿੱਚ 88.17 ਮੀਟਰ ਦੀ ਦੂਰੀ ਨਾਲ ਇਹ ਉਪਲਬਧੀ ਹਾਸਲ ਕਰਨ ਵਾਲੇ ਨੀਰਜ ਨੇ 86.32 ਮੀਟਰ, 84.64 ਮੀਟਰ, 87.73 ਮੀਟਰ ਅਤੇ 83.98 ਮੀਟਰ ਥਰੋਅ ਕੀਤੀ। ਹੁਣ ਗੋਲਡ ਮੈਡਲ ਜਿੱਤਣ ਤੋਂ ਬਾਅਦ ਉਹਨਾਂ ਉੱਤੇ ਪੈਸਿਆਂ ਦੀ ਬਾਰਿਸ਼ ਹੋ ਰਹੀ ਹੈ।
ਟੋਕੀਓ ਓਲੰਪਿਕ ਸੋਨ ਤਮਗਾ ਜਿੱਤ ਭਾਰਤ ਦੀ ਛਾਤੀ ਚੌੜੀ ਕਰਨ ਵਾਲੇ ਨੀਰਜ ਦੀ ਅਥਲੈਟਿਕਸ ਚੈਂਪੀਅਨਸ਼ਿਪ 'ਚ ਸ਼ੁਰੂਆਤ ਉਮੀਦ ਮੁਤਾਬਕ ਨਹੀਂ ਸੀ। ਉਨ੍ਹਾਂ ਦਾ ਪਹਿਲਾ ਥਰੋਅ ਫਾਊਲ ਰਿਹਾ, ਜਦਕਿ ਜਰਮਨੀ ਦਾ ਜੂਲੀਅਨ ਵੇਬਰ 85.79 ਮੀਟਰ ਦੀ ਥਰੋਅ ਨਾਲ ਸਿਖਰ 'ਤੇ ਰਿਹਾ। ਜਦੋਂ ਨੀਰਜ ਨੇ ਦੂਜੀ ਕੋਸ਼ਿਸ਼ ਕੀਤੀ ਤਾਂ ਸਾਰੇ ਦੇਖਦੇ ਹੀ ਰਹਿ ਗਏ। ਇਸ ਦੇ ਨਾਲ ਹੀ ਭਾਰਤੀ ਸਟਾਰ ਨੇ ਜੈਵਲਿਨ ਸੁੱਟਣ ਤੋਂ ਬਾਅਦ ਉਸ ਵੱਲ ਦੇਖਿਆ ਤੱਕ ਨਹੀਂ। ਜਿਵੇਂ ਕਿ ਉਨ੍ਹਾਂ ਨੂੰ ਯਕੀਨ ਸੀ ਕਿ ਇਹ ਥਰੋਅ ਸਭ ਤੋਂ ਵਧੀਆ ਹੋਣ ਵਾਲੀ ਹੈ। ਇਸ ਵਾਰ ਉਨ੍ਹਾਂ ਨੇ 88.17 ਮੀਟਰ ਦੀ ਥਰੋਅ ਕੀਤੀ, ਜਿਸ ਨਾਲ ਉਨ੍ਹਾਂ ਸੋਨ ਤਗਮਾ ਪਕਾ ਕਰ ਲਿਆ।
'ਨੀਰਜ 'ਤੇ ਸਾਨੂੰ ਮਾਣ'
ਭਾਰਤੀ ਫੌਜ ਨੇ ਸੂਬੇਦਾਰ ਨੀਰਜ ਚੋਪੜਾ ਨੂੰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਵਿੱਚ 88.17 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਣ ਲਈ ਵਧਾਈ ਦਿੱਤੀ। ਕਾਬਲੇਗੌਰ ਹੈ ਕਿ ਬਹੁਤੇ ਲੋਕ ਇਸ ਤੱਥ ਤੋਂ ਅਣਜਾਣ ਨੇ ਕਿ ਨੀਰਜ ਚੋਪੜਾ ਫੌਜ 'ਚ ਸੂਬੇਦਾਰ ਦੇ ਅਹੁਦੇ 'ਤੇ ਤਾਇਨਾਤ ਹਨ। ਭਾਰਤੀ ਫੌਜ ਨੇ 'ਐਕਸ' 'ਤੇ ਵਧਾਈ ਦਿੰਦਿਆਂ ਲਿਖਿਆ, "ਨੀਰਜ ਚੋਪੜਾ ਨੇ ਇਕ ਵਾਰ ਫਿਰ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ। ਭਾਰਤੀ ਫੌਜ ਵੱਲੋਂ ਬੁਡਾਪੇਸਟ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2023 ਵਿੱਚ ਜੈਵਲਿਨ ਥਰੋਅ ਵਿੱਚ 88.17 ਮੀਟਰ ਦੀ ਥਰੋਅ ਨਾਲ ਗੋਲਡ ਮੈਡਲ ਜਿੱਤਣ ਲਈ ਸੂਬੇਦਾਰ ਨੀਰਜ ਚੋਪੜਾ ਨੂੰ ਵਧਾਈ।"
