ਜਲਦ ਜਨਤਾ ਦੇ ਸਪੁਰਦ ਕੀਤੇ ਜਾਣਗੇ ਸ਼ਹੀਦ ਊਧਮ ਸਿੰਘ ਦੇ ਉਂਗਲਾਂ ਦੇ ਨਿਸ਼ਾਨ

By  Jasmeet Singh August 28th 2023 01:14 PM -- Updated: August 28th 2023 01:44 PM

ਫਿਲੌਰ: ਪੂਰਾ ਮੁਲਕ ਜਲ੍ਹਿਆਂਵਾਲਾ ਸਾਕੇ ਦਾ ਲੰਡਨ ਜਾ ਕੇ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੀ 84ਵੀਂ ਸ਼ਹੀਦੀ  ਵਰ੍ਹੇਗੰਢ ਮਨਾ ਰਿਹਾ ਹੈ। ਇਸ ਦੌਰਾਨ ਪੰਜਾਬ ਪੁਲਿਸ ਅਕੈਡਮੀ ਦੇ ਦਸਤਾਵੇਜ਼ਾਂ ਵਿਚੋਂ ਉਨ੍ਹਾਂ ਦੀਆਂ ਉਂਗਲਾਂ ਦੇ ਨਿਸ਼ਾਨ ਮਿਲੇ ਹਨ। ਜਲਦੀ ਹੀ ਆਮ ਲੋਕ ਵੀ ਇਨ੍ਹਾਂ ਉਂਗਲਾਂ ਦੇ ਨਿਸ਼ਾਨਾਂ ਨੂੰ ਦੇਖ ਸਕਣਗੇ।

ਦੱਸਿਆ ਜਾ ਰਿਹਾ ਕਿ ਪੰਜਾਬ ਪੁਲਿਸ ਇਨ੍ਹਾਂ ਨੂੰ ਢੁਕਵੇਂ ਸਥਾਨਾਂ 'ਤੇ ਪ੍ਰਦਰਸ਼ਿਤ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਉਮੀਦ ਹੈ ਕਿ ਇਹ ਕੰਮ ਜਲਦੀ ਹੀ ਪੂਰਾ ਹੋ ਜਾਵੇਗਾ। ਸ਼ਹੀਦ ਊਧਮ ਸਿੰਘ ਦੇ ਇਹ ਫਿੰਗਰਪ੍ਰਿੰਟ ਸਾਲ 1927 ਦੇ ਪੁਲਿਸ ਦਸਤਾਵੇਜ਼ਾਂ ਵਿਚੋਂ ਮਿਲੇ ਹਨ। ਜਦੋਂ ਉਨ੍ਹਾਂ ਨੂੰ ਗ਼ਦਰ ਪਾਰਟੀ ਦੇ ਆਗੂ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਉਂਗਲਾਂ ਦੇ ਨਿਸ਼ਾਨ ਪੁਲਿਸ ਦੇ ਰਿਕਾਰਡ ਲਈ ਲਏ ਗਏ ਸਨ।


ਇਹ ਵੀ ਪੜ੍ਹੋ:  ਸਰਦਾਰ ਊਧਮ ਸਿੰਘ ਨੇ ਜਨਰਲ ਡਾਇਰ ਨੂੰ ਨਹੀਂ ਮਾਰਿਆ ਸੀ, ਫਿਰ ਸਿੰਘ ਦਾ ਨਿਸ਼ਾਨਾ ਬਣਿਆ ਅੰਗਰੇਜ਼ ਅਫ਼ਸਰ ਕੌਣ ਸੀ? ਪੂਰਾ ਪੜ੍ਹੋ

ਸਾਲ 1927 ਵਿੱਚ ਹੋਈ ਸੀ ਊਧਮ ਸਿੰਘ ਦੀ ਗ੍ਰਿਫ਼ਤਾਰੀ
ਜਦੋਂ 1927 ਵਿੱਚ ਪੰਜਾਬ ਦੀ ਤਤਕਾਲੀ ਬ੍ਰਿਟਿਸ਼ ਇੰਡੀਅਨ ਪੁਲਿਸ ਨੇ ਊਧਮ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਉਨ੍ਹਾਂ ਕੋਲ ਇੱਕ ਪਿਸਤੌਲ ਅਤੇ ਗਦਰ ਪਾਰਟੀ ਦੇ ਅਖ਼ਬਾਰ 'ਗਦਰ ਦੀ ਗੂੰਜ' ਦੀ ਇੱਕ ਕਾਪੀ ਮਿਲੀ ਸੀ। ਉਸ ਸਮੇਂ ਊਧਮ ਸਿੰਘ ਨੂੰ ਅਦਾਲਤ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਇਸੇ ਦੌਰਾਨ ਸ਼ਹੀਦ ਊਧਮ ਸਿੰਘ ਦੇ ਉਂਗਲਾਂ ਦੇ ਨਿਸ਼ਾਨ ਲਏ ਗਏ ਸਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਉਨ੍ਹਾਂ ਦਾ ਨਾਮ ਸ਼ੇਰ ਸਿੰਘ ਲਿਖਿਆ ਹੋਇਆ ਹੈ ਜਦਕਿ ਉਨ੍ਹਾਂ ਦੇ ਪਿਤਾ ਦਾ ਨਾਮ ਟਹਿਲ ਸਿੰਘ ਵਜੋਂ ਦਰਜ ਹੈ।

