ਹੋਣ ਵਾਲੀ ਨੂੰਹ ਨੇ ਸਹੁਰੇ ਪਰਿਵਾਰ ਤੋਂ ਠੱਗੇ 30 ਲੱਖ ਰੁਪਏ

By  Jasmeet Singh December 9th 2022 01:23 PM

ਰਵਿੰਦਰਮੀਤ ਸਿੰਘ, (ਮੋਹਾਲੀ, 9 ਦਸੰਬਰ): ਨੂੰਹ ਨੂੰ ਸਹੁਰੇ ਘਰ ਲਿਆਉਣ ਦਾ ਸੁਪਨਾ ਕੌਣ ਨਹੀਂ ਦੇਖਦਾ ਪਰ ਜੇਕਰ ਵਿਆਹ ਤੋਂ ਪਹਿਲਾਂ ਹੀ ਉਹੀ ਨੂੰਹ ਆਪਣੇ ਹੋਣ ਵਾਲੇ ਸਹੁਰੇ ਪਰਿਵਾਰ ਨੂੰ ਧੋਖਾ ਦੇ ਕੇ ਜੇਲ੍ਹ ਭੇਜਣ ਦੀ ਹੱਦ ਤੱਕ ਆ ਜਾਵੇ ਤਾਂ ਕਿਹੜਾ ਮਾਪੇ ਆਪਣੇ ਬੱਚੇ ਦਾ ਵਿਆਹ ਕਰਵਾਉਣਾ ਚਾਹੁੰਣਗੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਮੋਹਾਲੀ ਤੋਂ ਜਿੱਥੇ ਹੋਣ ਵਾਲੀ ਨੂੰਹ ਇੱਕ ਐਨਆਰਆਈ ਨਾਲ ਪੈਸੇ ਦੀ ਠੱਗੀ ਮਾਰ ਕੇ ਕੈਨੇਡਾ ਭੱਜ ਗਈ ਅਤੇ ਫਰਾਰ ਹੋਣ ਤੋਂ ਪਹਿਲਾਂ ਉਹ ਆਪਣੇ ਹੋਣ ਵਾਲੇ ਪਤੀ ਅਤੇ ਸਹੁਰੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰ ਗਈ। 

ਹੁਣ ਨੂੰਹ ਤਾਂ ਚਲੀ ਗਈ ਹੈ ਪਰ ਇਟਲੀ ਤੋਂ ਆਏ NRI ਜਸਵੀਰ ਸਿੰਘ ਨੂੰ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਹੁਰੇ ਜਸਵੀਰ ਨੇ ਕਈ ਥਾਵਾਂ ’ਤੇ ਇਨਸਾਫ਼ ਦੀ ਮੰਗ ਕੀਤੀ ਹੈ ਪਰ ਕੋਈ ਵੀ ਉਸ ਦੀ ਮਦਦ ਨਹੀਂ ਕਰ ਰਿਹਾ। ਪੁਲਿਸ ਤੋਂ ਤੰਗ ਆ ਕੇ ਅਤੇ ਸਰਕਾਰ ਤੋਂ ਉਮੀਦ ਗੁਆ ਚੁੱਕੇ ਜਸਵੀਰ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕਰਕੇ ਇਨਸਾਫ਼ ਦੀ ਅਪੀਲ ਕੀਤੀ। ਇਸ ਮੌਕੇ ਪ੍ਰੈਸ ਕਾਨਫਰੰਸ ਵਿੱਚ ਜਸਵੀਰ ਦੇ ਨਾਲ ਬਲਵਿੰਦਰ ਸਿੰਘ, ਅਵਤਾਰ ਸਿੰਘ (ਵਿਚੋਲਾ ਅਤੇ ਲੜਕੀ ਦਾ ਮਾਮਾ), ਗੁਰਪਾਲ ਸਿੰਘ, ਐਡਵੋਕੇਟ ਨਛੱਤਰ ਸਿੰਘ ਬੈਂਸ ਹਾਜ਼ਰ ਸਨ।

ਪੀੜਤ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਮੋਹਾਲੀ 'ਚ ਨਰਸਿੰਗ ਕਰ ਰਹੀ ਰਮਨਦੀਪ ਕੌਰ ਨੇ ਇਟਲੀ 'ਚ ਰਹਿੰਦੇ ਸਿਮਰਨਜੀਤ ਸਿੰਘ (ਜਸਵੀਰ ਸਿੰਘ ਦਾ ਪੁੱਤਰ) ਨੂੰ ਇੰਸਟਾਗ੍ਰਾਮ ਰਾਹੀਂ ਆਪਣੇ ਪ੍ਰੇਮ ਜਾਲ 'ਚ ਫਸਾ ਲਿਆ। ਜਦੋਂ ਸਿਮਰਨਜੀਤ ਇੰਡੀਆ ਆਇਆ ਤਾਂ ਦੋਵਾਂ ਨੇ ਵਿਚੋਲਿਆਂ ਨੂੰ ਵਿਚਕਾਰ ਪਾ ਕੇ ਘਰ ਵਾਲਿਆਂ ਨੂੰ ਵਿਆਹ ਲਈ ਮਨਾ ਲਿਆ ਅਤੇ ਘਰ ਗੱਲ ਕੀਤੀ। ਹੁਣ ਲੜਕੇ ਦੇ ਪਰਿਵਾਰਕ ਮੈਂਬਰ ਇਸ ਗੱਲ ਤੋਂ ਅਣਜਾਣ ਸਨ ਕਿ ਲੜਕੀ ਇੰਸਟਾਗ੍ਰਾਮ ਰਾਹੀਂ ਮਿਲੀ ਸੀ।

