Anil Joshi : ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫ਼ਾ, ਵੱਡਾ ਕਾਰਨ ਆਇਆ ਸਾਹਮਣੇ

Punjab News : ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਪਾਰਟੀ ਦੇ ਹਾਲਾਤਾਂ ਨੂੰ ਵੇਖਦਿਆਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਜੋਸ਼ੀ ਨੇ ਆਪਣੇ ਅਸਤੀਫੇ 'ਚ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਪਾਰਟੀ 'ਚ ਆਪਣੀ ਸੋਚ ਮੁਤਾਬਕ ਕੰਮ ਕਰਨਾ ਮੁਸ਼ਕਿਲ ਹੋਣਾ ਦੱਸਿਆ ਹੈ।

By  KRISHAN KUMAR SHARMA November 20th 2024 12:17 PM -- Updated: November 20th 2024 12:33 PM

Anil Joshi resigned from SAD : ਸੁਖਬੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਅਸਤੀਫਾ ਦੇਣ ਤੋਂ ਬਾਅਦ ਪਾਰਟੀ ਆਗੂਆਂ ਵੱਲੋਂ ਲਗਾਤਾਰ ਅਸਤੀਫੇ ਦਿੱਤੇ ਜਾ ਰਹੇ ਹਨ। ਹੁਣ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਪਾਰਟੀ ਦੇ ਹਾਲਾਤਾਂ ਨੂੰ ਵੇਖਦਿਆਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਜੋਸ਼ੀ ਨੇ ਆਪਣੇ ਅਸਤੀਫੇ 'ਚ ਸੁਖਬੀਰ ਸਿੰਘ ਬਾਦਲ ਦੇ ਅਸਤੀਫਾ ਦੇਣ ਤੋਂ ਬਾਅਦ ਪਾਰਟੀ 'ਚ ਆਪਣੀ ਸੋਚ ਮੁਤਾਬਕ ਕੰਮ ਕਰਨਾ ਮੁਸ਼ਕਿਲ ਹੋਣਾ ਦੱਸਿਆ ਹੈ।

ਸਾਬਕਾ ਕੈਬਨਿਟ ਮੰਤਰੀ ਨੇ ਅਸਤੀਫਾ ਦੇਣ ਦੇ ਨਾਲ ਇਹ ਵੀ ਕਿਹਾ ਹੈ ਕਿ ਉਹ ਇਸ ਪਿੱਛੋਂ ਫਿਲਹਾਲ ਕਿਸੇ ਵੀ ਪਾਰਟੀ ਦਾ ਰੁਖ ਨਹੀਂ ਕਰਨ ਜਾ ਰਹੇ ਹਨ। ਉਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਮੂਹ ਅਹੁਦਿਆਂ ਤੋਂ ਅਸਤੀਫ਼ਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਭੇਜ ਦਿੱਤਾ ਹੈ। ਇਸ ਵਿੱਚ ਉਨ੍ਹਾਂ ਨੇ ਪਾਰਟੀ ਛੱਡਣ ਦਾ ਕਾਰਨ ਵਿਸਤਾਰਪੂਰਵਕ ਦੱਸਿਆ ਹੈ।

ਅਸਤੀਫ਼ੇ ਵਿੱਚ ਉਨ੍ਹਾਂ ਕਿਹਾ, ''ਮੈਂ 2021 ਵਿੱਚ ਸ੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਿਆ ਸੀ, ਜਦੋਂ ਭਾਰਤੀਯ ਜਨਤਾ ਪਾਰਟੀ ਨੇ ਮੈਨੂੰ ਪੰਜਾਬ ਅਤੇ ਕਿਸਾਨਾਂ ਦੇ ਹੱਕ ਵਿੱਚ ਅਤੇ ਤਿੰਨ ਕਿਸਾਨੀ ਕਾਨੂੰਨਾਂ ਦੇ ਖਿਲਾਫ ਆਵਾਜ ਬੁਲੰਦ ਕਰਨ ਕਰਕੇ ਪਾਰਟੀ ਵਿਚੋਂ 6 ਸਾਲਾਂ ਲਈ ਕੱਢ ਦਿੱਤਾ ਸੀ । ਮੈ ਇਸ ਲਈ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ ਸੀ ਕਿ ਮੈਂ ਹਮੇਸ਼ਾ ਇਹ ਮਹਿਸੂਸ ਕੀਤਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਏਕਤਾ ਅਖੰਡਤਾ ਅਤੇ ਆਪਸੀ ਭਾਈਚਾਰੇ ਦੇ ਝੰਡਾਬਰਦਾਰ ਹਨ ਅਤੇ 5 ਵਾਰ ਮੁੱਖ ਮੰਤਰੀ ਬਣ ਕੇ ਉਨ੍ਹਾਂ ਨੇ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਅਤੇ ਇਹੋ ਸੋਚ ਮੈਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਨਜਰ ਆਉਂਦੀ ਸੀ।''


ਉਨ੍ਹਾਂ ਅੱਗੇ ਕਿਹਾ, ''ਸ੍ਰ: ਪ੍ਰਕਾਸ਼ ਸਿੰਘ ਬਾਦਲ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਜੋ ਹਾਲਾਤ ਪਾਰਟੀ ਵਿੱਚ ਬਣੇ ਅਤੇ ਜੋ ਮੁੱਦੇ ਇਸ ਸਮੇ ਪਾਰਟੀ ਉਪਰ ਹਾਵੀ ਹਨ, ਇਨ੍ਹਾਂ ਕਰਕੇ ਹੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੂੰ ਵੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਪਿਆ ਹੈ। ਇਸ ਲਈ ਬਹੁਤ ਲੰਮਾ ਸੋਚਣ ਤੋਂ ਬਾਅਦ ਮੈਂ ਇਸ ਫੈਸਲੇ 'ਤੇ ਪਹੁੰਚਿਆ ਹਾਂ ਕਿ ਮੇਰੇ ਲਈ ਸ੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਆਪਣੀ ਸੋਚ ਮੁਤਾਬਿਕ ਕੰਮ ਕਰਨਾ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਜੋ ਕਿ ਮੇਰੀ ਜਿੰਦਗੀ ਦਾ ਪਹਿਲਾ ਅਤੇ ਆਖਰੀ ਮੰਤਵ ਹੈ, ਸੰਭਵ ਨਹੀ ਹੈ।''

Related Post