Farmers Protest Update : ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਵੱਲ ਕੂਚ ਕਰਦੇ ਕਿਸਾਨਾਂ ਨੂੰ ਪੁਲਿਸ ਨੇ ਰੋਕਿਆ, ਕਿਸਾਨ ਭਵਨ ’ਚ ਹੀ ਡਟੇ ਕਿਸਾਨ

ਕਿਸਾਨ ਜਥੇਬੰਦੀਆਂ, ਆੜਤੀਏ ਤੇ ਸੈਲਰ ਮਾਲਕ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਵੱਲ ਕੂਚ ਕਰ ਰਹੇ ਸਨ, ਜਿਹਨਾਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਲਿਆ।

By  Dhalwinder Sandhu October 18th 2024 08:22 AM -- Updated: October 18th 2024 01:57 PM

Farmers Toll Plaza Free Update : ਝੋਨੇ ਦੀ ਫਸਲ ਦੀ ਸਹੀ ਖਰੀਦ ਨਾ ਹੋਣ ਕਾਰਨ ਕਿਸਾਨ ਨਾਰਾਜ਼ ਹਨ, ਜਿਸ ਕਾਰਨ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ, ਆੜਤੀਏ ਤੇ ਸੈਲਰ ਮਾਲਕ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਦਾ ਘਿਰਾਓ ਕਰ ਜਾ ਰਹੇ ਸਨ, ਪਰ ਪੁਲਿਸ ਨੇ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਹੈ।

ਰਸਤੇ ਵਿੱਚ ਰੋਕੇ ਜਾਣ ਤੋਂ ਬਾਅਦ ਕਿਸਾਨਾਂ ਨੇ ਕਿਸਾਨ ਭਵਨ ਵਿੱਚ ਡੇਰਾ ਲਗਾ ਲਿਆ ਹੈ ਤੇ ਧਰਨਾ ਸ਼ੁਰੂ ਕਰ ਦਿੱਤਾ ਹੈ। ਸੁਰੱਖਿਆ ਦੇ ਮੱਦੇਨਜ਼ਰ ਕਿਸਾਨ ਭਵਨ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਤੈਨਾਤ ਕੀਤੀ ਗਈ ਹੈ।

ਬੀਕੇਯੂ ਉਗਰਾਹਾਂ ਜਥੇਬੰਦੀ ਵੱਲੋਂ ਵੱਡਾ ਐਲਾਨ

ਬੀਕੇਯੂ ਉਗਰਾਹਾਂ ਜਥੇਬੰਦੀ ਨੇ ਟੋਲ ਪਲਾਜ਼ਾ ਕਾਲਾ ਝਾੜ ਵਿਖੇ ਪੱਕੇ ਮੋਰਚਾ ਲਗਾ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਟੋਲ ਪਲਾਜ਼ਾ ਅਣਮਿੱਥੇ ਸਮੇਂ ਲਈ ਪਰਚੀ ਮੁਕਤ ਰਹੇਗਾ। ਬੀਤੇ ਦਿਨ ਤੋਂ ਹੀ ਟੋਲ ਪਲਾਜ਼ਾ ਪਰਚੀ ਮੁਕਤ ਕਰਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ 6 ਮਹੀਨਿਆਂ ਤੋਂ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਉੱਤੇ ਐਮਐਸਪੀ ਰੇਟ ਨਾ ਮਿਲਣ ਕਰਕੇ ਕਿਸਾਨਾਂ ਵਿੱਚ ਨਾਰਾਜ਼ਗੀ ਹੈ ਅਤੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਆੜਤੀਏ ਅਤੇ ਸੈਲਰ ਮਾਲਕ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਹਨ ਹਰ ਇੱਕ ਵਰਗ ਸਰਕਾਰਾਂ ਤੋਂ ਪਰੇਸ਼ਾਨ ਹੈ ਇਸ ਲਈ ਸੜਕਾਂ ਉੱਤੇ ਧਰਨੇ ਲਗਾਉਣਾ ਸਾਡੀ ਮਜਬੂਰੀ ਹੈ।

