ਫ਼ਿਰੋਜ਼ਪੁਰ: ਡੀ.ਐੱਸ.ਪੀ ਸੁਰਿੰਦਰਪਾਲ ਬਾਂਸਲ 5 ਲੱਖ ਰਿਸ਼ਵਤ ਅਤੇ ਅਹੁਦੇ ਦੀ ਦੁਰਵਰਤੋਂ ਮਾਮਲੇ 'ਚ ਗ੍ਰਿਫ਼ਤਾਰ
PTC News Desk: ਫ਼ਿਰੋਜ਼ਪੁਰ ਸਬ-ਡਵੀਜ਼ਨ ਦੇ ਡੀ.ਐੱਸ.ਪੀ. ਸੁਰਿੰਦਰਪਾਲ ਬਾਂਸਲ ਨੂੰ ਪੁਲਿਸ ਨੇ ਸੋਮਵਾਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਮੰਗਲਵਾਰ (ਅੱਜ) ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਹ ਗ੍ਰਿਫਤਾਰੀ 5 ਲੱਖ ਰੁਪਏ ਦੀ ਰਿਸ਼ਵਤ ਅਤੇ ਅਹੁਦੇ ਦੀ ਦੁਰਵਰਤੋਂ ਦੇ ਮਾਮਲੇ ਨਾਲ ਸਬੰਧਤ ਹੈ।
ਇਸ ਤੋਂ ਪਹਿਲਾਂ ਬਾਂਸਲ ਨੇ ਆਪਣੇ ਅਧੀਨ ਇੱਕ ਇੰਸਪੈਕਟਰ ਸਮੇਤ 10 ਪੁਲਿਸ ਮੁਲਾਜ਼ਮਾਂ 'ਤੇ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਦੇ ਇਲਜ਼ਾਮ ਲਾਏ ਸਨ। ਇਸ ਮਾਮਲੇ ਦੀ ਜਾਂਚ ਅਜੇ ਬਾਕੀ ਹੈ। ਇਸ ਤੋਂ ਪਹਿਲਾਂ ਬਾਂਸਲ ਰਿਸ਼ਵਤ ਦੇ ਕੇਸ ਵਿੱਚ ਫਸ ਗਏ ਹਨ।
ਇੰਝ ਹੋਇਆ 5 ਲੱਖ ਦੀ ਰਿਸ਼ਵਤ ਦਾ ਖ਼ੁਲਾਸਾ
ਡੀ.ਐੱਸ.ਪੀ ਸੁਰਿੰਦਰਪਾਲ ਬਾਂਸਲ ਵੱਲੋਂ ਰਿਸ਼ਵਤ ਲੈਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਵਿਭਾਗ ਦੇ ਐੱਸ.ਪੀ-ਡੀ ਰਣਧੀਰ ਕੁਮਾਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸੀ। ਜਿਸ 'ਚ ਖੁਲਾਸਾ ਹੋਇਆ ਸੀ ਕਿ ਬਾਂਸਲ ਨੇ ਸਾਬਕਾ ਸਰਪੰਚ ਗੁਰਮੇਜ ਸਿੰਘ ਤੋਂ ਗੂਗਲ ਪੇਅ ਰਾਹੀਂ ਆਪਣੇ ਖਾਤੇ 'ਚ ਕਰੀਬ 5 ਲੱਖ ਰੁਪਏ ਲਏ ਸਨ। ਇਸ ਤੋਂ ਇਲਾਵਾ ਇਲਜ਼ਾਮ ਹੈ ਕਿ ਗੁਰਮੇਜ ਸਿੰਘ ਜੋ ਕਿ ਇੱਕ ਗੰਭੀਰ ਮਾਮਲੇ ਵਿੱਚ ਲੋੜੀਂਦਾ ਸੀ, ਨੂੰ ਬਾਂਸਲ ਨੇ ਆਪਣੀ ਜਾਂਚ ਵਿੱਚ ਬੇਕਸੂਰ ਕਰਾਰ ਦਿੱਤਾ ਸੀ।
ਉੱਚ ਅਧਿਕਾਰੀ ਗ੍ਰਿਫ਼ਤਾਰੀ ਤੋਂ ਸਨ ਡਰਦੇ
ਪੁਲਿਸ ਸੂਤਰਾਂ ਦਾ ਕਹਿਣਾ ਕਿ ਪੁਲਿਸ ਦੇ ਉੱਚ ਅਧਿਕਾਰੀ ਬਿਨਾਂ ਠੋਸ ਸਬੂਤਾਂ ਦੇ ਬਾਂਸਲ ਨੂੰ ਗ੍ਰਿਫ਼ਤਾਰ ਕਰਨ ਤੋਂ ਡਰਦੇ ਸਨ। ਜਿਵੇਂ ਹੀ ਠੋਸ ਸਬੂਤ ਇਕੱਠੇ ਕੀਤੇ ਗਏ ਤਾਂ ਤਫ਼ਤੀਸ਼ੀ ਅਫ਼ਸਰ ਐੱਸ.ਪੀ.-ਡੀ ਰਣਧੀਰ ਕੁਮਾਰ ਦੀ ਸ਼ਿਕਾਇਤ 'ਤੇ ਫ਼ਿਰੋਜ਼ਪੁਰ ਕੈਂਟ ਥਾਣੇ ਵਿੱਚ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਪੁਲਿਸ ਨੇ DSP ਦੇ ਵੱਖ-ਵੱਖ ਟਿਕਾਣਿਆਂ ਦੀ ਲਈ ਤਲਾਸ਼ੀ
ਨਿਯਮਾਂ ਤਹਿਤ ਬਾਂਸਲ ਨੂੰ ਗ੍ਰਿਫਤਾਰੀ ਤੋਂ ਪਹਿਲਾਂ ਆਪਣਾ ਪੱਖ ਪੇਸ਼ ਕਰਨ ਦਾ ਨੋਟਿਸ ਵੀ ਦਿੱਤਾ ਗਿਆ ਸੀ। ਇਸ ਦੌਰਾਨ ਅਦਾਲਤ ਤੋਂ ਇਜਾਜ਼ਤ ਲੈ ਕੇ ਪੁਲਿਸ ਨੇ ਬਾਂਸਲ ਦੇ ਫਿਰੋਜ਼ਪੁਰ ਅਤੇ ਲੁਧਿਆਣਾ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ।
ਇਹ ਵੀ ਪੜ੍ਹੋ: ਦੋ ਸਾਲ ਤੱਕ ਸੰਕਰਮਿਤ ਮਰੀਜ਼ ਦੇ ਫੇਫੜਿਆਂ 'ਚ ਰਹਿ ਸਕਦਾ ਹੈ ਕੋਰੋਨਾ - ਅਧਿਐਨ