ਦਿੱਲੀ ਦੇ ਰਾਮਲੀਲਾ ਮੈਦਾਨ 'ਚ ਕਿਸਾਨਾਂ ਦਾ ਹੱਲਾ-ਬੋਲ

By  Pardeep Singh December 19th 2022 04:50 PM -- Updated: December 19th 2022 04:58 PM

ਦਿੱਲੀ : ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚੇ ਹਨ। ਕਿਸਾਨ ਗਰਜਨਾ ਰੈਲੀ 'ਚ 7 ਸੂਬਿਆਂ ਤੋਂ 40 ਹਜ਼ਾਰ ਦੇ ਕਰੀਬ 'ਅੰਨਦਾਤਾ' ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਪੁੱਜੇ ਹਨ। ਪ੍ਰਦਰਸ਼ਨ ਦਾ ਆਯੋਜਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਗਠਨ ਭਾਰਤੀ ਕਿਸਾਨ ਸੰਘ (ਬੀਕੇਐਸ) ਨੇ ਕੀਤਾ ਹੈ। ਰੈਲੀ ਦੌਰਾਨ ਭਾਰਤੀ ਕਿਸਾਨ ਸੰਘ ਦੇ ਆਗੂਆਂ ਨੇ ਮੰਗ ਪੱਤਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਪ੍ਰਦਰਸ਼ਨ 'ਚ ਹਿੱਸਾ ਲੈਣ ਲਈ ਮੱਧ ਪ੍ਰਦੇਸ਼ ਤੋਂ ਇਲਾਵਾ ਰਾਜਸਥਾਨ, ਕਰਨਾਟਕ, ਤਾਮਿਲਨਾਡੂ, ਕੇਰਲ ਅਤੇ ਗੁਜਰਾਤ ਤੋਂ ਵੀ ਕਿਸਾਨ ਪਹੁੰਚੇ ਹਨ। ਇਨ੍ਹਾਂ ਕਿਸਾਨਾਂ ਦੀ ਮੰਗ ਹੈ ਕਿ ਫਸਲ ਦਾ ਭਾਅ ਲਾਗਤ ਦੇ ਹਿਸਾਬ ਨਾਲ ਤੈਅ ਕੀਤਾ ਜਾਵੇ। ਇਸ ਦੇ ਨਾਲ ਹੀ ਕਿਸਾਨ ਸਨਮਾਨ ਨਿਧੀ ਵਿੱਚ ਚੋਖਾ ਵਾਧਾ ਕਰਨ ਦੇ ਨਾਲ-ਨਾਲ ਕਿਸਾਨ ਸਾਰੀਆਂ ਖੇਤੀ ਵਸਤਾਂ 'ਤੇ ਜੀਐਸਟੀ ਖਤਮ ਕਰਨ ਦੀ ਮੰਗ ਵੀ ਕਰ ਰਹੇ ਹਨ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਨੂੰ ਆਪਣੀ ਫਸਲ ਦੀ ਕੀਮਤ ਤੈਅ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।

ਭਾਰਤੀ ਕਿਸਾਨ ਯੂਨੀਅਨ  ਦਾ ਕਹਿਣਾ ਹੈ ਕਿ ਸਰਕਾਰ ਕੋਲ ਕਿਸਾਨ ਕ੍ਰੈਡਿਟ ਕਾਰਡ ਧਾਰਕਾਂ ਦਾ ਡਾਟਾ ਪਹਿਲਾਂ ਹੀ ਮੌਜੂਦ ਹੈ। ਇਸ ਦੇ ਆਧਾਰ 'ਤੇ ਕਿਸਾਨਾਂ ਨੂੰ ਕਾਰੋਬਾਰੀ ਬਣਨ ਦਾ ਲਾਇਸੈਂਸ ਦਿੱਤਾ ਜਾਵੇ। ਇਸ ਦੇ ਲਈ ਕੋਈ ਵੱਖਰਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਬੀ.ਕੇ.ਐਸ ਦੀ ਕਾਰਜਕਾਰਨੀ ਕਮੇਟੀ ਮੈਂਬਰ ਨਾਨਾ ਅਖਾੜੇ ਨੇ ਕਿਹਾ ਹੈ ਕਿ ਦੇਸ਼ ਨੂੰ ਅਨਾਜ, ਸਬਜ਼ੀਆਂ, ਫਲ, ਦੁੱਧ ਆਦਿ ਮੁਹੱਈਆ ਕਰਵਾਉਣ ਵਾਲੇ ਕਿਸਾਨ ਅੱਜ ਆਪਣੀ ਖੇਤੀ ਉਪਜ ਦਾ ਸਹੀ ਮੁਨਾਫ਼ਾ ਨਾ ਮਿਲਣ ਕਾਰਨ ਬਹੁਤ ਨਿਰਾਸ਼ ਹਨ ਅਤੇ ਇਸ ਕਾਰਨ ਉਹ ਖੁਦਕੁਸ਼ੀਆਂ ਕਰ ਰਹੇ ਹਨ। 

ਕਿਸਾਨ ਜਥੇਬੰਦੀ ਦੀ ਇਹ ਵੀ ਮੰਗ ਹੈ ਕਿ ਸਿੰਚਾਈ ਅਤੇ ਨਦੀ ਲਿੰਕ ਪ੍ਰਾਜੈਕਟਾਂ ਲਈ ਮਦਦ ਦਿੱਤੀ ਜਾਵੇ। ਬੀਕੇਐਸ ਨੇ ਇਸ ਮੰਤਵ ਲਈ ਹੋਰ ਪੈਸੇ ਦੇਣ ਦੀ ਮੰਗ ਵੀ ਕੀਤੀ ਹੈ। ਕਿਸਾਨਾਂ ਦੀ ਕੇਂਦਰ ਸਰਕਾਰ ਤੋਂ ਮੰਗ ਹੈ ਕਿ ਜੀ.ਐਮ (ਜੈਨੇਟਿਕਲੀ ਮੋਡੀਫਾਈਡ) ਸਰ੍ਹੋਂ ਦੇ ਬੀਜ ਨੂੰ ਮਨਜ਼ੂਰੀ ਨਾ ਦਿੱਤੀ ਜਾਵੇ। ਦੇਸ਼ ਦੀ ਬਰਾਮਦ-ਆਯਾਤ ਨੀਤੀ ਲੋਕਾਂ ਦੇ ਹਿੱਤ ਵਿੱਚ ਹੋਣੀ ਚਾਹੀਦੀ ਹੈ। ਦੇਸ਼ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਕਿਸਾਨਾਂ ਦੀ ਆਮਦਨ ਵਧਾਉਣ ਦੀ ਮੰਗ ਸਮੇਤ ਕਈ ਹੋਰ ਮੰਗਾਂ ਵੀ ਕੀਤੀਆਂ ਜਾ ਰਹੀਆਂ ਹਨ।


Related Post