ਕੋਵਿਡ ਐਮਰਜੈਂਸੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ: ਚੇਤਨ ਜੌੜਾਮਾਜਰਾ

By  Pardeep Singh December 27th 2022 07:30 PM

ਚੰਡੀਗੜ੍ਹ: ਕੋਰੋਨਾ ਦਾ ਕਹਿਰ ਮੁੜ ਚੀਨ ਵਿੱਚ ਸ਼ੁਰੂ ਹੋ ਗਿਆ ਹੈ। ਚੀਨ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾਂਦੀ ਹੈ। ਉਥੇ ਹੀ ਪੰਜਾਬ ਵਿੱਚ ਕੋਰੋਨਾ ਨੂੰ ਲੈ ਕੇ ਹਰ ਤਰ੍ਹਾਂ ਦੇ ਸੰਭਵ ਕਦਮ  ਚੁੱਕੇ ਜਾ ਰਹੇ ਹਨ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੋਹਾਲੀ ਦੇ ਹਸਪਤਾਲ ਵਿੱਚ ਮੌਕ ਡਰਿੱਲ ਕਰਵਾਈ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

 ਸਿਹਤ ਮੰਤਰੀ ਜੌੜਾਮਾਜਰਾ ਨੇ ਹਸਪਤਾਲ ਵਿੱਚ 120 ਬਿਸਤਰਿਆਂ ਵਾਲੇ ਵਿਸ਼ੇਸ਼ ਕੋਵਿਡ ਆਈਸੋਲੇਸ਼ਨ ਵਾਰਡ ਦਾ ਦੌਰਾ ਕੀਤਾ ਅਤੇ ਆਕਸੀਜਨ, ਵੈਂਟੀਲੇਟਰਾਂ, ਸਿਹਤ ਸਟਾਫ਼, ਕੋਵਿਡ ਟੀਕਾਕਰਨ ਸਮੇਤ ਜ਼ਰੂਰੀ ਦਵਾਈਆਂ ਅਤੇ ਹੋਰ ਕੋਵਿਡ ਸਹੂਲਤਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਲਈ।  ਉਨ੍ਹਾਂ ਨੇ ਆਈਸੋਲੇਸ਼ਨ ਵਾਰਡ ਵਿੱਚ ਸਫ਼ਾਈ ਦਾ ਵਿਸ਼ੇਸ਼ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਵਿਡ ਦੇ ਮਰੀਜ਼ਾਂ ਨੂੰ ਬਿਹਤਰ ਅਤੇ ਮਿਆਰੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ।  

  ਮੰਤਰੀ ਨੇ ਕਿਹਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੂਬੇ ਵਿੱਚ ਕੋਵਿਡ ਦੇ ਕੁੱਲ 38 ਐਕਟਿਵ ਕੇਸ ਹਨ ਅਤੇ ਕੋਵਿਡ ਦੇ ਨਵੇਂ ਰੂਪ ਦਾ ਕੋਈ ਕੇਸ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਲਗਭਗ 15 ਹਜ਼ਾਰ ਬੈੱਡ ਤਿਆਰ ਹਨ।  ਇਸ ਵਿੱਚ ਲੈਵਲ 3 ਦੇ 1000 ਬੈੱਡ ਅਤੇ 1000 ਦੇ ਕਰੀਬ ਵੈਂਟੀਲੇਟਰਾਂ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਕਸੀਜਨ ਪਲਾਂਟ ਕਾਫੀ ਗਿਣਤੀ ਵਿੱਚ ਹਨ ਅਤੇ ਇਨ੍ਹਾਂ ਨੂੰ ਚਲਾ ਕੇ ਟੈਸਟ ਵੀ ਕੀਤਾ ਗਿਆ ਹੈ।

 ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ: ਰਣਜੀਤ ਸਿੰਘ ਘੋਤੜਾ, ਸਿਵਲ ਸਰਜਨ ਡਾ: ਆਦਰਸ਼ਪਾਲ ਕੌਰ, ਮੈਡੀਕਲ ਕਾਲਜ ਪਿ੍ੰਸੀਪਲ ਡਾ: ਭਵਨੀਤ ਭਾਰਤੀ, ਐੱਸਐੱਮਓ ਡਾ: ਵਿਜੇ ਭਗਤ, ਕੋਵਿਡ ਨੋਡਲ ਅਫ਼ਸਰ ਡਾ: ਹਰਮਨਦੀਪ ਕੌਰ, ਡਾ: ਪਰਮਿੰਦਰ ਸਿੰਘ, ਡਾ.  ਰਾਜਵੀਰ ਸਿੰਘ ਆਦਿ ਹਾਜ਼ਰ ਸਨ।

Related Post