ਮੂਸੇਵਾਲਾ ਕਤਲਕਾਂਡ ਦੇ ਮੁਲਜ਼ਮ ਗੋਲਡੀ ਬਰਾੜ ਦਾ ਦੋਸਤ ਕਾਂਗਰਸ 'ਚ ਸ਼ਾਮਲ, ਜਾਣੋ ਕੌਣ ਹੈ ਵਿਵਾਦਿਤ ਗੋਕੁਲ ਸੇਤੀਆ?

Gokul Setia joined Congress : ਦਾਅਵਾ ਕੀਤਾ ਜਾ ਰਿਹਾ ਹੈ ਗੋਕੁਲ ਸੇਤੀਆ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ'ਚ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦਾ ਦੋਸਤ ਹੈ। ਉਧਰ, ਹੰਗਾਮੇ ਤੋਂ ਬਾਅਦ ਗੋਕੁਲ ਸੇਤੀਆ ਨੇ ਵੀ ਇਸ ਸਬੰਧੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਕਿ ਹੁਣ ਉਸ ਦਾ ਗੋਲਡੀ ਨਾਲ ਕੋਈ ਸਬੰਧ ਨਹੀਂ ਹੈ।

By  KRISHAN KUMAR SHARMA September 4th 2024 12:35 PM -- Updated: September 4th 2024 12:55 PM

Sidhu Moosewala Murder Case : ਹਰਿਆਣਾ ਦੀ ਸਿਰਸਾ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਸਾਬਕਾ ਮੰਤਰੀ ਲਕਸ਼ਮਣ ਦਾਸ ਅਰੋੜਾ ਦੇ ਪੋਤਰੇ ਗੋਕੁਲ ਸੇਤੀਆ ਜਿਵੇਂ ਹੀ ਕਾਂਗਰਸ ਵਿਚ ਸ਼ਾਮਲ ਹੋਏ ਤਾਂ ਗੈਂਗਸਟਰ ਗੋਲਡੀ ਬਰਾੜ ਨਾਲ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਦਾਅਵਾ ਕੀਤਾ ਜਾ ਰਿਹਾ ਹੈ ਗੋਕੁਲ ਸੇਤੀਆ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ'ਚ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦਾ ਦੋਸਤ ਹੈ। ਇਸ ਦਾਅਵੇ ਨੇ ਪੰਜਾਬ ਅਤੇ ਹਰਿਆਣਾ ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਕਾਂਗਰਸ ਪ੍ਰਤੀ ਰੋਸ ਵੀ ਵੇਖਣ ਨੂੰ ਮਿਲ ਰਿਹਾ ਹੈ। ਉਧਰ, ਹੰਗਾਮੇ ਤੋਂ ਬਾਅਦ ਗੋਕੁਲ ਸੇਤੀਆ ਨੇ ਵੀ ਇਸ ਸਬੰਧੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਉਸ ਨੇ ਕਿਹਾ ਕਿ ਉਹ ਕਾਲਜ ਦੇ ਦਿਨਾਂ ਦੌਰਾਨ ਗੋਲਡੀ ਬਰਾੜ ਨਾਲ ਪੜ੍ਹਦਾ ਸੀ, ਪਰ ਹੁਣ ਉਸ ਦਾ ਗੋਲਡੀ ਨਾਲ ਕੋਈ ਸਬੰਧ ਨਹੀਂ ਹੈ।

ਮੈਨੂੰ ਬਦਨਾਮ ਕਰਨ ਲਈ ਤਸਵੀਰਾਂ ਵਾਇਰਲ ਕੀਤੀਆਂ : ਸੇਤੀਆ

ਉਨ੍ਹਾਂ ਮੌਜੂਦਾ ਵਿਧਾਇਕ 'ਤੇ ਆਰੋਪ ਲਗਾਉਂਦੇ ਹੋਏ ਦਾਅਵਾ ਕੀਤਾ ਕਿ ਇਹ ਸਭ ਉਨ੍ਹਾਂ ਨੂੰ ਬਦਨਾਮ ਕਰਨ ਲਈ ਗੋਪਾਲ ਕਾਂਡਾ ਨੇ ਕੀਤਾ ਹੈ। ਗੋਪਾਲ ਕਾਂਡਾ ਦਹਿਸ਼ਤ ਵਿੱਚ ਇਹ ਸਭ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੋਪਾਲ ਕਾਂਡਾ ਨੇ ਗੈਂਗਸਟਰਾਂ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦੀ ਗੱਲ ਕਹੀ ਸੀ। ਉਸ ਨੇ ਦਾਅਵਾ ਕੀਤਾ ਕਿ ਜਦੋਂ ਉਹ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨਾਲ ਫੋਟੋ ਕਰਵਾ ਰਿਹਾ ਸੀ ਤਾਂ ਗੋਲਡੀ ਬਰਾੜ ਵੀ ਪਿੱਛੇ ਖੜ੍ਹਾ ਸੀ। ਜੇਕਰ ਉਹ ਗੈਂਗਸਟਰ ਹੁੰਦਾ ਤਾਂ ਸੀ.ਐਮ. ਹਾਊਸ ਤੱਕ ਨਹੀਂ ਪਹੁੰਚ ਸਕਦਾ ਸੀ। ਸੇਤੀਆ ਨੇ ਕਿਹਾ ਕਿ ਉਸ ਦੀ 10-12 ਸਾਲ ਪੁਰਾਣੀ ਫੋਟੋ ਜਾਰੀ ਕਰਕੇ ਉਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।