ਪੰਜਾਬ 'ਚ ਕਿਸਾਨਾਂ ਨੇ 14 ਜ਼ਿਲ੍ਹਿਆ 'ਚ 25 ਟੋਲ ਪਲਾਜ਼ਿਆਂ ਨੂੰ ਫਰੀ ਕਰ ਦਿੱਤਾ ਹੈ। ਝੋਨੇ ਦੀ ਫਸਲ ਦੀ ਸਹੀ ਖਰੀਦ ਨਾ ਹੋਣ ਕਾਰਨ ਕਿਸਾਨ ਨਾਰਾਜ਼ ਹਨ। ਇਸ ਦੇ ਨਾਲ ਅੱਜ ਕਿਸਾਨ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਪੱਕੇ ਮੋਰਚੇ ਲਗਾਉਣਗੇ। ਇਹ ਫੈਸਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲਿਆ ਹੈ। ਇਹ ਫੈਸਲਾ ਝੋਨੇ ਦੀ ਨਾਜਾਇਜ਼ ਖਰੀਦ ਦੇ ਵਿਰੋਧ ਵਿੱਚ ਲਿਆ ਗਿਆ ਹੈ। ਇਹ ਰੋਸ ਕੇਂਦਰ ਅਤੇ ਪੰਜਾਬ ਦੋਵਾਂ ਸਰਕਾਰਾਂ ਖਿਲਾਫ ਹੈ।


ਦਿਨ ਰਾਤ ਜਾਰੀ ਰਹੇਗਾ ਇਹ ਸੰਘਰਸ਼ 

ਕਿਸਾਨ ਆਗੂਆਂ ਨੇ ਦੱਸਿਆ ਕਿ ਲੀਡਰਸ਼ਿਪ ਟੀਮ ਨੇ ਇਹ ਫੈਸਲਾ ਲਿਆ ਹੈ। ਫੈਸਲੇ ਅਨੁਸਾਰ ਦੋਵੇਂ ਤਰ੍ਹਾਂ ਦੇ ਧਰਨੇ ਦਿਨ-ਰਾਤ ਜਾਰੀ ਰਹਿਣਗੇ। ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕਈ ਮੰਗਾਂ ਹਨ। ਇਨ੍ਹਾਂ ਮੰਗਾਂ ਵਿੱਚੋਂ ਇੱਕ ਮੰਗ ਹੈ ਕਿ ਘੱਟੋ-ਘੱਟ ਸਮਰਥਨ ਮੁੱਲ 'ਤੇ ਝੋਨੇ ਦੀ ਨਿਰਵਿਘਨ ਖਰੀਦ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਕਈ ਹੋਰ ਮੰਗਾਂ ਵੀ ਇਸ ਵਿੱਚ ਸ਼ਾਮਲ ਹਨ। ਜਿਸ 'ਤੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ 'ਆਪ' ਸਰਕਾਰ ਗੰਭੀਰਤਾ ਨਹੀਂ ਦਿਖਾ ਰਹੀ।


ਕੱਲ੍ਹ ਕਿਸਾਨਾਂ ਨਾਲ ਮੀਟਿੰਗ ਕਰਨਗੇ ਮੁੱਖ ਮੰਤਰੀ ਮਾਨ

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸ਼ਾਮ 4 ਵਜੇ ਪੰਜਾਬ ਭਵਨ ਵਿੱਚ ਕਿਸਾਨਾਂ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਸ਼ਾਮਿਲ ਰਹਿਣਗੇ। ਮੀਟਿੰਗ ਵਿੱਚ ਝੋਨੇ ਦੀ ਫਸਲ ਦੀ ਖਰੀਦ, DAP ਅਤੇ ਹੋਰ ਮੰਗਾਂ ਉੱਤੇ ਚਰਚਾ ਹੋਵੇਗੀ।


ਦੋਵਾਂ ਸਰਕਾਰਾਂ 'ਤੇ ਅਣਗਹਿਲੀ ਦਾ ਇਲਜ਼ਾਮ

ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰਾਂ ’ਤੇ ਕਿਸਾਨਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰਨ ਦਾ ਇਲਜ਼ਾਮ ਲਾਇਆ ਹੈ। ਉਹ ਕਾਰਪੋਰੇਟ ਪੱਖੀ ਡਬਲਯੂ.ਟੀ.ਓ. ਦੀ ਓਪਨ ਮਾਰਕੀਟ ਨੀਤੀ ਦੇ ਖਿਲਾਫ ਹਨ। ਉਨ੍ਹਾਂ ਸਮੂਹ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਦੇ ਇਸ ਮਾਰੂ ਹਮਲੇ ਨੂੰ ਨਾਕਾਮ ਕਰਨ ਲਈ ਦਿਨ ਰਾਤ ਮਿਹਨਤ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : Punjab Weather : ਪੰਜਾਬ ਅਤੇ ਚੰਡੀਗੜ੍ਹ ਲਗਾਤਾਰ ਬਦਲ ਰਿਹੈ ਮੌਸਮ, ਜਾਣੋ ਤਾਜ਼ਾ ਅਪਡੇਟ 

Related Post