ਵਿਜੀਲੈਂਸ ਵੱਲੋਂ ਸਾਬਕਾ ਸਰਪੰਚ ਤੇ ਪੰਚਾਇਤ ਸਕੱਤਰ ਗ੍ਰਿਫਤਾਰ

By  Ravinder Singh January 25th 2023 05:56 PM

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਵਿਰੁੱਧ ਸ਼ਿਕੰਜਾ ਹੋਰ ਕੱਸ ਦਿੱਤਾ ਹੈ।  ਵਿਜੀਲੈਂਸ ਦੀ ਮੁਹਿੰਮ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਜਦੋਂ  ਪੰਚਾਇਤੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿਚ ਪਿੰਡ ਵੈਰੋਵਾਲ ਬਾਵਿਆ, ਬਲਾਕ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦੇ ਸਾਬਕਾ ਸਰਪੰਚ ਗੁਰਜੀਤ ਸਿੰਘ ਤੇ ਪੰਚਾਇਤ ਸਕੱਤਰ ਬਲਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।


ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੇ ਆਧਾਰ 'ਤੇ ਬਿਊਰੋ ਦੀ ਤਕਨੀਕੀ ਟੀਮ ਨੇ ਗ੍ਰਾਮ ਪੰਚਾਇਤ ਵੈਰੋਵਾਲ ਬਾਵਿਆ ਜ਼ਿਲ੍ਹਾ ਤਰਨਤਾਰਨ ਨੂੰ ਸਾਲ 2013 ਤੇ 2017 ਦੌਰਾਨ ਪ੍ਰਾਪਤ ਹੋਏ ਵਿਕਾਸ ਫੰਡਾਂ 'ਚ ਹੋਏ ਘਪਲੇ ਬਾਰੇ ਘੋਖ ਕੀਤੀ ਹੈ।


ਇਸ ਦੌਰਾਨ ਉਪਰੋਕਤ ਚੈਕ ਪੀਰੀਅਡ ਦੌਰਾਨ ਗ੍ਰਾਮ ਪੰਚਾਇਤ ਨੂੰ ਕੁੱਲ 47,47,373 ਰੁਪਏ ਦੇ ਸਰਕਾਰੀ ਫੰਡ ਪ੍ਰਾਪਤ ਹੋਏ ਜਦਕਿ ਪਿੰਡ ਦੀ ਪੰਚਾਇਤੀ ਸ਼ਾਮਲਾਟ ਜ਼ਮੀਨ 'ਤੇ ਠੇਕੇ ਤੋਂ 24,75,000 ਰੁਪਏ ਪ੍ਰਾਪਤ ਹੋਏ ਸਨ।

ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਰਕਾਰੀ ਭਰੋਸਾ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਜਾਂਚ ਦੌਰਾਨ ਉਕਤ ਪੰਚਾਇਤ ਨੂੰ ਕੁੱਲ ਰਾਸ਼ੀ 72,22,373 ਰੁਪਏ ਪ੍ਰਾਪਤ ਹੋਈ ਜਦਕਿ 63,62,522 ਰੁਪਏ ਖ਼ਰਚ ਕੀਤੇ। ਜਿਸ ਤੋਂ ਪਤਾ ਲੱਗਦਾ ਹੈ ਕਿ ਸਾਬਕਾ ਸਰਪੰਚ ਗੁਰਜੀਤ ਸਿੰਘ ਨੇ ਪੰਚਾਇਤ ਸਕੱਤਰ ਬਲਰਾਜ ਸਿੰਘ ਨਾਲ ਮਿਲੀਭੁਗਤ ਕਰਕੇ ਪੰਚਾਇਤੀ ਫੰਡਾਂ ਵਿੱਚ 8,59,851 ਲੱਖ ਰੁਪਏ ਦਾ ਘਪਲੇ ਨੂੰ ਅੰਜਾਮ ਦਿੱਤਾ ਸੀ। ਇਸ ਜਾਂਚ ਮਗਰੋਂ ਵਿਜੀਲੈਂਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

Related Post