ਜਸਵੀਰ ਸਿੰਘ ਦੇ ਪਰਿਵਾਰ ਨੇ ਭਾਰਤ ਆ ਕੇ 16 ਫਰਵਰੀ 2019 ਨੂੰ ਦੋਹਾਂ ਦੀ ਮੰਗਣੀ ਕਰਵਾ ਦਿੱਤੀ, ਜਿਸ 'ਚ ਲੜਕੀ ਨੂੰ 10 ਤੋਲੇ ਸੋਨਾ ਤੋਹਫੇ ਵਜੋਂ ਦਿੱਤਾ ਗਿਆ। ਇਸ ਤੋਂ ਬਾਅਦ ਲੜਕੀ ਦਾ ਵਿਆਹ ਕਰਵਾ ਕੇ ਉਸ ਨੂੰ ਇਟਲੀ ਲੈ ਜਾਣ ਦੀ ਯੋਜਨਾ ਸੀ ਪਰ ਰਮਨਦੀਪ ਨੇ ਆਪਣੇ ਹੋਣ ਵਾਲੇ ਪਤੀ ਅਤੇ ਸਹੁਰੇ ਨੂੰ ਆਪਣੀਆਂ ਗੱਲਾਂ ਵਿੱਚ ਫਸਾ ਕੇ ਕੈਨੇਡਾ ਜਾਣ ਦੀ ਇੱਛਾ ਜ਼ਾਹਰ ਕੀਤੀ। ਇਸ ਦੇ ਲਈ ਲੜਕੀ ਦਾ ਸਪਾਊਸ ਸ਼ੋਅ ਕਰਨਾ ਲਾਜ਼ਮੀ ਸੀ। ਇੱਥੋਂ ਹੀ ਲੜਕੀ ਦਾ ਹਨੀਟ੍ਰੈਪ ਸ਼ੁਰੂ ਹੋਇਆ। ਲੜਕੀ ਨੇ ਵਿਆਹ ਕਰਕੇ ਇਟਲੀ ਜਾਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: ਡਰੈਗਨ ਬੋਟ ਖੇਡ ਨੂੰ ਪੰਜਾਬ 'ਚ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਾਂਗੇ: ਮੀਤ ਹੇਅਰ

ਜਸਵੀਰ ਸਿੰਘ ਨੇ ਦੱਸਿਆ ਕਿ 25 ਜੂਨ 2020 ਨੂੰ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਇਆ ਜਿਸ ਵਿੱਚ ਲੜਕੀ ਨੇ ਕਿਹਾ ਕਿ ਉਹ ਵਿਆਹ ਕਰਵਾ ਕੇ ਇਟਲੀ ਜਾ ਕੇ ਗਹਿਣੇ ਵਾਪਸ ਕਰ ਦੇਵੇਗੀ। ਪਰ ਇਸ ਤੋਂ ਬਾਅਦ ਰਮਨਦੀਪ ਕੌਰ ਨੇ ਸਹੁਰੇ ਜਸਵੀਰ ਦਾ ਕ੍ਰੈਡਿਟ ਕਾਰਡ ਨੰਬਰ ਲੈ ਕੇ ਉਸ ਨਾਲ ਗੱਲ ਕਰਨ ਦਾ ਝਾਂਸਾ ਦੇ ਕੇ ਕੁਝ ਖਾਲੀ ਚੈੱਕ ਲੈ ਲਏ। 16 ਫਰਵਰੀ 2019 (ਜਿਸ ਦਿਨ ਕੁੜਮਾਈ ਹੋਈ ਸੀ) ਨੂੰ ਨਰਾਇਣਗੜ੍ਹ ਝੁੰਗੀਆਂ ਮੋਹਾਲੀ ਗੁਰਦੁਆਰੇ ਤੋਂ ਮੈਰਿਜ ਸਰਟੀਫਿਕੇਟ ਬਣਵਾਇਆ, ਉਹ ਵੀ ਆਪਣੇ ਹੋਣ ਵਾਲੇ ਸਹੁਰੇ ਨੂੰ ਦੱਸੇ ਬਿਨਾਂ ਅਤੇ ਕੈਨੇਡਾ ਲਈ ਅਪਲਾਈ ਕਰ ਦਿੱਤਾ। ਕੈਨੇਡਾ ਜਾਣ ਦਾ ਸਾਰਾ ਖਰਚਾ ਵੀ ਜਸਵੀਰ ਸਿੰਘ ਦੇ ਕ੍ਰੈਡਿਟ ਕਾਰਡ ਅਤੇ ਚੈੱਕ ਰਾਹੀਂ ਕੀਤਾ ਗਿਆ। ਜਿਸ ਤੋਂ ਬਾਅਦ ਕੈਨੇਡਾ ਜਾਣ ਲਈ ਕੁੱਲ 22 ਲੱਖ ਰੁਪਏ ਦੀ ਠੱਗੀ ਮਾਰੀ ਗਈ।

Related Post