ਹਨੀ ਟ੍ਰੈਪ ਲਗਾ ਕੇ ਲੋਕਾਂ ਤੋਂ ਪੈਸੇ ਵਸੂਲਣ ਵਾਲਾ ਗਰੋਹ ਕਾਬੂ

By  Jasmeet Singh November 12th 2022 06:05 PM

ਮੁਨੀਸ਼ ਗਰਗ, (ਬਠਿੰਡਾ, 12 ਨਵੰਬਰ): ਬਠਿੰਡਾ ਪੁਲਿਸ ਨੇ ਇਕ ਅਜਿਹੇ ਗਰੋਹ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਜੋ ਹਨੀ ਟ੍ਰੈਪ ਲਗਾ ਕੇ ਲੋਕਾਂ ਤੋਂ ਪੈਸੇ ਵਸੂਲਦਾ ਸੀ, ਕਥਿਤ ਆਰੋਪੀ ਰਾਤ ਸਮੇਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਦੇ ਸਨ, ਪੁਲਿਸ ਨੇ ਇਸ ਮਾਮਲੇ ਵਿਚ ਪੰਜ ਔਰਤਾਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਜਦੋਂ ਕਿ ਇਸ ਗਰੋਹ ਦੇ ਦੋ ਮੁੱਖ ਸਰਗਣਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ, ਥਾਨਾ ਕੋਤਵਾਲੀ ਵਿਖੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਠਿੰਡਾ ਦੀ ਥਾਣਾ ਕੋਤਵਾਲੀ ਪੁਲਿਸ ਦੀ ਹਿਰਾਸਤ ਵਿਚ ਮੂੰਹ ਛੁਪਾ ਰਹੇ ਕਥਿਤ ਆਰੋਪੀ ਔਰਤਾਂ ਤੇ ਆਰੋਪ ਲੱਗੇ ਹਨ ਕਿ ਇਹ ਰਾਤ ਸਮੇਂ ਹਨੀ ਟ੍ਰੈਪ ਲਗਾਕੇ ਭੋਲੇ-ਭਾਲੇ ਲੋਕਾਂ ਤੋਂ ਪੈਸੇ ਲੁੱਟਦੇ ਸਨ। ਇਹਨਾਂ ਨਾਲ ਇਨ੍ਹਾਂ ਦੇ ਗਰੋਹ ਵਿੱਚ ਮੂੰਹ ਬੰਨ੍ਹ ਕੇ ਨਾਲ ਖੜੇ ਦੋ ਵਿਅਕਤੀ ਵੀ ਸ਼ਾਮਿਲ ਹਨ। ਜਦ ਕਿ ਇਸ ਗਰੋਹ ਦੇ ਮੁੱਖ ਸਰਗਨਾ ਦੋ ਆਰੋਪੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹਨ। 

ਦਰਅਸਲ ਬਠਿੰਡਾ ਦੇ ਕੋਤਵਾਲੀ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰਾਤ ਸਮੇਂ ਕੁੱਝ ਔਰਤਾਂ ਲਿਫਟ ਲੈਣ ਦੇ ਬਹਾਨੇ ਭੋਲੇ ਭਾਲੇ ਲੋਕਾਂ ਦਾ ਹਨੀ ਟ੍ਰੈਪ ਲਗਾਕੇ ਉਨ੍ਹਾਂ ਦੀ ਵੀਡੀਓ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਬਲੈਕਮੇਲ ਕਰਕੇ ਪੈਸੇ ਲੁੱਟੇ ਜਾਂਦੇ ਸਨ। ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮਾਮਲੇ 'ਤੇ ਕਾਰਵਾਈ ਕਰਦਿਆਂ 5 ਔਰਤਾਂ ਅਤੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ, ਇਸ ਮਾਮਲੇ ਵਿਚ ਪੁਲਿਸ ਕੋਲ ਦੋ ਤਿੰਨ ਲੋਕਾਂ ਦੀ ਸ਼ਿਕਾਇਤ ਵੀ ਪੁੱਜ ਚੁੱਕੀ ਹੈ ਤੇ ਬਾਕੀ ਹੋਰ ਵੀ ਕਈ ਲੋਕ ਇਨ੍ਹਾਂ ਦਾ ਸ਼ਿਕਾਰ ਹੋਏ ਹਨ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਮੁਖੀ ਨੇ ਦੱਸਿਆ ਕੇ ਮਾਮਲਾ ਦਰਜ ਕਰਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਮੁੱਖ ਦੋਸ਼ੀ ਸਰਗਣਾ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ, ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਵਿਚ ਹੋਰ ਵੀ ਕਈ ਆਰੋਪੀ ਸ਼ਾਮਲ ਹੋਣ ਦਾ ਸ਼ੱਕ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਰੋਪੀਆਂ ਤੋਂ ਮੋਬਾਈਲ ਅਤੇ ਨਕਦੀ ਬਰਾਮਦ ਕਰ ਲਈ ਗਈ ਹੈ।

ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਬਠਿੰਡਾ ਰੇਲਵੇ ਜੰਕਸ਼ਨ ਹੋਣ ਕਰਕੇ ਇਥੇ 24 ਘੰਟੇ ਲੋਕਾਂ ਦੀ ਆਵਾਜਾਈ ਰਹਿੰਦੀ ਹੈ ਅਤੇ ਇਹ ਗਰੋਹ ਰਾਤ ਸਮੇਂ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਉਨ੍ਹਾਂ ਨਾਲ ਹੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਰਾਤ ਸਮੇਂ ਕੋਈ ਲੁਕ ਛੁਪ ਕੇ ਲਿਫਟ ਮੰਗਦਾ ਹੈ ਤਾਂ ਉਸ ਤੋਂ ਸੁਚੇਤ ਰਹੋ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਲਾਕੇ ਵਿਚ ਗਸ਼ਤ ਵੀ ਤੇਜ਼ ਕਰ ਦਿੱਤੀ ਹੈ ਜਿਸ ਨਾਲ ਅਜਿਹੇ ਲੋਕਾਂ ਤੇ ਖਾਸ ਨਜ਼ਰਸਾਨੀ ਰੱਖੀ ਜਾ ਰਹੀ ਹੈ।

Related Post