Sri Guru Granth Sahib Ji: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼

By  Aarti September 16th 2023 10:08 AM

ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥

ਧਰਮ ਗ੍ਰੰਥ ਤੋਂ ਬਿਨਾ ਧਰਮ ਦੀ ਹੋਂਦ ਹੀ ਸੰਭਵ ਨਹੀਂ ਹੈ। ਧਰਮ ਗ੍ਰੰਥ ਹੀ, ਧਰਮ ਦਾ ਕੇਂਦਰੀ ਸਰੋਕਾਰ ਅਤੇ ਧਰਮ ਦੇ ਸਿਧਾਂਤਾ ਦੀ ਜਿੰਦ ਜਾਨ ਹੁੰਦਾ ਹੈ। ਪਾਵਨ ਪਵਿੱਤਰ ਧਰਮ ਗ੍ਰੰਥ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ‘ਧੁਰ ਕੀ ਬਾਣੀ’ ਦਾ ਪ੍ਰਤੱਖ ਸਰੂਪ ਹੈ। ਇਸ ਵਿੱਚ ਗੁਰ ਪ੍ਰਮੇਸ਼ਰ ਜੋਤਿ ਸਰੂਪ ਵਿੱਚ ਅਤੇ ਅੰਮ੍ਰਿਤ ਬਾਣੀ ਸ਼ਬਦ ਦੇ ਰੂਪ ਵਿੱਚ ਸਰਗੁਣ ਸਰੂਪ ਵਿਚ ਬਿਰਾਜਮਾਨ ਹੈ। ਸ੍ਰੀ ਗੁਰੂ ਗ੍ਰੰਥ  ਸਾਹਿਬ ਵਿਚ ਦਰਜ ਇਕ ਇਕ ਸ਼ਬਦ ਸਾਡੇ ਜੀਵਨ ਦੀ ਅਗਵਾਈ ਕਰਦਾ ਹੈ। ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਅਜ਼ਬ ਅਤੇ ਅਦੁੱਤੀ ਹੈ। ਇੰਝ ਵੀ ਕਹਿ ਸਕਦੇ ਹਾਂ ਕਿ ਇਹ ਅਕਾਲ ਪੁਰਖ ਪ੍ਰਮਾਤਮਾ ਦਾ ਪੈਗਾਮ ਏ ਈਲਾਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਹਰ ਸਮੇਂ ਮਨੁੱਖੀ ਕਾਰਵਾਂ ਦੀ ਸਰਬਪੱਖੀ ਅਗਵਾਈ ਕਰਨ ਵਾਲਾ ਚਾਨਣ ਮੁਨਾਰਾ ਹੈ। 

ਸੰਸਾਰ ਵਿਚ ਅਨੇਕਾਂ ਹੀ ਧਰਮ ਪ੍ਰਚੱਲਿਤ ਹਨ। ੳਹਨਾਂ ਦੇ ਆਪੋ ਆਪਣੇ ਪਵਿੱਤਰ ਧਰਮ ਗ੍ਰੰਥ  ਹਨ। ਧਰਮ ਗ੍ਰੰਥਾਂ ਦੇ ਸਿਧਾਂਤਾ ਤੇ ਨਿਯਮ ਆਧਾਰਿਤ ਹੁੰਦੇ ਹਨ ਇੰਝ ਵੀ ਕਹਿ ਸਕਦੇ ਹਾਂ ਧਰਮ ਗ੍ਰੰਥ ਹੀ ਧਰਮ ਦਾ ਕੇਦਰੀ ਸਰੋਕਾਰ ਅਤੇ ਧਰਮ ਦੇ ਸਿਧਾਤਾਂ ਦੀ ਜਿੰਦ ਜਾਨ ਹੁੰਦਾਂ ਹੈ। ਧਰਮ ਗ੍ਰੰਥ ਤੋਂ ਬਿਨਾਂ ਧਰਮ ਦੀ ਹੋਂਦ ਨੂੰ ਸਵੀਕਾਰ ਹੀ ਨਹੀ ਕੀਤਾ ਜਾ ਸਕਦਾ। ਕਿਉਂਕਿ ਧਰਮ ਗ੍ਰੰਥ ਹੀ ਆਪਣੇ ਗੁਰੂਆਂ, ਪੈਗੰਬਰਾਂ ਵਲੋ ਦਿਤੇ ਹੋਏ ਸਿਧਾਤਾ ਨਾਲ ਆਪਣੇ ਪੈਰੋਕਾਰਾਂ ਨੂੰ ਧਰਮ ਨਾਲ ਜੋੜਣ ਲਈ ਰਾਹ ਨਿਰਧਾਰਤ ਕਰਦੇ ਹਨ। ਧਰਮ ਗ੍ਰੰਥ ਅਸਲ ਵਿਚ ਧਰਮ ਦੇ ਬਾਨੀਆਂ ਦੇ ਰੱਬੀ ਬੋਲਾ ਦਾ ਖਜ਼ਾਨਾ ਹਨ।

