CM ਮਾਨ ਦੀ ਰਿਹਾਇਸ਼ 'ਚੋਂ 2 ਘੰਟੇ ਇੰਤਜ਼ਾਰ ਕਰਕੇ ਬਾਹਰ ਆਏ ਕਿਸਾਨ, ਹੁਣ ਪੰਜਾਬ ਭਵਨ 'ਚ ਹੋਵੇਗੀ ਮੀਟਿੰਗ

ਕਿਸਾਨ ਝੋਨੇ ਦੀ ਖਰੀਦ ਨਾ ਹੋਣ ਦੇ ਰੋਸ ਵੱਜੋਂ ਸੀਐਮ ਮਾਨ ਦੀ ਰਿਹਾਇਸ਼ ਅੱਗੇ ਪਹੁੰਚੇ ਹਨ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਗਏ ਹਨ। ਕਿਸਾਨ ਵੀ ਰਿਹਾਇਸ਼ ਦੇ ਬਾਹਰ ਖੜੇ ਹੋਏ ਹਨ ਅਤੇ ਸੁਨੇਹੇ ਦਾ ਇੰਤਜ਼ਾਰ ਕਰ ਰਹੇ ਹਨ।

By  KRISHAN KUMAR SHARMA October 7th 2024 11:55 AM -- Updated: October 7th 2024 02:44 PM

ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਕਿਸਾਨ ਪਹੁੰਚ ਗਏ ਹਨ। ਕਿਸਾਨ ਝੋਨੇ ਦੀ ਖਰੀਦ ਨਾ ਹੋਣ ਦੇ ਰੋਸ ਵੱਜੋਂ ਸੀਐਮ ਮਾਨ ਦੀ ਰਿਹਾਇਸ਼ ਅੱਗੇ ਪਹੁੰਚੇ ਹਨ। ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਗਏ ਹਨ। ਕਿਸਾਨ ਵੀ ਰਿਹਾਇਸ਼ ਦੇ ਬਾਹਰ ਖੜੇ ਹੋਏ ਹਨ ਅਤੇ ਸੁਨੇਹੇ ਦਾ ਇੰਤਜ਼ਾਰ ਕੀਤਾ, ਜਿਸ ਪਿੱਛੋਂ ਉਨ੍ਹਾਂ ਨੂੰ ਸੀਐਮ ਰਿਹਾਇਸ਼ ਬਿਠਾਇਆ ਗਿਆ।

ਜਾਣਕਾਰੀ ਅਨੁਸਾਰ ਚੰਡੀਗੜ੍ਹ 'ਚ ਸੀਐਮ ਰਿਹਾਇਸ਼ 'ਚ 2 ਘੰਟੇ ਕਿਸਾਨ ਬੈਠੇ ਰਹੇ, ਪਰ ਇਸ ਪਿੱਛੋਂ ਵੀ ਕਿਸਾਨਾਂ ਨੂੰ ਮੁੱਖ ਮੰਤਰੀ ਦੇ ਦਰਸ਼ਨ ਨਹੀਂ ਹੋਏ। ਕਿਸਾਨ 2 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਖਾਲੀ ਹੱਥ ਵਾਪਸ ਆ ਗਏ ਹਨ। ਹੁਣ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਮੁੱਖ ਮੰਤਰੀ ਨਾਲ ਪੰਜਾਬ ਭਵਨ ਵਿੱਚ ਮੀਟਿੰਗ ਹੋਵੇਗੀ, ਜੋ ਕਿ ਲਗਭਗ 2 ਵਜੇ ਤੱਕ ਹੋ ਸਕਦੀ ਹੈ।

ਮੁੱਖ ਮੰਤਰੀ ਨਾਲ 2 ਵਜੇ ਵੀ ਕਿਸਾਨਾਂ ਦੀ ਮੀਟਿੰਗ ਨਹੀਂ ਹੋਈ ਹੈ। ਹੁਣ ਅਪਡੇਟ ਆ ਰਹੀ ਹੈ ਕਿ SKM ਦੀ ਲੀਡਰਸ਼ਿਪ ਨਾਲ ਥੋੜੀ ਦੇਰ 'ਚ ਮੀਟਿੰਗ ਸ਼ੁਰੂ ਹੋਵੇਗੀ। ਇਸ ਦੌਰਾਨ ਮੰਤਰੀ ਗੁਰਮੀਤ ਖੁੱਡੀਆਂ ਸਮੇਤ ਆਲਾ ਅਫਸਰ ਮੌਜੂਦ ਰਹਿਣਗੇ। 

ਸੰਯੁਕਤ ਕਿਸਾਨ ਮੋਰਚਾ ਦੀਆਂ 32 ਜਥੇਬੰਦੀਆਂ ਦੇ ਕਿਸਾਨ ਨੇਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਉਨ੍ਹਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ 200 ਮੀਟਰ ਦੂਰ ਪਹੁੰਚ ਗਏ ਹਨ। ਚੰਡੀਗੜ੍ਹ ਪੁਲਿਸ, ਪੰਜਾਬ ਪੁਲਿਸ ਅਤੇ ਸੀਐਮ ਸੁਰੱਖਿਆ ਬਲ ਵੱਲੋਂ ਸੀਐਮ ਦੀ ਰਿਹਾਇਸ਼ ਨੂੰ ਜਾਣ ਵਾਲੇ ਰਸਤੇ ਉਤੇ ਬੈਰੀਕੇਡਿੰਗ ਕੀਤੀ ਗਈ ਤਾਂ ਕੋਈ ਅੱਗੇ ਨਾ ਜਾ ਸਕੇ।

