ਸੰਗਰੂਰ: ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ; ਕਈ ਕਿਸਾਨ ਅਤੇ ਪੁਲਿਸ ਮੁਲਾਜ਼ਮ ਗੰਭੀਰ ਜ਼ਖਮੀ; ਇੱਕ ਕਿਸਾਨ ਦੀ ਮੌਤ

By  Jasmeet Singh August 21st 2023 05:00 PM -- Updated: August 21st 2023 06:15 PM

Sangrur News: ਪਿਛਲੇ ਦਿਨੀਂ ਕਿਸਾਨ ਯੂਨੀਅਨਾਂ ਦੀ ਤਰਫੋਂ ਪੰਜਾਬ ਸਰਕਾਰ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ, ਜੋ ਬੇਸਿੱਟਾ ਰਹੀ। ਜਿਸ ਤੋਂ ਬਾਅਦ ਅੱਜ ਕਿਸਾਨਾਂ ਦੀ ਤਰਫੋਂ ਚੰਡੀਗੜ੍ਹ ਵਿਖੇ ਵੱਡੇ ਪੱਧਰ 'ਤੇ ਪ੍ਰਦਰਸ਼ਨ ਕੀਤਾ ਜਾਣਾ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ 16 ਯੂਨੀਅਨਾਂ ਦੇ ਕਿਸਾਨ ਆਗੂਆਂ ਨੂੰ ਸੋਮਵਾਰ ਸਵੇਰ ਤੋਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿਰਾਸਤ 'ਚ ਲੈ ਲਿਆ ਗਿਆ। 

ਹਿਰਾਸਤ 'ਚ ਲੈਣ ਦਾ ਕਾਰਨ ਇਨ੍ਹਾਂ ਕਿਸਾਨ ਯੂਨੀਅਨਾਂ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਵਿਰੁੱਧ 22 ਅਗਸਤ ਤੋਂ ਚੰਡੀਗੜ੍ਹ ਵਿੱਚ ਕੀਤਾ ਜਾ ਰਿਹਾ ਧਰਨਾ ਸੀ। ਇਹ ਯੂਨੀਅਨਾਂ ਸੰਯੁਕਤ ਕਿਸਾਨ ਮੋਰਚਾ ਦਾ ਹਿੱਸਾ ਨਹੀਂ ਹਨ। 

ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਆਗੂਆਂ ਤੇ ਲੌਂਗੋਵਾਲ ਪੁਲਿਸ ਦਰਮਿਆਨ ਝੜਪ ਦੌਰਾਨ ਦੋ ਕਿਸਾਨ ਆਗੂ ਤੇ ਇੱਕ ਪੁਲਿਸ ਇੰਸਪੈਕਟਰ ਵੀ ਜ਼ਖ਼ਮੀ ਹੋ ਗਿਆ।


ਐਤਵਾਰ ਰਾਤ ਤੱਕ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਾਲੇ ਆਗੂਆਂ ਨਾਲ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਗੱਲਬਾਤ ਚੱਲੀ, ਜੋ ਕਥਿਤ ਤੌਰ 'ਤੇ ਅਸਫਲ ਰਹੀ। ਪਰ ਪ੍ਰਸ਼ਾਸਨ ਨੇ ਭਾਰਤੀ ਕਿਸਾਨ ਯੂਨੀਅਨ ਅਜ਼ਾਦ ਦੇ ਪ੍ਰਧਾਨ ਜਸਵਿੰਦਰ ਸਿੰਘ ਸੋਮਾ ਨੂੰ ਪਹਿਲਾਂ ਹੀ ਸੰਗਰੂਰ ਦੇ ਪਿੰਡ ਲੌਂਗੋਵਾਲ ਵਿੱਚ ਨਜ਼ਰਬੰਦ ਕਰ ਦਿੱਤਾ ਤਾਂ ਜੋ ਉਹ ਚੰਡੀਗੜ੍ਹ ਧਰਨੇ ਲਈ ਘਰੋਂ ਬਾਹਰ ਨਾ ਨਿਕਲ ਸੱਕਣ। 

ਇਸ ਤੋਂ ਬਾਅਦ ਹਾਲ ਹੀ ਵਿੱਚ ਕਿਸਾਨ ਅਤੇ ਪੁਲਿਸ ਵਿਚਕਾਰ ਝੜਪ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਸਥਿਤੀ ਕਾਫ਼ੀ ਵਿਗੜ ਗਈ। ਪੁਲਿਸ ਅਤੇ ਕਿਸਾਨਾਂ ਵਿਚਕਾਰ ਝਗੜੇ ਦੌਰਾਨ ਕਾਫ਼ੀ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਗੰਭੀਰ ਜ਼ਖਮੀ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। 

ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀਆਂ ਵੱਲੋਂ ਕਿਸਾਨਾਂ 'ਤੇ ਗੱਡੀ ਚਲਾ ਦਿੱਤੀ ਗਈ ਅਤੇ ਪੁਲਿਸ ਵੱਲੋਂ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੀ ਵੀ ਖ਼ਬਰ ਹੈ। ਜਿੱਥੇ ਝੜਪ ਦੌਰਾਨ ਦੋ ਕਿਸਾਨ ਆਗੂ ਪ੍ਰੀਤਮ ਸਿੰਘ ਤੇ ਗੁਰਜੰਟ ਸਿੰਘ ਵਾਸੀ ਮੰਡੇਰ ਕਲਾਂ ਜ਼ਖ਼ਮੀ ਹੋ ਗਏ।



ਇਸ ਦਰਮਿਆਨ ਕਿਸਾਨ ਪ੍ਰੀਤਮ ਸਿੰਘ ਦੀ ਲੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸਨੂੰ ਸਥਾਨਿਕ ਹਸਪਤਾਲ 'ਚ ਮੁਢਲੀ ਸਹਾਇਤਾ ਦੇਣ ਮਗਰੋਂ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਸੀ, ਜਿਸਦੀ ਹੁਣ ਮੌਤ ਹੋ ਚੁਕੀ ਹੈ। ਜਦਕਿ ਕਿ ਇੱਕ ਇੰਸਪੈਕਟਰ ਦੀਪਿੰਦਰਪਾਲ ਸਿੰਘ ਦੇ ਵੀ ਬੁਰੀ ਤਰ੍ਹਾਂ ਜ਼ਖਮੀ ਹੋਣ ਦੀ ਖ਼ਬਰ ਹੈ।

ਇਸ ਸਮੇਂ ਹਾਲਾਤ ਇਹ ਹਨ ਕਿ ਬਹੁਤੇ ਕਿਸਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਕਈ ਕਿਸਾਨ ਜ਼ਖਮੀਆਂ ਦੀ ਕੁੱਲ ਗਿਣਤੀ ਕਰਨ ਲਈ ਮੋਰਚੇ 'ਤੇ ਬੈਠ ਗਏ ਨੇ, ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। 

ਪ੍ਰਸ਼ਾਸਨ ਵੱਲੋਂ ਪੂਰੇ ਪਿੰਡ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਵਿਗੜੀ ਸਥਿਤੀ 'ਤੇ ਕਾਬੂ ਪਾਇਆ ਜਾ ਸਕੇ। 

Related Post