ED ਨੇ ਵਾਸ਼ਿੰਗ ਮਸ਼ੀਨ 'ਚੋਂ ਬਰਾਮਦ ਕੀਤੇ ਕਰੋੜਾਂ ਰੁਪਏ, ਇਨ੍ਹਾਂ ਕੰਪਨੀਆਂ ਦੇ 47 ਬੈਂਕ ਖਾਤਿਆਂ 'ਚੋਂ ਲੈਣ-ਦੇਣ 'ਤੇ ਰੋਕ

By  KRISHAN KUMAR SHARMA March 27th 2024 01:06 PM

ਈਡੀ ਨੇ FEMA (ਵਿਦੇਸ਼ੀ ਐਕਸਚੇਂਜ ਐਕਟ) ਦੇ ਇੱਕ ਮਾਮਲੇ 'ਚ ਕਈ ਸ਼ਹਿਰਾਂ ਵਿੱਚ ਕੁਝ ਕੰਪਨੀਆਂ ਦੇ ਅਹਾਤੇ 'ਤੇ ਛਾਪੇ ਮਾਰੇ। ਈਡੀ ਨੇ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਬਰਾਮਦ ਕੀਤੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਾਕਰੀਅਨ ਸ਼ਿਪਿੰਗ ਐਂਡ ਲੌਜਿਸਟਿਕਸ ਪ੍ਰਾਈਵੇਟ ਲਿਮਟਿਡ ਅਤੇ ਇਸ ਦੇ ਨਿਰਦੇਸ਼ਕਾਂ ਵਿਜੇ ਕੁਮਾਰ ਸ਼ੁਕਲਾ ਅਤੇ ਸੰਜੇ ਗੋਸਵਾਮੀ ਦੇ ਅਹਾਤੇ ਦੀ ਤਲਾਸ਼ੀ ਲਈ। ਇਸ ਦੌਰਾਨ ਈਡੀ ਨੂੰ 2.54 ਕਰੋੜ ਰੁਪਏ ਦੀ ਨਕਦੀ ਮਿਲੀ। ਈਡੀ ਨੇ ਵਾਸ਼ਿੰਗ ਮਸ਼ੀਨ ਵਿੱਚ ਰੱਖੇ ਪੈਸੇ ਵੀ ਜ਼ਬਤ ਕਰ ਲਏ ਹਨ। ਏਜੰਸੀ ਨੇ ਕਿਹਾ ਕਿ 47 ਬੈਂਕ ਖਾਤਿਆਂ ਤੋਂ ਲੈਣ-ਦੇਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਈਡੀ ਵੱਲੋਂ ਦਿੱਲੀ, ਹੈਦਰਾਬਾਦ, ਮੁੰਬਈ, ਕੁਰੂਕਸ਼ੇਤਰ ਅਤੇ ਕੋਲਕਾਤਾ ਸਮੇਤ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਲਈ ਗਈ। ਫੈਡਰਲ ਏਜੰਸੀ ਅਨੁਸਾਰ ਅਨੁਸਾਰ ਕੰਪਨੀਆਂ ਵਿੱਚ ਲਕਸ਼ਮੀਟਨ ਮੈਰੀਟਾਈਮ, ਹਿੰਦੁਸਤਾਨ ਇੰਟਰਨੈਸ਼ਨਲ, ਰਾਜਨੰਦਨੀ ਮੈਟਲਸ ਲਿਮਟਿਡ, ਸਟੀਵਰਟ ਅਲੌਇਸ ਇੰਡੀਆ ਪ੍ਰਾਈਵੇਟ ਲਿਮਟਿਡ, ਭਾਗਿਆਨਗਰ ਲਿਮਟਿਡ, ਵਿਨਾਇਕ ਸਟੀਲਜ਼ ਲਿਮਟਿਡ, ਵਸ਼ਿਸ਼ਟ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਉਨ੍ਹਾਂ ਦੇ ਨਿਰਦੇਸ਼ਕ/ਭਾਗੀਦਾਰ ਸੰਦੀਪ ਗਰਗ, ਵਿਨੋਦ ਕੇਡੀਆ ਅਤੇ ਹੋਰ ਸਨ।

ਏਜੰਸੀ ਨੇ ਇਹ ਵੀ ਨਹੀਂ ਦੱਸਿਆ ਕਿ 'ਵਾਸ਼ਿੰਗ ਮਸ਼ੀਨ' ਜਿਸ ਨੂੰ ਜ਼ਬਤ ਕੀਤਾ ਗਿਆ ਹੈ, ਵਿਚ ਨਕਦੀ ਕਿੱਥੇ ਰੱਖੀ ਗਈ ਸੀ। ਤਲਾਸ਼ੀ ਦੌਰਾਨ 2.54 ਕਰੋੜ ਰੁਪਏ ਦੀ ਬੇਹਿਸਾਬੀ ਨਕਦੀ ਮਿਲੀ, ਜਿਸ ਦਾ ਕੁਝ ਹਿੱਸਾ 'ਵਾਸ਼ਿੰਗ ਮਸ਼ੀਨ' 'ਚ ਛੁਪਾ ਕੇ ਰੱਖਿਆ ਗਿਆ ਸੀ।

ਈਡੀ ਨੂੰ ਸੂਚਨਾ ਮਿਲੀ ਸੀ ਕਿ ਕੰਪਨੀਆਂ ਵੱਡੇ ਪੱਧਰ 'ਤੇ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਭੇਜਣ 'ਚ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਨੇ 1800 ਕਰੋੜ ਰੁਪਏ ਸਿੰਗਾਪੁਰ ਦੇ ਗਲੈਕਸੀ ਸ਼ਿਪਿੰਗ ਐਂਡ ਲੌਜਿਸਟਿਕਸ ਅਤੇ ਹੋਰੀਜ਼ਨ ਸ਼ਿਪਿੰਗ ਐਂਡ ਲੋਜਿਸਟਿਕਸ ਨੂੰ ਭੇਜੇ ਹਨ। ਇਨ੍ਹਾਂ ਦੋਵਾਂ ਕੰਪਨੀਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਐਂਥਨੀ ਡੀ ਸਿਲਵਾ ਕੋਲ ਹੈ।

Related Post