ਸਮਲਿੰਗੀ ਵਿਆਹ ਮਾਮਲੇ 'ਚ ਪੰਜ ਸਿੰਘ ਸਾਹਿਬਾਨ ਦਾ ਅਹਿਮ ਫੈਸਲਾ; ਹੋਰ ਮੁੱਦਿਆਂ 'ਤੇ ਵੀ ਆਦੇਸ਼ ਜਾਰੀ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅੱਜ ਹੋ ਰਹੀ ਪੰਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਵਿਸ਼ੇਸ਼ ਇਕੱਤਰਤਾ 'ਚ ਅਹਿਮ ਫੈਸਲੇ ਲਏ ਗਏ। ਦੱਸਣਯੋਗ ਹੈ ਕਿ ਗਿਆਨੀ ਰਘਬੀਰ ਸਿੰਘ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਬਣਨ ਤੋਂ ਬਾਅਦ ਪੰਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਇਹ ਪਲੇਠੀ ਵਿਸ਼ੇਸ਼ ਇਕਤੱਰਤਾ ਹੋਈ। ਇਸ ਇਕੱਤਰਤਾ 'ਚ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਗਿਆਨੀ ਗੁਰਮਿੰਦਰ ਸਿੰਘ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਰਾਮ ਸਿੰਘ ਪਹੁੰਚੇ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਦੀਰਘ ਵਿਚਾਰਾਂ ਕਰਕੇ ਅੱਜ ਪੰਜ ਅਹਿਮ ਫੈਸਲੇ ਲਏ ਗਏ।
ਇੱਕ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਗਿਆ ਕਿ ਗੁਰਦੁਆਰਾ ਕਲਗੀਧਰ ਸਾਹਿਬ, ਕੈਨਾਲ ਕਲੋਨੀ, ਮੁਲਤਾਨੀਆਂ ਰੋਡ, ਬਠਿੰਡਾ ਵਿਖੇ ਦੋ ਲੜਕੀਆਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲਾਵਾਂ ਕਰਵਾ ਕੇ ਸਮਲਿੰਗੀ ਵਿਆਹ ( ਅਨੰਦ ਕਾਰਜ ) ਕਰਵਾਉਣ ਸਬੰਧੀ ਕੇਸ ਵਿਚ ਇਹ ਫੈਸਲਾ ਹੋਇਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਦਾ ਲਈ ਪ੍ਰਬੰਧ ਚਲਾਉਣ ਵਿਚ ਅਯੋਗ ਕਰਾਰ ਕੀਤਾ ਜਾਂਦਾ ਹੈ, ਇਹ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿਚ ਨਹੀਂ ਆਉਣਗੇ। ਸੰਗਤਾਂ ਜਲਦ ਹੀ ਨਵੀਂ ਅੰਮ੍ਰਿਤਧਾਰੀ ਪ੍ਰਬੰਧਕ ਕਮੇਟੀ ਦੀ ਚੋਣ ਕਰਨ ਅਤੇ ਮੁੱਖ ਗ੍ਰੰਥੀ ਹਰਦੇਵ ਸਿੰਘ, ਗ੍ਰੰਥੀ ਅਜੈਬ ਸਿੰਘ, ਰਾਗੀ ਸਿਕੰਦਰ ਸਿੰਘ, ਤਬਲਾ ਵਾਦਕ ਸਤਨਾਮ ਸਿੰਘ ਨੂੰ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਕਰਨ ਦੇ ਦੋਸ਼ ਵਜੋਂ ਪੰਜ ਸਾਲ ਲਈ ਬਲੈਕ ਲਿਸਟ ਕੀਤਾ ਜਾਂਦਾ ਹੈ। ਇਹ ਕਿਸੇ ਵੀ ਗੁਰਦੁਆਰਾ ਸਾਹਿਬਾਨ ਅਤੇ ਧਾਰਮਿਕ ਸਮਾਗਮਾਂ `ਚ ਡਿਊਟੀ ਨਹੀਂ ਕਰਨਗੇ।
