ਲੁਧਿਆਣਾ ਸਥਿਤ ਫੈਕਟਰੀ ਚ ਗੈਸ ਲੀਕ, ਮਜ਼ਦੂਰਾਂ ਸਣੇ ਨੇੜਲੇ ਸਕੂਲ ਦੇ ਬੱਚੇ ਹੋਏ ਬੇਹੋਸ਼
ਲੁਧਿਆਣਾ, 1 ਨਵੰਬਰ: ਲੁਧਿਆਣਾ ਦੇ ਗਿਆਸਪੁਰਾ ਸਥਿਤ ਇਕ ਫੈਕਟਰੀ ਵਿਚ ਕਾਰਬਨ ਡਾਈਆਕਸਾਈਡ (CO2) ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਿਹਾ ਕਿ ਦੋ ਕਿਲੋਮੀਟਰ ਤੱਕ ਦੇ ਇਲਾਕੇ 'ਚ ਇਹ ਗੈਸ ਫੈਲ ਚੁੱਕੀ ਹੈ ਜਿਸ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਲਾਕੇ 'ਚ ਮੰਗਲਵਾਰ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਲਾਕੇ ਦੀ ਇਕ ਫੈਕਟਰੀ 'ਚ CO2 ਗੈਸ ਲੀਕ ਹੋਣ ਲੱਗੀ। ਗੈਸ ਲੀਕ ਹੋਣ ਤੋਂ ਬਾਅਦ ਫੈਕਟਰੀ ਅੰਦਰ ਕੰਮ ਕਰ ਰਹੇ ਸਾਰੇ ਕਰਮਚਾਰੀ ਬਾਹਰ ਭੱਜੇ ਅਤੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੀ ਟੀਮ, ਫਾਇਰ ਵਿਭਾਗ ਦੀਆਂ ਟੀਮਾਂ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਵੱਲੋਂ ਆਲੇ-ਦੁਆਲੇ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਜੋ ਗੈਸ ਲੀਕ ਹੋਣ ਕਾਰਨ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।
ਆਕਸੀਜਨ ਪਲਾਂਟ ਵਿੱਚ ਕਾਰਬਨ ਡਾਈਆਕਸਾਈਡ ਲੀਕ ਹੋਣ ਨਾਲ ਹਫੜਾ-ਦਫੜੀ ਮਚ ਗਈ ਤੇ ਗੈਸ ਚੜ੍ਹਨ ਕਾਰਨ ਕਈ ਵਿਅਕਤੀਆਂ ਦੀ ਸਿਹਤ ਵਿਗੜ ਗਈ ਅਤੇ ਇਸ ਕਾਰਨ ਨੇੜੇ ਸਥਿਤ ਗੌਰਵ ਨਿਟਵੀਅਰ ਫੈਕਟਰੀ 'ਚ ਕੰਮ ਕਰਦੇ 5 ਵਿਅਕਤੀ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਸ਼ੁਰੂ ਵਿਚ ਸੂਤਰਾਂ ਤੋਂ ਇਹ ਜਾਣਕਾਰੀ ਵੀ ਸਾਹਮਣੇ ਆਈ ਸੀ ਕਿ ਗੈਸ ਲੀਕ ਨਾਲ ਨੇੜਲੇ ਸਕੂਲ ਦੇ ਬੱਚੇ ਵੀ ਬੇਹੋਸ਼ ਹੋਏ ਸਨ ਹਾਲਾਂਕਿ ਇਸਦੀ ਅਧਿਕਾਰਿਤ ਪੁਸ਼ਟੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: ਗੈਂਗਸਟਰਾਂ ਦੇ ਲੁਕੇ ਹੋਣ ਦੀ ਖ਼ੁਫ਼ੀਆ ਸੂਚਨਾ ਮਗਰੋਂ ਪੁਲਿਸ ਛਾਉਣੀ 'ਚ ਤਬਦੀਲ ਹੋਇਆ ਪਿੰਡ
ਇਸ ਦੇ ਨਾਲ ਹੀ ਐਨਡੀਆਰਐਫ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ।ਏਡੀਸੀ ਜਨਰਲ ਰਾਹੁਲ ਚਾਬਾ ਨੇ ਦੱਸਿਆ ਕਿ ਇਹ ਘਟਨਾ ਸਵੇਰੇ 7:15 ਵਜੇ ਦੇ ਕਰੀਬ ਵਾਪਰੀ। ਜਦੋਂ ਤਰਲ ਗੈਸ ਦਾ ਕੰਟੇਨਰ ਪਹੁੰਚਿਆ ਅਤੇ ਇਸ ਦੌਰਾਨ ਸੇਫਟੀ ਵਾਲਵ ਤੋਂ ਗੈਸ ਲੀਕ ਹੋ ਗਈ।
ਉਨ੍ਹਾਂ ਦੱਸਿਆ ਕਿ ਫੋਰਮੈਨ ਨੇ ਸਮਝਦਾਰੀ ਦਿਖਾਉਂਦੀਆਂ ਜਿਥੋਂ ਗੈਸ ਲੀਕ ਹੁੰਦੀ ਸੀ ਉਸ ਬੰਨ੍ਹ ਦੇ ਮੂੰਹ ਨੂੰ ਗਿੱਲੇ ਕੱਪੜੇ ਨਾਲ ਬੰਦ ਕਰ ਦਿੱਤਾ ਅਤੇ ਆਕਸੀਜਨ ਵਾਲੇ ਵਾਲਵ ਨੂੰ ਖੋਲ੍ਹ ਦਿੱਤਾ ਤਾਂ ਜੋ ਵਾਯੂਮੰਡਲ ਵਿਚ ਆਕਸੀਜਨ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਆਕੀ ਐਨਡੀਆਰਐਫ ਦੀਆਂ ਟੀਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਬਠਿੰਡਾ ਤੋਂ ਵੀ ਵਿਸ਼ੇਸ਼ ਦਸਤਾ ਪਹੁੰਚ ਰਿਹਾ ਹੈ। ਫਿਲਹਾਲ ਸਥਿਤੀ ਕਾਬੂ ਹੇਠ ਹੈ। ਜਿਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਉਨ੍ਹਾਂ ਦੀ ਹਾਲਤ ਵੀ ਠੀਕ ਹੈ। NDRF ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।