ਗਤਕੇ ਦਾ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਹੋਣਾ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ: ਆਲ ਇੰਡੀਆ ਗਤਕਾ ਫੈਡਰੇਸ਼ਨ

By  Jasmeet Singh May 17th 2023 04:45 PM -- Updated: May 17th 2023 04:52 PM

ਮੋਹਾਲੀ: ਇੰਡੀਅਨ ਉਲੰਪਿਕ ਐਸੋਸੀਏਸ਼ਨ ਦੁਆਰਾ ਗਤਕੇ ਨੂੰ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਕਰਨਾ ਸਮੁੱਚੇ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈਪੀਐਸ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਾਜਿੰਦਰ ਸਿੰਘ ਸੋਹਲ ਨੇ ਕੀਤਾ।

ਪ੍ਰੈਸ ਨੂੰ ਜਾਰੀ ਸਾਂਝੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਸ ਸਾਲ ਅਕਤੂਬਰ ਵਿਚ ਗੋਆ ਵਿਖੇ ਹੋਣ ਵਾਲੀਆਂ 37ਵੀ ਨੈਸ਼ਨਲ ਖੇਡਾਂ -2023 ਵਿੱਚ ਇੰਡੀਅਨ ਉਲੰਪਿਕ ਐਸੋਸੀਏਸ਼ਨ ਵਲੋਂ ਗਤਕੇ ਨੂੰ ਰਾਸ਼ਟਰੀ ਖੇਡ ਵਜੋਂ ਮਾਨਤਾ ਦਿੰਦੇ ਹੋਏ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਗਤਕਾ ਖੇਡਣ ਵਾਲੇ ਖਿਡਾਰੀਆਂ ਵਿੱਚ ਬੇਹੱਦ ਉਤਸ਼ਾਹ ਅਤੇ ਖੁਸ਼ੀ ਪਾਈ ਜਾ ਰਹੀ ਹੈ।


ਹਰਚਰਨ ਸਿੰਘ ਭੁੱਲਰ ਆਈਪੀਐਸ ਨੇ ਕਿਹਾ ਕਿ ਗਤਕਾ ਖੇਡ ਨੂੰ ਇਸ ਵੱਡੇ ਮੁਕਾਮ ਤੱਕ ਪਹੁੰਚਾਉਣ ਲਈ ਗੱਤਕਾ ਫੈਡਰੇਸ਼ਨ ਆਫ ਇੰਡੀਆ ਲੰਬੇ ਸਮੇਂ ਤੋਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਸੀ ਅਤੇ ਹੁਣ ਆਖਰਕਾਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ। ਇੰਡੀਅਨ ਓਲੰਪਿਕ ਐਸੋਸੀਏਸ਼ਨ ਦੁਆਰਾ ਗਤਕੇ ਨੂੰ ਰਾਸ਼ਟਰੀ ਖੇਡ ਵਜੋਂ ਮਾਨਤਾ ਮਿਲਣ ਨਾਲ ਇਹ ਖੇਡ ਨਵੀਆਂ ਬੁਲੰਦੀਆਂ ਨੂੰ ਛੂਹੇਗੀ।

ਡਾਕਟਰ ਰਜਿੰਦਰ ਸਿੰਘ ਸੋਹਲ ਜੋ ਕਿ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਆਲ ਇੰਡੀਆ ਗਤਕਾ ਫੈਡਰੇਸ਼ਨ ਦੇ ਵਾਈਸ ਪ੍ਰਧਾਨ ਵੀ ਹਨ, ਨੇ ਗਤਕੇ ਨੂੰ ਰਾਸ਼ਟਰੀ ਖੇਡਾਂ ਵਿਚ ਸ਼ਾਮਲ ਹੋਣ ਤੇ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਹੋਵੇਗੀ ਅਤੇ ਉਨ੍ਹਾਂ ਲਈ ਸਫ਼ਲਤਾ ਦੇ ਹੋਰ ਨਵੇਂ ਰਸਤੇ ਵੀ ਖੁੱਲਣਗੇ।


ਬਲਜਿੰਦਰ ਸਿੰਘ ਤੂਰ ਜਨਰਲ ਸਕੱਤਰ ਗਤਕਾ ਫੈਡਰੇਸ਼ਨ ਆਫ ਇੰਡੀਆ ਨੇ ਸਮੂਹ ਗਤਕਾ ਖਿਡਾਰੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਇੰਡੀਅਨ ਉਲੰਪਿਕ ਐਸੋਸੀਏਸ਼ਨ ਵੱਲੋਂ ਇਸ ਖੇਡ ਨੂੰ ਰਾਸ਼ਟਰੀ ਖੇਡ ਵਜੋਂ ਮਾਨਤਾ ਮਿਲਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤੀ ਖੇਡ ਗਤਕੇ ਨਾਲ ਜੁੜਣ ਵਿੱਚ ਹੋਰ ਵੀ ਵਧੇਰੇ ਮਾਣ ਮਹਿਸੂਸ ਹੋਵੇਗਾ।

ਇਸ ਮੌਕੇ ਆਲ ਇੰਡੀਆ ਗਤਕਾ ਫੈਡਰੇਸ਼ਨ ਨੇ ਇੰਡੀਅਨ ਉਲੰਪਿਕ ਐਸੋਸੀਏਸ਼ਨ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ, ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪੀਟੀ ਊਸ਼ਾ, ਖੇਡਾਂ ਦੀ ਤਕਨੀਕੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਅਮਿਤਾਭ ਸ਼ਰਮਾ ਅਤੇ ਬਾਕੀ ਮੈਂਬਰ ਸਾਹਿਬਾਨਾਂ ਦਾ ਵੀ ਧੰਨਵਾਦ ਕੀਤਾ।

ਜਲੰਧਰ ਜ਼ਿਮਨੀ ਚੋਣ 'ਚ ਜਿੱਤ ਮਗਰੋਂ ਸਰਕਾਰ ਦੀ ਪਲੇਠੀ ਕੈਬਨਿਟ ਮੀਟਿੰਗ ਦੇ ਅਹਿਮ ਫੈਸਲੇ

Related Post