5 ਵਾਰ ਵਿਧਾਇਕ ਰਹੇ ਹਨ ਸੇਤੀਆ ਦੇ ਨਾਨਾ ਲਕਸ਼ਮਣ ਦਾਸ

ਸੇਤੀਆ ਪਰਿਵਾਰ ਸਿਰਸਾ ਦੀ ਸਿਆਸਤ ਵਿੱਚ ਵੱਡੀ ਪਕੜ ਬਣਾ ਰਿਹਾ ਹੈ। ਸਿਰਸਾ ਵਿਧਾਨ ਸਭਾ ਸੀਟ ਤੋਂ ਸਵਰਗੀ ਗੋਕੁਲ ਸੇਤੀਆ ਦੇ ਨਾਨਾ ਲਕਸ਼ਮਣ ਦਾਸ ਅਰੋੜਾ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਧੀ ਸੁਨੀਤਾ ਸੇਤੀਆ ਨੇ ਸਿਆਸੀ ਵਿਰਾਸਤ ਨੂੰ ਸੰਭਾਲਿਆ। ਉਸਨੇ 2014 ਵਿੱਚ ਸਿਰਸਾ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਸੀ, ਪਰ ਹਾਰ ਗਈ ਸੀ।


ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੋਕੁਲ ਸੇਤੀਆ ਨੇ ਪਰਿਵਾਰ ਦੀ ਸਿਆਸੀ ਵਿਰਾਸਤ ਸੰਭਾਲੀ। 2019 ਵਿੱਚ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਇਸ ਦੌਰਾਨ ਇਨੈਲੋ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ। ਹਾਲਾਂਕਿ ਉਹ ਗੋਪਾਲ ਕਾਂਡਾ ਤੋਂ 602 ਵੋਟਾਂ ਨਾਲ ਚੋਣ ਹਾਰ ਗਏ ਸਨ। ਹੁਣ ਗੋਕੁਲ ਸੇਤੀਆ ਮੰਗਲਵਾਰ ਨੂੰ ਕਾਂਗਰਸ 'ਚ ਸ਼ਾਮਲ ਹੋ ਗਏ ਹਨ।

ਗੋਕੁਲ ਸੇਤੀਆ ਦੇ ਆਰੋਪ ਰਾਜਨੀਤੀ ਤੋਂ ਪ੍ਰੇਰਿਤ : ਗੋਪਾਲ ਕਾਂਡਾ

ਉਧਰ, ਸਿਰਸਾ ਤੋਂ ਵਿਧਾਇਕ ਗੋਪਾਲ ਕਾਂਡਾ ਨੇ ਵੀ ਗੋਕੁਲ ਸੇਤੀਆ ਦੇ ਆਰੋਪਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ, ''ਮੈਂ ਅਜਿਹੀ ਘਟੀਆ ਰਾਜਨੀਤੀ ਨਹੀਂ ਕਰਦਾ। ਮੈਂ ਸਾਫ਼-ਸੁਥਰੀ ਰਾਜਨੀਤੀ ਕਰਦਾ ਹਾਂ। ਗੋਕੁਲ ਸੇਤੀਆ ਜੋ ਆਰੋਪ ਲਗਾ ਰਹੇ ਹਨ, ਉਹ ਰਾਜਨੀਤੀ ਤੋਂ ਪ੍ਰੇਰਿਤ ਹਨ। ਕਾਲਜ ਦੀ ਇੰਨੇ ਸਾਲ ਪੁਰਾਣੀ ਉਸਦੀ ਨਿੱਜੀ ਫੋਟੋ ਕਿਸੇ ਹੋਰ ਦੇ ਹੱਥਾਂ ਵਿੱਚ ਕਿਵੇਂ ਪੈ ਸਕਦੀ ਸੀ? ਇਹ ਗੱਲ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਜਾਰੀ ਕੀਤੀ ਹੈ।''

Related Post