ਚਾਇਨਾ ਡੋਰ ਦੀ ਲਪੇਟ ਆਉਣ ਕਾਰਨ ਵਿਦੇਸ਼ੀ ਵਿਦਿਆਰਥੀ ਗੰਭੀਰ ਜ਼ਖ਼ਮੀ, 15 ਟਾਂਕੇ ਲੱਗੇ
ਸਮਰਾਲਾ : ਖੂਨੀ ਚਾਇਨਾ ਡੋਰ ਕਾਰਨ ਰੋਜ਼ਾਨਾ ਹੀ ਅਨੇਕਾਂ ਘਟਨਾਵਾਂ ਵਾਪਰਦੀਆਂ ਹਨ ਪਰ ਪਤੰਗਾਂ ਦੇ ਸ਼ੌਕੀਨ ਲੋਕ ਸਾਦੀ ਡੋਰ ਦੀ ਬਜਾਏ ਚਾਇਨਾ ਡੋਰ ਨਾਲ ਪਤੰਗ ਉਡਾਉਣ ਤੋਂ ਬਾਜ ਨਹੀਂ ਆਉਂਦੇ। ਉਨ੍ਹਾਂ ਦੀ ਲਾਪਰਵਾਹੀ ਦਾ ਖਮਿਆਜਾ ਹੋਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਤਾਜਾ ਘਟਨਾ ਸਮਰਾਲਾ ਸ਼ਹਿਰ ਦੀ ਹੈ ਜਿਥੇ ਚਾਇਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਇਕ ਵਿਦੇਸ਼ੀ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਿਸ ਦੇ ਲਹੂ-ਲੁਹਾਨ ਹੱਥ ਨੂੰ 15 ਟਾਂਕੇ ਲਾ ਕੇ ਜੋੜਿਆ ਗਿਆ, ਜਦੋਂ ਕਿ ਇਕ ਹੋਰ ਕੁੜੀ ਵੀ ਇਸ ਦੌਰਾਨ ਜ਼ਖਮੀ ਹੋ ਗਈ। ਫਿਲਹਾਲ ਦੋਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਦੋਵੇਂ ਵਿਦਿਆਰਥੀ ਸਮਰਾਲਾ 'ਚ ਪੈਂਦੇ ਕਟਾਣੀ ਟੈਕਨੀਕਲ ਕਾਲਜ 'ਚ ਪੜ੍ਹਦੇ ਹਨ। ਦੋਵੇਂ ਜਦੋਂ ਕਟਾਣੀ ਤੋਂ ਹੀਰਾ ਵੱਲ ਨੂੰ ਜਾ ਰਹੇ ਸਨ ਤਾਂ ਰਸਤੇ 'ਚ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।
ਘਾਤਕ ਡੋਰ ਦੀ ਵਰਤੋਂ ਨੂੰ ਰੋਕਣ ਲਈ ਸੂਬੇ ਭਰ ਵਿੱਚ ਭਾਵੇਂ ਪੁਲਿਸ ਵੱਲੋਂ ਪੂਰੀ ਸਖ਼ਤੀ ਵਰਤੀ ਗਈ ਹੈ ਪਰ ਪੁਲਿਸ ਦੀ ਇਸ ਸਖ਼ਤੀ ਦੇ ਬਾਵਜੂਦ ਵੀ ਪਤੰਗ ਉਡਾਉਣ ਦੇ ਸ਼ੌਕੀਨਾਂ ਵੱਲੋਂ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਖੂਨੀ ਚਾਇਨਾ ਡੋਰ ਨਾਲ ਖੂਬ ਪਤੰਗ ਉਡਾਏ ਜਾ ਰਹੇ ਹਨ। ਡਾਕਟਰ ਵੱਲੋਂ ਜ਼ਖਮੀ ਵਿਦਿਆਰਥੀ ਦੇ ਹੱਥ ਉਤੇ 15 ਟਾਂਕੇ ਲਗਾਏ ਗਏ।
ਇਹ ਵੀ ਪੜ੍ਹੋ : ਸਾਨੀਆ ਮਿਰਜ਼ਾ ਨੇ ਟੈਨਿਸ ਨੂੰ ਕਿਹਾ ਅਲਵਿਦਾ, ਵਿਦਾਇਗੀ ਭਾਸ਼ਣ ਦੌਰਾਨ ਹੋਈ ਭਾਵੁਕ, ਦੇਖੋ ਵੀਡੀਓ
ਡਾਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਾ ਐਕਸੀਡੈਂਟ ਚਾਇਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਹੋਇਆ ਹੈ, ਜਿਸ ਵਿਚ ਦੋਵੇਂ ਵਿਦਿਆਰਥੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜੋ ਬਾਈਕ ਚਲਾ ਰਿਹਾ ਸੀ ਉਸ ਦੇ ਹੱਥ ਵਿੱਚ ਚਾਇਨਾ ਡੋਰ ਫਸਣ ਨਾਲ ਹਾਦਸਾ ਵਾਪਰ ਗਿਆ। ਵਿਦੇਸ਼ੀ ਵਿਦਿਆਰਥੀ ਦੇ ਹੱਥ ਉਤੇ 15 ਦੇ ਕਰੀਬ ਟਾਂਕੇ ਲਗਾਏ ਗਏ ਤੇ ਦੂਜੀ ਵਿਦਿਆਰਥਣ ਦੀ ਲੱਤ ਉਤੇ ਹੱਡੀ ਦੀ ਇੰਜਰੀ ਲੱਗ ਰਹੀ ਹੈ। ਮੈਡੀਕਲ ਜਾਂਚ ਜਾਰੀ ਹੈ।