ਕਿਸੇ ਵੀ ਧਰਮ ਦਾ ਧਰਮ ਗ੍ਰੰਥ ਕੇਵਲ ਇਕ ਹੀ ਹੁੰਦਾ ਹੈ। ਜਿਹੜੀਆਂ ਕੌਮਾਂ ਜਾ ਧਰਮ ਆਪਣੇ ਧਰਮ ਗ੍ਰੰਥਾਂ  ਦੇ ਮਹੱਤਵ ਦੇ ਰਹੱਸ ਨੂੰ ਸਮਝਣ ਦੇ ਸਮਰੱਥ ਹੁੰਦੀਆਂ ਹਨ। ਉਹ ਹਮੇਸ਼ਾਂ ਹਮੇਸ਼ਾਂ ਲਈ ਅਮਰ ਹੋ ਜਾਂਦੀਆਂ ਹਨ। ਧਰਮ ਗ੍ਰੰਥ ਹੀ ਕਿਸੇ ਵੀ ਵਖਰੀ ਕੌਮ ਦੀ ਅਤੇ ਨਿਰਾਲੀ ਹੋਂਦ ਨੂੰ ਸਿੱਧ ਕਰਨ ਵਿੱਚ ਕੇਂਦਰੀ ਭੂਮਿਕਾ ਅਦਾ ਕਰਦਾ ਹੈ।

ਧਰਮ ਗ੍ਰੰਥਾਂ  ਦੇ ਇਸ ਸਮੁਚੇ ਇਤਿਹਾਸ ਵੱਲ ਜਦੋਂ ਨਿਗਾਹ ਮਾਰਦੇ ਹਾਂ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲਖਣਤਾ ਦੇ ਝਲਕਾਰੇ ਸਾਡੇ ਸਾਹਮਣੇ ਨਜ਼ਰ ਆੳਦੇ ਹਨ। ਸਿਖ ਧਰਮ ਦੇ ਪਾਵਨ ਪਵਿਤਰ ਧਰਮ ਗ੍ਰੰਥ  ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

ਧਰਮਾਂ ਦੇ ਇਤਿਹਾਸ ਵਿਚ ਇਕੋ ਇਕ ਅਜਿਹਾ ਧਰਮ ਗ੍ਰੰਥ  ਜਿਸਨੂੰ ਗੁਰੂ ਰੂਪ ਵਿਚ ਪ੍ਰਵਾਨ ਕੀਤਾ ਹੋਇਆ ਹੈ। ਇਕੋ ਇਕ ਧਰਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸਨੂੰ ਗੁਰੂ ਸਾਹਿਬਾਨਾ ਨੇ ਆਪ ਤਿਆਰ ਕਰਵਾਇਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਾਹਿਬਾਨਾਂ, 15 ਭਗਤ,11 ਭੱਟ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਰਾਹੀਂ ਅਸੀ ਸਮੁੱਚੀ ਬਾਣੀ ਦੇ ਦੀਦਾਰ ਕਰਦੇ ਹਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੂਲ ਰੂਪ ਵਿਚ ਪੰਜਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਈ ਵਿਚ ਸੰਪਾਦਿਤ ਕੀਤਾ। ਗੁਰੂ ਸਾਹਿਬ ਦੀ ਦੂਰ ਅੰਦੇਸ਼ੀ ਸਦਕਾ ਸੰਸਾਰ ਦਾ ਪਹਿਲਾ ਅਜਿਹਾ ਧਾਰਮਿਕ ਗੰ੍ਰਥ ਜਿਸ ਵਿਚ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਨਾਲ ੳਹਨਾ ਹਿੰਦੂ ਭਗਤਾਂ, ਮੁਸਲਮਾਨਾ ਫਕੀਰਾਂ, ਮਹਾਪੁਰਖਾਂ ਦੇ ਬੋਲਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਜਿਨਾਂ ਦੀ ਬਾਣੀ ਵਿੱਚ ਇਕ ਨਿਰੰਕਾਰ ਦੀ ਬੰਦਗੀ ਅਤੇ ਸਮਾਜਿਕ ਬਰਾਬਰੀ ਦਾ ਸਿਧਾਂਤ ਸੀ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਭਾਸ਼ਾਵਾਂ ਦੇ ਸ਼ਬਦ ਮੌਜੂਦ ਹਨ ਪਰ ਇਹਨਾਂ ਸਾਰਿਆਂ ਦਾ ਪ੍ਰਗਟਾਅ ਗੁਰਮੁੱਖੀ ਲਿਪੀ ਵਿਚ ਕੀਤਾ ਗਿਆ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸਰੂਪ ਨੂੰ ਪੋਥੀ ਸਾਹਿਬ ਤਥਾ ਸ੍ਰੀ ਆਦਿ ਗ੍ਰੰਥ  ਸਾਹਿਬ ਕਹਿ ਕੇ ਸਤਕਾਰਿਆ ਜਾਂਦਾ ਸੀ। ਇਸਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਇਸ ਦਾ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਇਸਦੇ ਪਹਿਲੇ ਗ੍ਰੰਥੀ ਵਜੋਂ ਥਾਪਿਆ ਗਿਆ। ਸੰਨ 1604 ਈ ਨੂੰ ਜਦੋ ਆਦਿ ਸ਼੍ਰੀ ਗੁਰੂ ਗ੍ਰੰਥ  ਸਾਹਿਬ ਜੀ ਦਾ ਪਹਿਲਾਂ ਪ੍ਰਕਾਸ਼ ਹੋਇਆ ਤਾਂ ਪਹਿਲਾ ਹੁਕਮਨਾਮਾ ਸੀ 

ਸੂਹੀ ਮਹਲਾ ਪੰਜਵਾ

ਸੰਤਾ ਕੇ ਕਾਰਜਿ ਆਪਿ ਖਲੋਇਆਗ੍ਰੰਥ 

ਹਰਿ ਕੰਮੁ ਕਰਾਵਣਿ ਆਇਆ ਰਾਮ ॥

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 102 ਸਾਲ ਬਾਅਦ ਸ੍ਰੀ ਆਦਿ ਗੰਥ ਸਾਹਿਬ ਜੀ ਦੀ ਬੀੜ ਭਾਈ ਮਨੀ ਸਿੰਘ ਜੀ ਪਾਸੋਂ ਦੁਬਾਰਾ ਤਿਆਰ ਕਰਵਾਈ ਅਤੇ ਇਸ ਦੇ ਨੋਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਸ਼ਾਮਿਲ ਕਰ ਦਿਤਾ ।

