ਗੌਤਮ ਅਡਾਨੀ ਟਾਪ 20 ਅਰਬਪਤੀਆਂ ਦੀ ਸੂਚੀ 'ਚੋਂ ਬਾਹਰ

By  Pardeep Singh February 3rd 2023 01:59 PM

ਨਵੀਂ ਦਿੱਲੀ: ਅਮਰੀਕੀ ਰਿਸਰਚ ਫਰਮ ਹਿੰਡੇਨਬਰਗ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਅਡਾਨੀ ਗਰੁੱਪ ਦੀ ਕੰਪਨੀ ਦੇ ਸ਼ੇਅਰਾਂ 'ਚ ਸੁਨਾਮੀ ਆ ਗਈ ਹੈ। ਜਿਸ ਨੇ ਗੌਤਮ ਅਡਾਨੀ ਦੇ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਗੁਜ਼ਰਦਾ ਦਿਨ ਉਸਦੀ ਕੁੱਲ ਕੀਮਤ ਵਿੱਚ ਵੱਡੀ ਗਿਰਾਵਟ ਲਿਆ ਰਿਹਾ ਹੈ। ਇਸ ਦੇ ਨਤੀਜੇ ਵਜੋਂ ਗੌਤਮ ਅਡਾਨੀ ਹੁਣ ਦੁਨੀਆ ਦੇ 20 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਤੋਂ ਬਾਹਰ ਹੋ ਗਿਆ ਹੈ।

ਅਡਾਨੀ ਨੂੰ 10 ਦਿਨਾਂ ਵਿੱਚ 52 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।ਸੂਚੀ ਵਿੱਚ 21ਵੇਂ ਸਥਾਨ 'ਤੇ ਖਿਸਕ ਗਿਆ ਹੈ। ਉਸ ਦੀ ਕੁੱਲ ਜਾਇਦਾਦ ਘਟ ਕੇ 61.3 ਬਿਲੀਅਨ ਡਾਲਰ ਰਹਿ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਉਸਨੂੰ 10.7 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਦੂਜੇ ਪਾਸੇ, ਫੋਰਬਸ ਦੀ ਰੀਅਲ ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ, ਉਹ 55.8 ਬਿਲੀਅਨ ਡਾਲਰ ਦੀ ਸੰਪਤੀ ਨਾਲ 22ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਗੌਤਮ ਅਡਾਨੀ 64.7 ਬਿਲੀਅਨ ਡਾਲਰ ਨਾਲ ਵੀਰਵਾਰ ਨੂੰ ਦੁਨੀਆ ਦੇ ਅਮੀਰਾਂ ਦੀ ਸੂਚੀ 'ਚ 16ਵੇਂ ਨੰਬਰ 'ਤੇ ਸਨ।

ਸਿਰਫ 24 ਘੰਟਿਆਂ 'ਚ ਉਹ 5 ਸਥਾਨ ਹੇਠਾਂ ਖਿਸਕ ਕੇ 21ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਨੁਕਸਾਨ ਦੀ ਗੱਲ ਕਰੀਏ ਤਾਂ ਬਲੂਮਬਰਗ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉਸ ਨੂੰ 59.2 ਬਿਲੀਅਨ ਡਾਲਰ ਦੀ ਦੌਲਤ ਦਾ ਨੁਕਸਾਨ ਹੋਇਆ ਹੈ। ਪਿਛਲੇ 10 ਦਿਨਾਂ ਵਿਚ ਹੀ ਉਸ ਨੂੰ 52 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ।


Related Post