ਇਸ ਤਰੀਕ ਨੂੰ ਲਏ ਗਏ ਸਨ ਫਿੰਗਰਪ੍ਰਿੰਟ
ਇਹ ਉਂਗਲਾਂ ਦੇ ਨਿਸ਼ਾਨ 10 ਅਕਤੂਬਰ 1927 ਨੂੰ ਲਏ ਗਏ ਸਨ। ਪੇਪਰ ਵਿੱਚ ਸਾਲ 1940 ਦੀ ਤਾਰੀਖ ਵੀ ਦਰਜ ਹੈ,  ਮੰਨਿਆ ਜਾ ਰਿਹਾ ਹੈ ਕਿ ਉਸ ਵੇਲੇ ਊਧਮ ਸਿੰਘ ਦੇ ਉਂਗਲਾਂ ਦੇ ਨਿਸ਼ਾਨ ਪੰਜਾਬ ਪੁਲਿਸ ਨੇ ਉਦੋਂ ਲੰਡਨ ਭੇਜ ਦਿੱਤੇ ਸਨ। ਜਿੱਥੇ ਊਧਮ ਸਿੰਘ ਮਾਈਕਲ ਓਡਵਾਇਰ ਦੇ ਕਤਲ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਸਨ।

ਇਹ ਵੀ ਪੜ੍ਹੋ: PSEB ਦੀ 9ਵੀਂ ਜਮਾਤ ਦੀ ਕਿਤਾਬ 'ਚ ਸ਼ਹੀਦ ਊਧਮ ਸਿੰਘ ਬਾਰੇ ਪੜ੍ਹਾਈ ਜਾ ਰਹੀ ਗ਼ਲਤ ਜਾਣਕਾਰੀ



ਜਦੋਂ ਪੁਲਿਸ ਅਕੈਡਮੀ ਤਬਦੀਲ ਹੋਈ ਮਿਲਟਰੀ ਪੁਲਿਸ ਫੋਰਸ 
ਦੱਸਣਯੋਗ ਹੈ ਕਿ ਸ਼ਹੀਦ ਊਧਮ ਸਿੰਘ ਦਾ ਅਸਲੀ ਨਾਂ ਸ਼ੇਰ ਸਿੰਘ ਸੀ। ਉਂਜ ਉਹ ਹਮੇਸ਼ਾ ਆਪਣਾ ਨਾਂ ਰਾਮ ਮੁਹੰਮਦ ਸਿੰਘ ਆਜ਼ਾਦ ਲਿਖਦੇ ਸਨ। ਉਹ ਪੰਜਾਬ ਦੇ ਸੁਨਾਮ ਦੇ ਰਹਿਣ ਵਾਲੇ ਸਨ। ਕਾਬਲੇਗੌਰ ਹੈ ਕਿ ਫਿਲੌਰ ਸਥਿਤ ਪੁਲਿਸ ਅਕੈਡਮੀ ਵਿੱਚ 1860 ਤੋਂ ਪੁਲਿਸ ਕੇਸ ਦੀਆਂ ਫਾਈਲਾਂ, ਦਸਤਾਵੇਜ਼ਾਂ ਅਤੇ ਹਥਿਆਰਾਂ ਦਾ ਭੰਡਾਰ ਜਮਾ ਹੈ। ਉਸ ਸਮੇਂ ਇਸ ਨੂੰ ਮਿਲਟਰੀ ਪੁਲਿਸ ਫੋਰਸ ਵਜੋਂ ਜਾਣਿਆ ਜਾਂਦਾ ਸੀ ਜਦਕਿ ਸਾਲ 1891 ਵਿੱਚ ਇਹ ਪੁਲਿਸ ਅਕੈਡਮੀ ਬਣ ਗਈ।

Related Post