ਗੁਰੂ ਸਾਹਿਬ ਦੀ ਸਮੁੱਚੀ ਬਾਣੀ (ਨਾਨਕ) ਛਾਪ ਹੇਠ ਦਰਜ ਹੈ। ਪਰ ਇਹ ਦੱਸਣ ਲਈ ਕਿ ਇਹ ਬਾਣੀ ਕਿਸ ਗੁਰੂ ਸਾਹਿਬਾਨ ਦੀ ਹੈ ਮਹਲਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਨਾਂ ਹੀ ਨਹੀ ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਜਿਨਾ ਗੁਰਸਿਖਾ ਦੀ ਬਾਣੀ ਦਰਜ ਹੈ ਉਨਾ ਦੇ ਨਾਮ ਦੇ ਝਲਕਾਰੇ ਬਾਣੀ ਵਿਚੋ ਸਾਫ ਦਿਖਾਈ ਦਿੰਦੇ ਹਨ।

ਸ੍ਰੀ ਗੁਰੂ ਗ੍ਰੰਥ  ਸਾਹਿਬ ਦਾ ਹਰ ਸ਼ਬਦ ਸਾਡੀ ਜਿੰਦਗੀ ਵਿਚੋਂ ਕਾਮ, ਕਰੋਧ ਲੋਭ, ਮੋਹ,ਹੰਕਾਰ ਵਰਗੇ ਦੁਸ਼ਟ ਪ੍ਰਭਾਵਾਂ ਨੂੰ ਨਸ਼ਟ ਕਰਕੇ ਸੇਵਾ, ਸਿਮਰਨ, ਸਬਰ, ਸੰਤੋਖ ਵੱਲੋ ਅਕਰਸ਼ਤ ਕਰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ੳਪਦੇਸ਼ ਕੇਵਲ ਸਿਖਾਂ ਦੇ ਲਈ ਹੀ ਨਹੀ ਸਗੋ ਸਮੁੱਚੀ ਮਨੁੱਖਤਾ ਲਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਦੇਸ਼ ਸਰਬ ਸਾਝੇ ਰੱਬ ਦੀ ਬੰਦਗੀ ਵਿਚ ਵਿਸ਼ਵਾਸ ਤੇ ਮਨੁੱਖੀ ਭਾਈਚਾਰੇ ਵਿਚ ਏਕਤਾ ਸਿਖਾਉਦਾਂ ਹੈ।

ਸਭੁ ਕੋ ਮੀਤੁ ਹਮ ਆਪਨ ਕੀਨਾ

ਹਮ ਸਭਨਾ ਕੇ ਸਾਜਨ॥

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਨੁੱਖਤਾ ਨੂੰ ਧਰਮ ਅਤੇ ਵਰਣ ਦੇ ਨਾਂ ਤੇ ਵੰਡਣ ਦੀ ਅਤੇ ਵਿਤਕਰਾ ਕਰਨ ਦੀ ਆਗਿਆ ਨਹੀ ਦਿੰਦਾ। ਇਸ ਵਿਚ ਸਭ ਸੰਸਾਰ ਦੀ ਸਮੁੱਚੀ ਮਨੁੱਖਤਾ ਨੂੰ ਇਕ ਸਮਾਜਿਕ ਭਾਈਚਾਰਾ ਸਮਝਿਆ ਗਿਆ ਹੈ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ ਗਈ ਹੈ।

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ

ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥

ਆਓ, ਜਿੱਥੇ ਅਸੀ ਸਭ ਰੋਜ਼ਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵੇਰੇ ਸ਼ਾਮ ਦੀਦਾਰ ਕਰਦੇ ਹਾਂ ਮੱਥਾ ਟੇਕਦੇ ਹਾਂ ੳਥੇ ਨਾਲ ਹੀ ਆਪਾ ਪਾਵਨ ਸਿਧਾਤਾਂ ਨੂੰ ਹਿਰਦੇ ਦਾ ਸ਼ਿੰਗਾਰ ਬਣਾਉਦੇ ਹੋਏ ਆਪ ਅਤੇ ਆਪਣੇ ਬੱਚਿਆਂ ਨੂੰ ਨਿਰੰਤਰ ਗੁਰਬਾਣੀ ਨਾਲ ਜੋੜੀਏ। ਰੋਜ਼ਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰੀਏ।

Related Post