ਇਸ ਮੌਕੇ ਗੱਲਬਾਤ ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ, ਹਰਿੰਦਰ ਸਿੰਘ ਲੱਖੋਵਾਲ, ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਫਸਲਾਂ ਮੰਡੀ ਵਿੱਚ ਬਰਬਾਦ ਹੋ ਰਹੀਆਂ ਹਨ। ਸਰਕਾਰ ਕੋਈ ਕੰਮ ਨਹੀਂ ਕਰ ਰਹੀ ਹੈ, ਮੀਟਿੰਗਾਂ ਦਾ ਬਹਾਨਾ ਬਣਾਇਆ ਜਾ ਰਿਹਾ ਹੈ ਅਤੇ ਹਫ਼ਤੇ ਬਾਅਦ ਵੀ ਕਿਸਾਨਾਂ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਸੜਕਾਂ 'ਤੇ ਨਾ ਬੈਠਣ ਜੇ ਕੋਈ ਪ੍ਰੇਸ਼ਾਨੀ ਹੈ ਤਾਂ ਉਨ੍ਹਾਂ ਕੋਲ ਆ ਜਾਣ, ਇਸ ਲਈ ਅੱਜ ਉਹ ਮੁੱਖ ਮੰਤਰੀ ਨੂੰ ਇਥੇ ਮਿਲਣ ਪਹੁੰਚੇ ਹਨ।

ਕੀ ਹਨ ਕਿਸਾਨਾਂ ਦਾ ਮੁੱਖ ਮੰਗਾਂ

1. ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਲਈ ਸਥਾਈ ਨੀਤੀ ਬਣਾਈ ਜਾਵੇ।

2. ਸ਼ੰਭੂ ਮੋਰਚੇ ਤੋਂ ਵਾਪਸੀ ਸਮੇਂ ਜ਼ਖਮੀ ਹੋਏ 14 ਕਿਸਾਨਾਂ ਲਈ ਮੁਆਵਜ਼ਾ ਅਤੇ ਵਾਅਦੇ ਦੀਆਂ ਸਹੂਲਤਾਂ ਤੁਰੰਤ ਦਿੱਤੀਆਂ ਜਾਣ।

3. 2013 ਦੇ ਭੂਮੀ ਅਧਿਗ੍ਰਹਿਣ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕਰਕੇ, ਮੁਆਵਜ਼ਾ ਮਿਲਣ ਤੋਂ ਬਿਨਾ ਕਿਸਾਨਾਂ ਦੀ ਜ਼ਮੀਨ ਨਹੀਂ ਲਈ ਜਾਵੇ।

4. ਨਸ਼ਾਬੰਦੀ ਸਖਤੀ ਨਾਲ ਲਾਗੂ ਕੀਤੀ ਜਾਵੇ ਅਤੇ ਨਸ਼ਾ ਪੀੜਤਾਂ ਦਾ ਰਾਜ ਸਰਕਾਰ ਖ਼ਰਚੇ ਤੇ ਇਲਾਜ ਕਰਕੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ।

5. ਮੰਡੀਆਂ ਵਿੱਚ ਜਾਰੀ ਮਜ਼ਦੂਰਾਂ ਅਤੇ ਵਪਾਰੀਆਂ ਦੀ ਹੜਤਾਲ ਦਾ ਹੱਲ ਕੱਢ ਕੇ ਬਾਸਮਤੀ ਚਾਵਲ ਲਈ MSP ਤੈਅ ਕਰਕੇ ਓਸ ਉੱਤੇ ਖਰੀਦ ਕੀਤੀ ਜਾਵੇ।

6. ਡੀਏਪੀ ਖਾਦ ਦੇ ਘੱਟ ਗੁਣਵੱਤਾ ਵਾਲੇ ਨਮੂਨਿਆਂ ਲਈ ਕਾਰਵਾਈ ਕੀਤੀ ਜਾਵੇ ਅਤੇ ਕਾਫ਼ੀ ਮਾਤਰਾ ਵਿੱਚ ਡੀਏਪੀ ਖਾਦ ਕਿਸਾਨਾਂ ਲਈ ਉਪਲਬਧ ਕਰਵਾਈ ਜਾਵੇ।

7. ਅਵਾਰਾ ਪਸ਼ੂਆਂ ਦੀ ਸੰਭਾਲ ਲਈ ਸਰਕਾਰ ਪ੍ਰਬੰਧ ਕਰੇ ਅਤੇ ਇਸ ਸਮੱਸਿਆ ਦਾ ਹੱਲ ਕੱਢੇ।

8. ਪਰਾਲੀ ਸਾੜਨ ਦੇ ਮਸਲੇ ਤੇ ਕਿਸਾਨਾਂ ਖ਼ਿਲਾਫ ਕਾਰਵਾਈ ਰੋਕੀ ਜਾਵੇ ਅਤੇ ਇੰਡਸਟਰੀਜ਼ ਤੇ ਕਾਰਬਨ ਟੈਕਸ ਲਗਾ ਕੇ ਉਸ ਰਕਮ ਨੂੰ ਕਿਸਾਨਾਂ ਨੂੰ ਸਬਸਿਡੀ ਵਜੋਂ ਦਿੱਤਾ ਜਾਵੇ।

9. ਗੰਨਾ ਕਾਸ਼ਤਕਾਰਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਅਤੇ ਸਮੇਂ ਸਿਰ ਗੰਨਾ ਮਿਲਾਂ ਦੀ ਚਾਲੂਅਤ ਕਰਵਾਈ ਜਾਵੇ।

Related Post