ਅੱਗੇ ਕਿਹਾ ਗਿਆ ਕਿ ਸੰਗਤਾਂ ਵੱਲੋਂ ਪੁੱਜੀਆਂ ਸ਼ਿਕਾਇਤਾਂ ਅਨੁਸਾਰ ਕੁਝ ਵਿਅਕਤੀ ਮਰਯਾਦਾ ਦੀ ਉਲੰਘਣਾ ਕਰਦਿਆ ਸਮੁੰਦਰਾਂ ਦੇ ਕੰਢੇ ਬੀਜ਼ਾਂ ਰਿਜ਼ੋਰਟਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਜ (ਵਿਆਹ) ਕਰਦੇ ਹਨ। ਜਿਸ 'ਤੇ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕਰਕੇ ਸਮੁੰਦਰਾਂ ਦੇ ਕੰਢੇ ਬੀਚਾਂ, ਰਿਜ਼ੋਰਟਾਂ ਆਦਿ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅਨੰਦ ਕਾਰਜ (ਡੈਸਟੀਨੇਸ਼ਨ ਵੈਡਿੰਗ) ਕਰਨ 'ਤੇ ਰੋਕ ਲਗਾਈ ਹੈ। ਇਸ ਦੇ ਨਾਲ ਹੀ, ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮੈਰਿਜ ਪੈਲੇਸ, ਹੋਟਲਾਂ ਅਤੇ ਬੈਂਕੁਇਟ ਹਾਲਾਂ 'ਚ ਅਨੰਦ ਕਾਰਜ ਕਰਨ ਉੱਤੇ ਪਹਿਲਾਂ ਤੋਂ ਹੀ ਸਿੱਖਾਂ ਦੀ ਸਿਰਮੌਰ ਸੰਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੂਰਨ ਤੌਰ 'ਤੇ ਮੁੰਕਮਲ ਪਾਬੰਦੀ ਲਗਾਈ ਜਾ ਚੁੱਕੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਲਏ ਫੈਸਲੇ
ਪੰਜ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਕਿ ਦਰਸ਼ਨ ਸਿੰਘ ਗੁਮਟਾਲੇ ਦੇ ਕੇਸ ਵਿਚ ਇਹ ਵਿਅਕਤੀ ਪੰਜ ਸਿੰਘ ਸਾਹਿਬਾਨ ਦੀ ਹਾਜਰੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸੰਗਤ ਵਿਚ ਖਲੋ ਕੇ ਆਪਣੇ ਕੀਤੇ ਬੱਜਰ ਗੁਨਾਹ ਕਬੂਲੇ ਤੇ ਗੁਰੂ ਪੰਥ, ਗੁਰੂ ਗ੍ਰੰਥ ਅਤੇ ਸੰਗਤ ਪਾਸੋਂ ਮੁਆਫੀ ਮੰਗੇ। ਜਿਨ੍ਹਾਂ ਚਿਰ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਹੋ ਕੇ ਪੰਜ ਸਿੰਘ ਸਾਹਿਬਾਨ ਦੀ ਹਾਜਰੀ ਵਿਚ ਸੰਗਤ ਸਾਹਮਣੇ ਮੁਆਫੀ ਨਹੀਂ ਮੰਗਦਾ ਉਨ੍ਹਾਂ ਚਿਰ ਇਹ ਕਥਾ-ਕੀਰਤਨ ਕਰਨ ਦਾ ਅਧਿਕਾਰੀ ਨਹੀਂ ਅਤੇ ਨਾ ਹੀ ਸੰਗਤ ਇਸ ਨੂੰ ਮੂੰਹ ਲਗਾਵੇ ਅਤੇ ਇਸ ਨਾਲ ਹਰ ਪੱਖ ਤੋਂ ਕੋਈ ਸਾਂਝ ਨਾ ਰੱਖੀ ਜਾਵੇ। ਜੇਕਰ ਇਹ ਕਥਾ ਕੀਰਤਨ ਕਰਦਾ ਸਾਹਮਣੇ ਆਇਆ ਤਾਂ ਇਸ ਦੇ ਖਿਲਾਫ ਮਰਯਾਦਾ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਆਪਣੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਅਧਿਕਾਰੀ ਵੀ ਨਹੀਂ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਹੋਏ ਆਦੇਸ਼ਾਂ ‘ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਇੰਦੌਰ ਦੀ ਕਰਵਾਈ ਜਾਣ ਵਾਲੀ ਚੋਣ ਪ੍ਰਕਿਰਿਆ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਜਗਜੀਤ ਸਿੰਘ (ਸੁਗਾ) ਨਾਮਜਦ ਮੈਂਬਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਇੰਦੌਰ, ਮੱਧਪ੍ਰਦੇਸ਼ ਨੂੰ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜਰ ਹੋਣ ਲਈ ਬੁਲਾਇਆ ਗਿਆ ਪਰੰਤੂ ਹਰ ਵਾਰ ਇਹ ਆਨਾਕਾਨੀ ਕਰਕੇ ਹਾਜਰ ਨਹੀਂ ਹੋਇਆ।ਜਿਸ 'ਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਦੀ ਪ੍ਰਬੰਧਕ ਕਮੇਟੀ ਵਿਚੋਂ ਮੈਂਬਰਸ਼ਿਪ ਖਾਰਜ ਕੀਤੀ ਜਾਂਦੀ ਹੈ ਅਤੇ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਜਿਨ੍ਹੀ ਦੇਰ ਤੱਕ ਜਗਜੀਤ ਸਿੰਘ ਗੁਰਦੁਆਰਾ ਚੋਣ ਸਬੰਧੀ ਕੀਤੇ ਕੇਸ ਵਾਪਸ ਨਹੀਂ ਲੈਂਦਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣੀ ਭੁੱਲ ਨਹੀਂ ਬਖਸ਼ਾਉਂਦਾ ਉਨ੍ਹਾਂ ਦੇਰ ਤੱਕ ਸੰਗਤਾਂ ਇਸ ਨੂੰ ਮੂੰਹ ਨਾ ਲਗਾਉਣ।
ਗੁਰਦੁਆਰਾ ਸਿੰਘ ਸਭਾ, ਮਿਆਣੀ ਰੋਡ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੇਸ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਰ-ਵਾਰ ਬੁਲਾਉਣ ‘ਤੇ ਹਾਜਰ ਨਹੀਂ ਹੋਈ।ਜਿਸ ‘ਤੇ ਪੰਜ ਸਿੰਘ ਸਾਹਿਬਾਨ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਮੀਤ ਪ੍ਰਧਾਨ ਜੋਗਿੰਦਰ ਸਿੰਘ ਅਤੇ ਸਕੱਤਰ ਕਮਲਪ੍ਰੀਤ ਸਿੰਘ ਨੂੰ ਪ੍ਰਬੰਧ ਚਲਾਉਣ ਵਿਚ ਅਯੋਗ ਕਰਾਰ ਕੀਤਾ ਹੈ। ਸਮੂਹ ਸੰਗਤਾਂ ਨੂੰ ਆਦੇਸ਼ ਹੈ ਕਿ ਇਨ੍ਹਾਂ ਨੂੰ ਕੋਈ ਮੂੰਹ ਨਾ ਲਗਾਵੇ।
ਉਕਤ ਫੈਸਲੇ ਅੱਜ ਮਿਤੀ 30 ਅੱਸੂ ਨਾਨਕਸ਼ਾਹੀ ਸੰਮਤ 555 ਮੁਤਾਬਿਕ 16 ਅਕਤੂਬਰ 2023 ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਲੈ ਗਏ ਹਨ।