Father's Day 2024: ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਯਾਦ, ਕੀਤੀ ਭਾਵੁਕ ਪੋਸਟ
ਫਾਦਰਜ਼ ਡੇ ਮੌਕੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ।
Father's Day 2024: ਇੱਕ ਵਿਅਕਤੀ ਦੇ ਜੀਵਨ ਵਿੱਚ ਪਿਤਾ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਇੱਕ ਪਿਤਾ ਦੇ ਬਿਨਾਂ ਬੱਚਿਆਂ ਦੀ ਜ਼ਿੰਦਗੀ ਅਧੂਰੀ ਹੈ। ਹਰ ਸਾਲ, ਜੂਨ ਦਾ ਤੀਜਾ ਐਤਵਾਰ ਪਿਤਾਵਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ, ਯਾਨੀ ਇਸ ਸਾਲ 16 ਜੂਨ ਨੂੰ ਫਾਦਰਜ਼ ਡੇ 2024 ਮਨਾਇਆ ਜਾ ਰਿਹਾ ਹੈ। ਫਾਦਰਜ਼ ਡੇ ਮੌਕੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਆਪਣੇ ਸ਼ੋਸਲ ਮੀਡੀਆ ਅਕਾਊਂਟ ਐਕਸ ਉੱਤੇ ਭਾਵੁਕ ਪੋਸਟ ਕੀਤੀ।
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮਰਹੂਮ ਪਰਕਾਸ਼ ਸਿੰਘ ਬਾਦਲ ਨੂੰ ਕੀਤਾ ਯਾਦ
ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਹੋਏ ਲਿਖਿਆ ਕਿ 'ਅੱਜ ਪਿਤਾ ਦਿਵਸ ਮੌਕੇ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਨੂੰ ਯਾਦ ਕਰਦਿਆਂ ਮੈੰ ਕਹਿਣਾ ਚਾਹੁੰਦੀ ਹਾਂ ਕਿ ਉਹ ਸਿਰਫ਼ ਸਾਡੇ ਹੀ ਨੀ ਬਲਕਿ ਸਾਰੇ ਪੰਜਾਬੀਆਂ ਲਈ ਬਾਬਾ ਬੋਹੜ ਸਨ, ਉਹਨਾਂ ਦੀ ਪੰਜਾਬ ਲਈ ਕੀਤੀ ਅਣਥੱਕ ਮਿਹਨਤ ਨੂੰ ਕਦੇ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਉਹਨਾਂ ਨੇ ਆਪਣਾ ਸਾਰਾ ਜੀਵਨ ਪੰਥ, ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰਦਿਆਂ ਬਤੀਤ ਕੀਤਾ , ਇਸ ਕਰਕੇ ਉਹ ਸਮੂਹ ਪੰਜਾਬੀਆਂ ਦੇ ਪਸੰਦੀਦਾ ਆਗੂ ਸਨ । ਮੈੰ ਵੀ ਹਮੇਸ਼ਾ ਉਹਨਾਂ ਦੇ ਦਰਸਾਏ ਹੋਏ ਨਕਸ਼ੇ ਕਦਮਾਂ ‘ਤੇ ਚੱਲਣ ਦੀ ਕੋਸ਼ਿਸ਼ ਕਰਦੀ ਰਹਾਂਗੀ ਤੇ ਜਿੰਨਾਂ ਵੀ ਹੋ ਸਕਿਆ ਉਹਨਾਂ ਦੀ ਸੋਚ ਨੂੰ ਜੀਵਤ ਰੱਖਾਗੀ।'
ਅਪ੍ਰੈਲ 2023 ਵਿੱਚ ਹੋਇਆ ਸੀ ਦਿਹਾਂਤ
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ਵਿੱਚ 25 ਅਪ੍ਰੈਲ 2023 ਨੂੰ ਦਿਹਾਂਤ ਹੋ ਗਿਆ ਸੀ। ਸਾਬਕਾ ਮੁੱਖ ਮੰਤਰੀ ਅਤੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਅਬੁਲ ਖੁਰਾਣਾ ਨਾਂ ਦੇ ਪਿੰਡ ਵਿੱਚ ਹੋਇਆ ਸੀ, ਜੋ ਕਿ ਇਸ ਸਮੇਂ ਪਾਕਿਸਤਾਨ ਵਿੱਚ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਦਾ ਨਾਂ ਸੁਰਿੰਦਰ ਕੌਰ ਸੀ, ਜਿਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ 1947 ਵਿੱਚ ਕ੍ਰਿਸ਼ਚੀਅਨ ਕਾਲਜ ਲਾਹੌਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ।
ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਿਆਸਤ 1947 ਤੋਂ ਸ਼ੁਰੂ ਹੋਈ ਸੀ। ਆਪਣੇ ਪਿਤਾ ਰਘੂਰਾਜ ਸਿੰਘ ਵਾਂਗ ਉਹ ਪਿੰਡ ਬਾਦਲ ਦੇ ਸਰਪੰਚ ਬਣੇ। ਉਸ ਤੋਂ ਬਾਅਦ ਉਨ੍ਹਾਂ ਨੂੰ ਲੰਬੀ ਬਲਾਕ ਸਮਿਤੀ ਦਾ ਚੇਅਰਮੈਨ ਬਣਾਇਆ ਗਿਆ। 1956 ਵਿੱਚ ਜਦੋਂ ਪੈਪਸੂ ਪੰਜਾਬ ਵਿੱਚ ਸ਼ਾਮਲ ਹੋਇਆ ਤਾਂ ਕਾਂਗਰਸ ਅਤੇ ਅਕਾਲੀ ਦਲ ਨੇ ਮਿਲ ਕੇ ਚੋਣਾਂ ਲੜੀਆਂ। ਅਕਾਲੀ ਦਲ ਦੇ ਹੋਰਨਾਂ ਆਗੂਆਂ ਵਾਂਗ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ 1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਟਿਕਟ ’ਤੇ ਪਹਿਲੀ ਵਾਰ ਵਿਧਾਇਕ ਬਣੇ ਸਨ। 1969 ਤੋਂ ਉਹਨਾਂ ਨੇ ਰਾਜਨੀਤੀ ਵਿੱਚ ਸਰਗਰਮ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਇਸ ਤੋਂ ਬਾਅਦ, ਉਹ ਵੱਖ-ਵੱਖ ਰਾਜਨੀਤਿਕ ਅਹੁਦਿਆਂ 'ਤੇ ਕੰਮ ਕਰਕੇ ਇੱਕ ਪ੍ਰਸਿੱਧ ਸਿਆਸਤਦਾਨ ਬਣ ਗਏ।
ਮਰਹੂਮ ਪ੍ਰਕਾਸ਼ ਸਿੰਘ ਬਾਦਲ ਉਮਰ ਦੇ ਲਿਹਾਜ਼ ਨਾਲ ਭਾਰਤ ਦੇ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਸਨ। ਉਹ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ। ਜਦੋਂ ਉਹ 1970 ਵਿੱਚ 43 ਸਾਲ ਦੀ ਉਮਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਣ ਵਾਲੇ ਭਾਰਤ ਦੇ ਸਭ ਤੋਂ ਨੌਜਵਾਨ ਨੇਤਾ ਸਨ। ਜਦੋਂ 2017 ਵਿੱਚ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਪੰਜਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ 90 ਸਾਲਾਂ ਦੇ ਸਨ। ਇਸ ਤਰ੍ਹਾਂ ਉਹ ਭਾਰਤ ਦੇ ਕਿਸੇ ਵੀ ਰਾਜ ਦੇ ਸਭ ਤੋਂ ਬਜ਼ੁਰਗ ਮੁੱਖ ਮੰਤਰੀ ਬਣੇ। ਇਹ ਰਿਕਾਰਡ ਅਜੇ ਵੀ ਉਨ੍ਹਾਂ ਦੇ ਨਾਂ ਹੈ।
ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿੱਚ 1979 ਤੋਂ 1980 ਦਰਮਿਆਨ ਮਰਹੂਮ ਪ੍ਰਕਾਸ਼ ਸਿੰਘ ਬਾਦਲ ਖੇਤੀਬਾੜੀ ਮੰਤਰੀ ਬਣੇ, ਪਰ ਇਸ ਤੋਂ ਬਾਅਦ ਉਨ੍ਹਾਂ ਨੇ ਮੁੜ ਕਦੇ ਕੇਂਦਰੀ ਸਿਆਸਤ ਵੱਲ ਨਹੀਂ ਦੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਾਰਾ ਧਿਆਨ ਪੰਜਾਬ ਦੀ ਰਾਜਨੀਤੀ 'ਤੇ ਹੀ ਕੇਂਦਰਿਤ ਕਰ ਦਿੱਤਾ।
ਇਹ ਵੀ ਪੜ੍ਹੋ: Father's Day 2024 History: ਕਿਉਂ ਮਨਾਇਆ ਜਾਂਦਾ ਹੈ 'ਫਾਦਰਜ਼ ਡੇ'? ਜਾਣੋ ਇਸ ਦਿਨ ਦਾ ਇਤਿਹਾਸ ਅਤੇ ਵਿਸ਼ੇਸ਼ ਮਹੱਤਤਾ