ਜਲੰਧਰ: ਫਰਿੱਜ ਦਾ ਕੰਪਰੈਸ਼ਰ ਫੱਟਣ ਕਾਰਨ ਪਿਓ-ਪੁੱਤ ਦੀ ਮੌਤ; ਇਲਾਕੇ ਚ ਸੋਗ ਦਾ ਮਾਹੌਲ

By  Jasmeet Singh November 10th 2023 04:10 PM -- Updated: November 10th 2023 04:27 PM
ਜਲੰਧਰ: ਫਰਿੱਜ ਦਾ ਕੰਪਰੈਸ਼ਰ ਫੱਟਣ ਕਾਰਨ ਪਿਓ-ਪੁੱਤ ਦੀ ਮੌਤ; ਇਲਾਕੇ ਚ ਸੋਗ ਦਾ ਮਾਹੌਲ

ਜਲੰਧਰ: ਸਤਨਾਮ ਨਗਰ 'ਚ ਸ਼ੁੱਕਰਵਾਰ ਸਵੇਰੇ ਇੱਕ ਘਰ 'ਚ ਫਰਿੱਜ ਦਾ ਕੰਪਰੈਸ਼ਰ ਫੱਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ ਪਿਓ-ਪੁੱਤ ਦੋਵਾਂ ਦੀ ਮੌਤ ਹੋ ਗਈ। ਜਦਕਿ ਇੱਕ ਹੋਰ ਪਰਿਵਾਰਿਕ ਮੈਂਬਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 

ਦੱਸ ਦੇਈਏ ਕਿ ਜਲੰਧਰ ਪੁਲਿਸ ਦੀ ਫੋਰੈਂਸਿਕ ਟੀਮ ਜਾਂਚ ਲਈ ਮੌਕੇ 'ਤੇ ਪਹੁੰਚ ਕੇ ਨਮੂਨੇ ਇਕੱਠੇ ਕਰ ਰਹੀ ਹੈ। ਫਾਇਰ ਬ੍ਰਿਗੇਡ ਅਧਿਕਾਰੀ ਏ.ਡੀ.ਐਫ.ਓ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 12:15 ਵਜੇ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਉਕਤ ਥਾਂ ’ਤੇ ਅੱਗ ਲੱਗੀ ਹੈ। ਜਿਸ ਤੋਂ ਤੁਰੰਤ ਬਾਅਦ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦਫਤਰ ਤੋਂ ਕਰੀਬ 2 ਗੱਡੀਆਂ ਨੂੰ ਵੀ ਫੌਰੀ ਤੌਰ 'ਤੇ ਰਵਾਨਾ ਕੀਤਾ ਗਿਆ।




ਜਸਵੰਤ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚਦਿਆਂ ਹੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਇਮਾਰਤ ਦੇ ਅੰਦਰ ਪਲਾਸਟਿਕ ਦੇ ਡੰਬਲ ਬਣਾਉਣ ਦਾ ਕੰਮ ਚੱਲ ਰਿਹਾ ਸੀ ਜਿੱਥੇ ਅੱਗ ਲੱਗੀ। ਘਟਨਾ ਦੇ ਸਮੇਂ ਕਰੀਬ 3 ਲੋਕ ਅੰਦਰ ਸਨ। 

ਸਾਰਿਆਂ ਨੂੰ ਤੁਰੰਤ ਇਮਾਰਤ ਤੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਗੈਸ ਲੀਕ ਕਿਵੇਂ ਹੋਈ ਅਤੇ ਘਟਨਾ ਪਿੱਛੇ ਕੀ ਕਾਰਨ ਸੀ।

ਆਲੇ-ਦੁਆਲੇ ਦੇ ਲੋਕਾਂ ਦਾ ਇਹ ਵੀ ਕਹਿਣਾ ਕਿ ਘਰ ਦੇ ਅੰਦਰ ਜਿੰਮ ਦਾ ਸਾਮਾਨ ਪੈਕ ਕੀਤਾ ਜਾਂਦਾ ਸੀ। ਜਿਸ ਕਾਰਨ ਕਾਫੀ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। 

ਮ੍ਰਿਤਕਾਂ ਦੀ ਪਛਾਣ ਪੁੱਤਰ ਜਸ਼ਨ ਸਿੰਘ (17) ਅਤੇ ਪਿਤਾ ਹਰਪਾਲ ਸਿੰਘ (45) ਵਜੋਂ ਹੋਈ ਹੈ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। 


ਪੀੜਤ ਪਰਿਵਾਰ ਦੀ ਇੱਕ ਮਹਿਲਾ ਪਰਿਵਾਰਿਕ ਮੈਂਬਰ ਨੇ ਪੀਟੀਸੀ ਪੱਤਰਕਾਰ ਨੂੰ ਦੱਸਿਆ ਕਿ ਉਨ੍ਹਾਂ ਕੁੱਝ ਦਿਨ ਪਹਿਲਾਂ ਹੀ ਫਰਿਜ 'ਚ ਨੁਕਸ ਪੈਣ ਕਰਕੇ ਉਸਨੂੰ ਠੀਕ ਕਰਵਾਇਆ ਸੀ ਅਤੇ ਅੱਜ ਸਵੇਰੇ ਇਹ ਭਿਆਨਕ ਹਾਦਸਾ ਵਾਪਰ ਗਿਆ। 

ਇਸ ਹਾਦਸੇ ਮਗਰੋਂ ਸਤਨਾਮ ਨਗਰ 'ਚ ਸੋਗ ਦਾ ਮਾਹੌਲ ਹੈ ਅਤੇ ਦੀਵਾਲੀ ਦੀ ਖੁਸ਼ੀਆਂ ਤੋਂ ਪਹਿਲਾਂ ਹੀ ਇਲਾਕੇ 'ਚ ਹਰੇਕ ਅੱਖ ਨੰਮ ਪਈ ਹੈ। 

ਇਹ ਵੀ ਪੜ੍ਹੋ: ਬਠਿੰਡਾ 'ਚ ਚਚੇਰੇ ਭਰਾ ਦਾ ਕਤਲ ਕਰਨ ਤੋਂ ਬਾਅਦ ਸ਼ਖ਼ਸ ਨੇ ਖੁਦ ਨੂੰ ਵੀ ਮਾਰੀ ਗੋਲੀ

Related Post