ਜਿੱਤ ਉੱਤੇ ਮਿਲੇ 70 ਹਾਜ਼ਰ ਡਾਲਰ
ਨੀਰਜ ਚੋਪੜਾ ਨੂੰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ 'ਤੇ 70 ਹਜ਼ਾਰ ਡਾਲਰ ਯਾਨੀ ਲਗਭਗ 58 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਅਰਸ਼ਦ ਨਦੀਮ ਦੂਜੇ ਸਥਾਨ 'ਤੇ ਰਹੇ। ਅਰਸ਼ਦ ਨਦੀਮ ਨੂੰ 35 ਹਜ਼ਾਰ ਡਾਲਰ ਯਾਨੀ ਕਰੀਬ 29 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਹੈ।
ਅਰਸ਼ਦ ਨਦੀਮ ਨਾਲ ਰੰਜਿਸ਼ 'ਤੇ ਬੋਲੇ ਨੀਰਜ
ਭਾਰਤ-ਪਾਕਿ ਮੁਲਕਾਂ ਦੀ ਦੁਸ਼ਮਣੀ 'ਤੇ ਨੀਰਜ ਨੇ 'ਆਜ ਤੱਕ' ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਲੋਕਾਂ ਨੇ ਹੁਣ ਮੇਰੇ ਅਤੇ ਅਰਸ਼ਦ ਨਦੀਮ ਵਿਚਾਲੇ ਦੁਸ਼ਮਣੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਅਸੀਂ ਇਸ ਬਾਰੇ ਜ਼ਿਆਦਾ ਨਹੀਂ ਸੋਚਦੇ। ਮੈਂ ਮੁਕਾਬਲੇ ਦੌਰਾਨ ਆਪਣੇ ਫ਼ੋਨ ਦੀ ਜ਼ਿਆਦਾ ਵਰਤੋਂ ਨਹੀਂ ਕਰਦਾ ਪਰ ਅੱਜ ਮੈਂ ਇੰਟਰਨੈੱਟ 'ਤੇ ਇੱਕ ਚੀਜ਼ ਦੇਖੀ ਕਿ ਉਹ ਭਾਰਤ ਬਨਾਮ ਪਾਕਿਸਤਾਨ ਕਹਿ ਰਹੇ ਸਨ। ਇਸੇ ਲਈ ਬਾਹਰਲੇ ਲੋਕ ਇਸ ਨੂੰ ਰੰਜਿਸ਼ ਬਣਾ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।
ਨੀਰਜ ਨੇ ਅੱਗੇ ਹਿੰਦੀ ਨਿਊਜ਼ ਚੈਨਲ ਨੂੰ ਕਿਹਾ ਕਿ ਮੈਦਾਨ 'ਤੇ ਕਈ ਯੂਰਪੀਅਨ ਥ੍ਰੋਅਰ ਹਨ, ਜਿਨ੍ਹਾਂ ਨੂੰ ਹਰਾਉਣਾ ਬਹੁਤ ਮੁਸ਼ਕਲ ਹੈ। ਮੈਂ ਜਾਣਦਾ ਹਾਂ ਕਿ ਏਸ਼ੀਆਈ ਖੇਡਾਂ ਤੋਂ ਪਹਿਲਾਂ ਲੋਕ ਫਿਰ ਤੋਂ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨਗੇ ਪਰ ਮੈਂ ਇਸ ਨਾਲ ਠੀਕ ਹਾਂ। ਉਨ੍ਹਾਂ ਨੇ ਕਿਹਾ ਕਿ ਅਰਸ਼ਦ ਨਦੀਮ ਨਾਲ ਚੰਗੀ ਸਾਂਝ ਹੈ, ਮੈਂ ਉਸ ਲਈ ਖੁਸ਼ ਹਾਂ। ਫਾਈਨਲ ਤੋਂ ਬਾਅਦ ਸਾਡੀ ਗੱਲਬਾਤ ਹੋਈ। ਉਹ ਖੁਸ਼ ਸੀ ਕਿ ਭਾਰਤ ਅਤੇ ਪਾਕਿਸਤਾਨ ਅੱਗੇ ਵਧ ਰਹੇ ਹਨ। ਯੂਰਪੀਅਨਾਂ ਨੇ ਸਰਕਟ 'ਤੇ ਇੰਨੀ ਚੰਗੀ ਤਰ੍ਹਾਂ ਦਬਦਬਾ ਬਣਾਇਆ ਹੈ ਕਿ ਇਹ ਚੰਗੀ ਗੱਲ ਹੈ ਕਿ ਭਾਰਤ ਅਤੇ ਪਾਕਿਸਤਾਨ ਹੁਣ ਸਿਖਰ 'ਤੇ ਹਨ।
ਪੈਰਿਸ ਓਲੰਪਿਕ 2024 ਲਈ ਕੁਆਲੀਫਾਈ
ਨੀਰਜ ਚੋਪੜਾ ਪਹਿਲਾਂ ਹੀ ਫਾਈਨਲ 'ਚ ਪ੍ਰਵੇਸ਼ ਕਰਕੇ ਪੈਰਿਸ ਓਲੰਪਿਕ 2024 ਲਈ ਕੁਆਲੀਫਾਈ ਕਰ ਚੁੱਕੇ ਹਨ। ਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸ਼ਿਪ ਤੋਂ ਇਲਾਵਾ ਟੋਕੀਓ ਓਲੰਪਿਕ (2021), ਏਸ਼ੀਆਈ ਖੇਡਾਂ (2018), ਰਾਸ਼ਟਰਮੰਡਲ ਖੇਡਾਂ (2018) ਵਿੱਚ ਵੀ ਗੋਲਡ ਜਿੱਤੇ ਹਨ।
ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਨੀਰਜ ਨੂੰ ਵਧਾਈ ਦਿੰਦੇ ਹੋਏ, ਪੀ.ਐਮ. ਨਰਿੰਦਰ ਮੋਦੀ ਨੇ ਲਿਖਿਆ, "ਪ੍ਰਤਿਭਾਸ਼ਾਲੀ ਨੀਰਜ ਚੋਪੜਾ ਉੱਤਮਤਾ ਦੀ ਇੱਕ ਉਦਾਹਰਣ ਹੈ। ਉਸਦੀ ਵਚਨਬੱਧਤਾ, ਜਨੂੰਨ ਅਤੇ ਭਾਵਨਾ ਉਸਨੂੰ ਅਥਲੈਟਿਕਸ ਵਿੱਚ ਹੀ ਨਹੀਂ ਬਲਕਿ ਪੂਰੇ ਖੇਡ ਜਗਤ ਵਿੱਚ ਬੇਮਿਸਾਲ ਉੱਤਮਤਾ ਦਾ ਪ੍ਰਤੀਕ ਬਣਾਉਂਦੀ ਹੈ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ 'ਤੇ ਵਧਾਈਆਂ।"
ਉੱਥੇ ਹੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਨੀਰਜ ਚੋਪੜਾ ਨੇ ਅਜਿਹਾ ਫਿਰ ਕਰ ਦਿਖਾਇਆ ਹੈ। ਭਾਰਤੀ ਅਥਲੈਟਿਕਸ ਦੇ ਗੋਲਡਨ ਬੁਆਏ ਨੇ ਬੁਡਾਪੇਸਟ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਨਾਲ ਉਹ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਨ੍ਹਾਂ ਅੱਗੇ ਲਿਖਿਆ, ''ਪੂਰੇ ਦੇਸ਼ ਨੂੰ ਤੁਹਾਡੀਆਂ ਉਪਲਬਧੀਆਂ 'ਤੇ ਮਾਣ ਹੈ। ਇਹ ਪਲ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ।"