ਜਲੰਧਰ ਚ ਭਰਾਵਾਂ ਨੂੰ ਰੋਟੀ ਦੇਣ ਜਾ ਰਹੀ ਨਾਬਾਲਗ ਨਾਲ ਗੈਂਗਰੇਪ, ਬਣਾਈ ਗਈ ਵੀਡੀਓ

ਪੀਟੀਸੀ ਨਿਊਜ਼ ਡੈਸਕ: ਜਲੰਧਰ ਤੋਂ ਇੱਕ ਖੌਫਨਾਕ ਵਾਰਦਾਤ ਹੋਣ ਦੀ ਖਬਰ ਹੈ। ਇੱਕ ਨਾਬਾਲਗ ਕੁੜੀ ਨਾਲ ਦੋ ਮੁੰਡਿਆਂ ਵੱਲੋਂ ਜ਼ਬਰੀ ਘਰ ਵਿੱਚ ਵਾੜ ਕੇ ਸਮੂਹਿਕ ਬਲਾਤਕਾਰ ਕੀਤਾ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਦੌਰਾਨ ਕੁੜੀ ਦੀ ਵੀਡੀਓ ਵੀ ਬਣਾ ਲਈ ਗਈ ਅਤੇ ਸੋਸ਼ਲ ਮੀਡੀਆ 'ਤੇ ਜਨਤਕ ਕਰ ਦਿੱਤੀ ਗਈ। ਪੁਲਿਸ ਨੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਭੂਆ ਦੇ ਮੁੰਡਿਆਂ ਲਈ ਰੋਟੀ ਲੈ ਕੇ ਜਾ ਰਹੀ ਸੀ ਪੀੜਤਾ
ਸਮੂਹਿਕ ਬਲਾਤਕਾਰ ਦੀ ਇਹ ਘਟਨਾ ਮਹੀਨਾ ਪਹਿਲਾਂ ਦੀ ਦੱਸੀ ਜਾ ਰਹੀ ਹੈ, ਜਦੋਂ ਪੀੜਤਾ ਆਪਣੀ ਭੂਆ ਦੇ ਮੁੰਡਿਆਂ ਲਈ ਰੋਟੀ ਲਿਜਾ ਰਹੀ ਸੀ ਤਾਂ ਇਸ ਦੌਰਾਨ ਉਸ ਦਾ ਦੋ ਮੁੰਡਿਆਂ ਨੇ ਪਿੱਛਾ ਕੀਤਾ। ਇਸ ਦੌਰਾਨ ਜਦੋਂ ਕੁੜੀ ਉਨ੍ਹਾਂ ਦੇ ਘਰ ਨੇੜੇ ਪਹੁੰਚੀ ਤਾਂ ਮੁੰਡਿਆਂ ਨੇ ਕੁੜੀ ਨੂੰ ਫੜ ਲਿਆ ਅਤੇ ਜ਼ਬਰੀ ਚੁੱਕ ਕੇ ਘਰ ਦੀ ਦੂਜੀ ਮੰਜਿਲ 'ਤੇ ਲੈ ਗਏ ਅਤੇ ਵਾਰੋ-ਵਾਰੀ ਮੂੰਹ ਕਾਲਾ ਕੀਤਾ।
ਜ਼ਬਰ-ਜਿਨਾਹ ਦੌਰਾਨ ਬਣਾਈ ਵੀਡੀਓ
ਘਟਨਾ ਦੌਰਾਨ ਕੁੜੀ ਨਾਲ ਜ਼ਬਰ-ਜਿਨਾਹ ਦੀ ਇੱਕ ਮੁਲਜ਼ਮ ਵੱਲੋਂ ਮੋਬਾਈਲ ਰਾਹੀਂ ਵੀਡੀਓ ਵੀ ਬਣਾ ਲਈ ਗਈ, ਜਿਸ ਨੂੰ ਉਸ ਵੱਲੋਂ ਸੋਸ਼ਲ ਮੀਡੀਆ 'ਤੇ ਜਨਤਕ ਕੀਤਾ ਗਿਆ। ਹੁਣ ਜਦੋਂ ਇਸ ਵੀਡੀਓ ਬਾਰੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਇਨਸਾਫ਼ ਦੀ ਮੰਗ ਕੀਤੀ।
ਪੁਲਿਸ ਨੇ ਪੀੜਤਾ ਦੇ ਮਾਪਿਆਂ ਦੇ ਬਿਆਨਾਂ 'ਤੇ ਬਲਾਤਕਾਰ ਕਰਨ ਵਾਲੇ ਦੋਵੇਂ ਮੁੰਡਿਆਂ ਗੁਲਸ਼ਨ ਅਤੇ ਬੀਰੂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਵੀ ਨਾਬਾਲਗ ਹਨ।