ਗੜ੍ਹਦੀਵਾਲ: ਕਾਰਸੇਵਾ ਵਾਲਿਆਂ ਨੇ ਆਰੰਭੀ ਵਿਸ਼ਵਕਰਮਾ ਮੰਦਿਰ ਦੇ ਨਵੇਂ ਸਿਰੇ ਤੋਂ ਉਸਾਰੀ ਦੀ ਸੇਵਾ

By  Jasmeet Singh August 26th 2023 09:17 PM

ਗੜ੍ਹਦੀਵਾਲ: ਕਸਬੇ ਦੇ ਮੰਡੀ ਰੋਡ 'ਤੇ ਸਥਿਤ ਬਾਬਾ ਵਿਸ਼ਵਕਰਮਾ ਮੰਦਿਰ ਦੀ ਨਵੇਂ ਸਿਰਿਓਂ ਉਸਾਰੀ ਲਈ ਬੀਤੀ 24 ਅਗਸਤ ਨੂੰ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਵੱਲੋਂ ਮੰਦਿਰ ਦਾ ਨੀਂਹ-ਪੱਥਰ ਰੱਖਿਆ ਗਿਆ। 

ਪਹਿਲਾਂ ਮੰਦਿਰ ਦੇ ਪੁਜਾਰੀ ਪੰਡਿਤ ਸੁਦੇਸ਼ ਸ਼ਰਮਾ ਵੱਲੋਂ ਪੂਰੀ ਵਿਧੀ ਮੁਤਾਬਕ ਵੇਦਾਂ ਦੇ ਮੰਤਰਾਂ ਦਾ ਜਾਪ ਕਰ ਪੂਜਾ ਅਰਚਨਾ ਕੀਤੀ ਗਈ। ਜਿਸ ਮਗਰੋਂ ਸੰਤ ਬਾਬਾ ਸਰੂਪ ਸਿੰਘ ਜੀਆਂ ਵੱਲੋਂ ਸੰਗਤੀ ਰੂਪ ਵਿੱਚ ਸ੍ਰੀ ਚੌਪਈ ਸਾਹਿਬ ਦਾ ਪਾਠ ਕਰ ਅਰਦਾਸ ਕਰ 'ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਸੰਗਤਾਂ ਦੀ ਹਾਜ਼ਰੀ 'ਚ ਮੰਦਿਰ ਦਾ ਨੀਂਹ-ਪੱਥਰ ਰੱਖਿਆ। 


ਇਸ ਦਰਮਿਆਨ ਉਨ੍ਹਾਂ ਕਿਹਾ "ਅੱਜ ਰਾਮਗੜ੍ਹੀਆ ਸਭਾ ਵੱਲੋਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਜੀ ਦੇ ਮੰਦਿਰ ਦੇ ਨਵੇਂ ਸਿਰੇ ਤੋਂ ਉਸਾਰੀ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਮੈਂ ਸਮੂਹ ਸੰਗਤਾਂ ਨੂੰ ਤਨ, ਮਨ, ਧਨ ਨਾਲ ਸੇਵਾ 'ਚ ਸ਼ਾਮਲ ਹੋਣ ਦੀ ਗੁਜ਼ਾਰਿਸ਼ ਕਰਦਾ ਹਾਂ, ਤਾਂ ਜੋ ਬਾਬਾ ਵਿਸ਼ਵਕਰਮਾ ਜੀ ਦੇ ਦਿਵਸ ਤੋਂ ਪਹਿਲਾਂ ਇਸ ਮੰਦਿਰ ਦੀ ਉਸਾਰੀ ਦਾ ਕੰਮ ਨੇਪਰੇ ਚਾੜ੍ਹਿਆ ਜਾ ਸਕੇ।"

ਉਨ੍ਹਾਂ ਅੱਗੇ ਕਿਹਾ, "ਬਾਬਾ ਵਿਸ਼ਵਕਰਮਾ ਜੀ ਦਾ ਇਤਿਹਾਸ ਵਿੱਚ ਇੱਕ ਵੱਖਰਾ ਸਥਾਨ ਹੈ ਅਤੇ ਬਾਬਾ ਵਿਸ਼ਵਕਰਮਾ ਜੀ ਦੀ ਮੂਰਤੀ ਵਿਸ਼ੇਸ਼ ਤੌਰ 'ਤੇ ਰਾਜਸਥਾਨ ਤੋਂ ਮੰਗਵਾਂ ਕੇ ਇਸ ਮੰਦਿਰ 'ਚ ਸਥਾਪਿਤ ਕੀਤੀ ਜਾਵੇਗੀ।"



ਉਨ੍ਹਾਂ ਇਲਾਕਾਂ ਨਿਵਾਸੀਆਂ ਅਤੇ ਦੇਸ਼, ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਮੰਦਿਰ ਦੀ ਨਵੇਂ ਸਿਰੇਂ ਤੋਂ ਉਸਾਰੀ ਲਈ ਵੱਡਮੁਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਬਾਬਾ ਸਰੂਪ ਸਿੰਘ ਚੰਡੀਗੜ੍ਹ ਦੇ ਸੈਕਟਰ 38 ਸਥਿਤ ਗੁਰਦੁਆਰਾ ਸੰਤਸਰ ਸਾਹਿਬ ਦੇ ਮੁੱਖ ਸੇਵਾਦਾਰ ਹਨ। ਜਿਨ੍ਹਾਂ ਆਪਣੀ ਪੂਰੀ ਜ਼ਿੰਦਗੀ ਪੰਜਾਬ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ 'ਚ ਪਿੰਡਾਂ ਅਤੇ ਸ਼ਹਿਰਾਂ 'ਚ ਗੁਰਮਤਿ ਪ੍ਰਚਾਰ ਅਤੇ ਧਾਰਮਿਕ ਅਸਥਾਨਾਂ ਦੀ ਕਾਰਸੇਵਾ 'ਚ ਲਾ ਦਿੱਤੀ ਹੈ। 

ਉਨ੍ਹਾਂ ਧਰਮ ਅਤੇ ਜਾਤ-ਪਾਤ ਤੋਂ ਨਿਰਪੱਖ ਉੱਤੇ ਉੱਠ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ ਗੁਰੂ ਘਰਾਂ ਦੀ ਕਾਰਸੇਵਾ ਦੀ ਮਹਾਨ ਸੇਵਾ ਨਿਭਾਈ ਹੈ, ਉੱਥੇ ਹੀ ਚੰਡੀਗੜ੍ਹ ਵਰਗੇ ਸ਼ਹਿਰ 'ਚ ਅਤੇ ਪੰਜਾਬ ਦੇ ਹੋਰ ਅਸਥਾਨ 'ਤੇ ਮੰਦਿਰਾਂ ਦੀ ਕਾਰਸੇਵਾ ਦਾ ਕਾਰਜ ਵੀ ਉਸੇ ਤਨ ਦੇਹੀ ਨਿਭਾਇਆ ਹੈ।

Related Post