ਗੈਂਗਸਟਰ ਗੋਲਡੀ ਬਰਾੜ ਨੇ ਕਬੂਲਿਆ ਮੂਸੇਵਾਲੇ ਦਾ ਕਤਲ; ਆਡੀਓ ਇੰਟਰਵਿਊ 'ਚ ਕੀਤਾ ਇਹ ਦਾਅਵਾ
ਗੈਂਗਸਟਰ ਗੋਲਡੀ ਬਰਾੜ ਨੇ ਇੱਕ ਵਾਰ ਫਿਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲ ਲਈ ਹੈ ਅਤੇ ਇਸ ਜੁਰਮ ਪਿੱਛੇ ਆਪਣਾ ਮਕਸਦ ਵੀ ਦੱਸਿਆ ਹੈ।
ਪੀ.ਟੀ.ਸੀ ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਗੋਲਡੀ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਦੀ ਗੱਲ ਵੀ ਕਬੂਲੀ ਹੈ ਅਤੇ ਇਸ ਅਪਰਾਧ ਦੇ ਪਿੱਛੇ ਆਪਣਾ ਮਕਸਦ ਵੀ ਦੱਸਿਆ ਹੈ। ਕੁਝ ਦਿਨ ਪਹਿਲਾਂ ਮਸ਼ਹੂਰ ਰੈਪਰ ਹਨੀ ਸਿੰਘ ਨੇ ਵੀ ਮੀਡੀਆ ਦੇ ਸਾਹਮਣੇ ਆ ਕੇ ਦੱਸਿਆ ਸੀ ਕਿ ਉਸਨੂੰ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਗੋਲਡੀ ਬਰਾੜ ਨੇ ਮੰਨਿਆ ਕਿ ਉਨ੍ਹੇ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਨਿੱਜੀ ਕਾਰਨਾਂ ਕਰਕੇ ਮਾਰਿਆ ਹੈ। ਉਸਨੇ ਇਹ ਵੀ ਖੁਲਾਸਾ ਕੀਤਾ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਉਸ ਦੀ ਸੂਚੀ 'ਚ ਅਗਲੇ ਨੰਬਰ 'ਤੇ ਹੈ। ਗੋਲਡੀ ਇਸ ਸਮੇਂ ਕਿੱਥੇ ਹੈ, ਇਸ ਬਾਰੇ ਕੋਈ ਨਹੀਂ ਜਾਣਦਾ ਪਰ ਉਸ ਦੇ ਇਕਬਾਲ ਨੇ ਇਕ ਵਾਰ ਫਿਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਗੋਲਡੀ ਨੇ ਇੰਡੀਆ ਟੂਡੇ ਨੂੰ ਦੱਸਿਆ, "ਹਾਂ, ਮੈਂ ਸਿੱਧੂ ਮੂਸੇਵਾਲਾ ਨੂੰ ਮਾਰਿਆ ਹੈ। ਸਿੱਧੂ ਦੇ ਕਤਲ ਪਿੱਛੇ ਨਿੱਜੀ ਕਾਰਨ ਹੈ। ਸਿੱਧੂ ਨੂੰ ਬੇਲੋੜੀ ਤਾਕਤ ਮਿਲੀ ਅਤੇ ਉਸਨੂੰ ਸਬਕ ਸਿਖਾਇਆ ਗਿਆ ਹੈ।" ਗੋਲਡੀ ਨੇ ਇਹ ਵੀ ਕਿਹਾ, "ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਇਹ ਸਿਰਫ ਸਲਮਾਨ ਖਾਨ ਦੀ ਗੱਲ ਨਹੀਂ ਹੈ। ਜਦੋਂ ਤੱਕ ਅਸੀਂ ਜਿੰਦਾ ਹਾਂ ਅਸੀਂ ਆਪਣੇ ਸਾਰੇ ਦੁਸ਼ਮਣਾਂ ਦੇ ਵਿਰੁੱਧ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ। ਸਲਮਾਨ ਖਾਨ ਸਾਡਾ ਨਿਸ਼ਾਨਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਅਤੇ ਜਦੋਂ ਅਸੀਂ ਸਫਲ ਹੋ ਜਾਂਦੇ ਹਾਂ, ਤੁਹਾਨੂੰ ਪਤਾ ਲੱਗ ਜਾਵੇਗਾ।"
ਪਿਛਲੇ ਦਿਨੀਂ ਇੱਕ ਇੰਟਰਵਿਊ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਅਭਿਨੇਤਾ ਸਲਮਾਨ ਖਾਨ ਨੂੰ ਮਾਰਨ ਦੀ ਖੁੱਲੀ ਚੁਣੌਤੀ ਦਿੱਤੀ ਸੀ। 'ਏਬੀਪੀ ਨਿਊਜ਼' ਨਾਲ ਗੱਲਬਾਤ 'ਚ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਦੇ ਅੰਦਰੋਂ ਐਕਟਰ ਦੀ ਮੌਤ ਨੂੰ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਟੀਚਾ ਦੱਸਿਆ ਸੀ।
ਇਹ ਵੀ ਪੜ੍ਹੋ: ਜਾਨੋਂ ਮਾਰਨ ਦੀਆਂ ਧਮਕੀਆਂ ਦੇ ਵਿਚਕਾਰ, ਅਭਿਨੇਤਾ ਸਲਮਾਨ ਖਾਨ ਨੇ ਖਰੀਦੀ ਬੁਲੇਟਪਰੂਫ SUV
ਹਨੀ ਸਿੰਘ ਨੂੰ ਵੀ ਜਾਨੋਂ ਮਾਰਨ ਦੀ ਧਮਕੀ
ਹਾਲ ਹੀ 'ਚ ਹਨੀ ਸਿੰਘ ਨੂੰ ਗੈਂਗਸਟਰ ਗੋਲਡੀ ਬਰਾੜ ਤੋਂ ਜਾਨੋਂ ਮਾਰਨ ਦੀ ਧਮਕੀ ਵਾਲਾ ਵੌਇਸ ਨੋਟ ਵੀ ਮਿਲਿਆ ਸੀ। ਹਨੀ ਸਿੰਘ ਨੇ ਤੁਰੰਤ ਇਸ ਬਾਰੇ ਦਿੱਲੀ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਰੈਪਰ ਨੇ ਦੱਸਿਆ ਕਿ ਜਦੋਂ ਉਹ ਅਮਰੀਕਾ ਵਿੱਚ ਸੀ ਤਾਂ ਉਸ ਦੇ ਮੈਨੇਜਰ ਨੂੰ ਗੋਲਡੀ ਬਰਾੜ ਵੱਲੋਂ ਧਮਕੀ ਭਰੇ ਵੌਇਸ ਨੋਟ ਮਿਲੇ ਸਨ। ਹਨੀ ਸਿੰਘ ਨੇ ਕਿਹਾ ਸੀ ਕਿ ਉਹ ਡਰਿਆ ਹੋਇਆ ਹੈ। ਉਸ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਧਮਕੀ ਮਿਲੀ ਹੈ। ਉਸ ਨੇ ਦੱਸਿਆ ਕਿ ਇਹ ਧਮਕੀਆਂ ਅੰਤਰਰਾਸ਼ਟਰੀ ਫੋਨ ਨੰਬਰਾਂ ਤੋਂ ਮਿਲੀਆਂ ਸਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ....