ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਪ੍ਰਦਰਸ਼ਨ 'ਚ ਹੋਈ ਸ਼ਾਮਲ
Sakshi Malik at Shambhu border: ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਪੰਜਾਬ-ਹਰਿਆਣਾ ਦੇ ਸ਼ੰਭੂ ਬਾਰਡਰ 'ਤੇ ਪਹੁੰਚ ਕੇ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਹ ਲੜਾਈ ਫਸਲ ਅਤੇ ਨਸਲ ਨੂੰ ਬਚਾਉਣ ਦੀ ਹੈ। ਸਰਕਾਰ ਨੇ ਹਾਈ ਕੋਰਟ ਵਿੱਚ ਝੂਠੇ ਤੱਥ ਪੇਸ਼ ਕੀਤੇ ਹਨ। ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ।
ਸਾਕਸ਼ੀ ਮਲਿਕ ਨੇ ਕਿਸਾਨਾਂ ਦੀਆਂ ਮੰਗਾਂ ਦੀ ਕੀਤੀ ਪੁਰਜ਼ੋਰ ਹਮਾਇਤ
ਸ਼ੁੱਕਰਵਾਰ ਨੂੰ ਸ਼ੰਭੂ ਬਾਰਡਰ 'ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਔਰਤਾਂ ਨੇ ਦਿਨ ਭਰ ਇੱਥੇ ਮੰਚ ਦੀ ਕਮਾਨ ਸੰਭਾਲੀ। ਮਹਿਲਾ ਦਿਵਸ 'ਤੇ ਵੱਡੀ ਗਿਣਤੀ 'ਚ ਔਰਤਾਂ ਸਰਹੱਦ 'ਤੇ ਪਹੁੰਚੀਆਂ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 25 ਦਿਨਾਂ ਤੋਂ ਇੱਥੇ ਡਟੇ ਹੋਏ ਹਨ। ਦੂਜੇ ਪਾਸੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪਹਿਲਵਾਨ ਸਾਕਸ਼ੀ ਮਲਿਕ ਵੀ ਇੱਥੇ ਸ਼ੰਭੂ ਬਾਰਡਰ 'ਤੇ ਆਕੇ ਗਰਜੀ। ਉਨ੍ਹਾਂ ਕਿਸਾਨਾਂ ਦੀਆਂ ਮੰਗਾਂ ਦੀ ਪੁਰਜ਼ੋਰ ਹਮਾਇਤ ਕਰਦਿਆਂ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ ਅਤੇ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਸਲੂਕ ਨੂੰ ਲੈ ਕੇ ਗੰਭੀਰ ਦੋਸ਼ ਲਾਏ।
ਫਸਲਾਂ ਅਤੇ ਨਸਲਾਂ ਨੂੰ ਬਚਾਉਣ ਦੀ ਲੜਾਈ - ਸਾਕਸ਼ੀ ਮਲਿਕ
ਪਹਿਲਵਾਨ ਸਾਕਸ਼ੀ ਮਲਿਕ ਨੇ ਸਟੇਜ ਤੋਂ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਤਾਂ ਵਾਪਸ ਲੈ ਲਏ ਹਨ ਪਰ ਐਮ.ਐਸ.ਪੀ. ਦੀ ਗਰੰਟੀ ਲਈ ਕਾਨੂੰਨ ਨਹੀਂ ਬਣਾਇਆ। ਉਹ ਖ਼ੁਦ ਦਿੱਲੀ ਵਿੱਚ ਕਿਸਾਨ ਅੰਦੋਲਨ ਦੀ ਗਵਾਹ ਸੀ। ਉਸ ਦੇ ਨਾਲ ਹੀ ਮਹਿਲਾ ਪਹਿਲਵਾਨਾਂ ਨੇ ਵੀ ਦਿੱਲੀ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸਰਕਾਰ ਨੇ ਉਨ੍ਹਾਂ ਨਾਲ ਕਈ ਵਾਅਦੇ ਵੀ ਕੀਤੇ ਸਨ ਪਰ ਕੋਈ ਵੀ ਪੂਰਾ ਨਹੀਂ ਹੋਇਆ।
ਉਨ੍ਹਾਂ ਕਿਹਾ ਕਿਸਾਨਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇ। ਇਹ ਸਾਡੇ ਹੱਕਾਂ ਦੀ ਲੜਾਈ ਹੈ। ਇਹ ਕਿਸਾਨਾਂ ਦੇ ਹੱਕਾਂ ਦੀ ਲੜਾਈ ਹੈ, ਫਸਲਾਂ ਨੂੰ ਬਚਾਉਣ ਦੀ ਲੜਾਈ ਹੈ। ਹਰਿਆਣਾ-ਪੰਜਾਬ ਦੀਆਂ ਔਰਤਾਂ ਹਮੇਸ਼ਾ ਲੜਦੀਆਂ ਰਹੀਆਂ ਹਨ। ਪਿਛਲੇ ਅੰਦੋਲਨ ਵਿੱਚ ਕਈ ਔਰਤਾਂ ਜ਼ਖ਼ਮੀ ਹੋਈਆਂ ਪਰ ਇਸ ਦੇ ਬਾਵਜੂਦ ਉਹ ਪਿੱਛੇ ਨਹੀਂ ਹਟੀਆਂ। ਅਸੀਂ ਜੰਤਰ-ਮੰਤਰ 'ਤੇ ਭੈਣਾਂ ਅਤੇ ਧੀਆਂ ਦਾ ਸ਼ੋਸ਼ਣ ਕਰਨ ਵਾਲਿਆਂ ਵਿਰੁੱਧ ਵੀ ਲੜਾਈ ਲੜੀ। ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਤੱਕ ਪਿੱਛੇ ਨਹੀਂ ਹਟਾਂਗੇ।
ਸਰਕਾਰ ਬੇਕਸੂਰ ਕਿਸਾਨਾਂ 'ਤੇ ਕਰ ਰਹੀ ਵਹਿਸ਼ੀ ਹਮਲੇ
ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਲੰਬੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਜ਼ੁਲਮ ਕੀਤਾ ਜਾ ਰਿਹਾ ਹੈ। ਮੁਸੀਬਤ ਉਦੋਂ ਪੈਦਾ ਹੁੰਦੀ ਹੈ ਜਦੋਂ ਬੇਕਸੂਰ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਹਨ। ਇਨ੍ਹਾਂ ਹਮਲਿਆਂ ਵਿੱਚ ਨੌਜਵਾਨ ਜ਼ਖ਼ਮੀ ਹੋ ਰਹੇ ਹਨ। ਸਾਡੇ ਕਿਸਾਨ ਭਰਾ ਸ਼ੁਭਕਰਨ ਸਿੰਘ ਨੂੰ ਆਪਣੀ ਜਾਨ ਕੁਰਬਾਨ ਕਰਨੀ ਪਈ। ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ। ਮਹਿਲਾ ਕਿਸਾਨ ਆਗੂ ਸੁਖਵਿੰਦਰ ਕੌਰ, ਸਮਿਤਾ ਕੌਰ ਮਾਂਗਟ, ਗੁਰਪ੍ਰੀਤ ਕੌਰ ਬਰਾੜ, ਸੁਖਦੇਵ ਕੌਰ ਅਤੇ ਦੀਪ ਸੰਧੂ ਨੇ ਵੀ ਸਟੇਜ ਤੋਂ ਗਰਜਦਿਆਂ ਕਿਹਾ ਕਿ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸਾਨ ਵਰਗ ਕੁਰਬਾਨੀਆਂ ਤੋਂ ਕਦੇ ਪਿੱਛੇ ਨਹੀਂ ਹਟਿਆ। ਮਾਤਾ ਗੁਜਰੀ, ਛੋਟੇ ਸ਼ਾਹਿਬਜ਼ਾਦੇ, ਰਾਣੀ ਲਕਸ਼ਮੀਬਾਈ ਦੀਆਂ ਕੁਰਬਾਨੀਆਂ ਸਾਬਤ ਕਰਦੀਆਂ ਹਨ ਕਿ ਦੇਸ਼ ਲਈ ਔਰਤਾਂ ਹਮੇਸ਼ਾ ਅੱਗੇ ਰਹਿੰਦੀਆਂ ਹਨ।