ਕਿਸਾਨਾਂ ਨੇ ਘੇਰਿਆ ਟੌਹੜਾ ਪਾਵਰ ਗਰਿੱਡ, ਤਾਲਾ ਲਾ ਕੇ ਦਫਤਰ 'ਚ ਡੱਕੇ ਪਾਵਰਕਾਮ ਮੁਲਾਜ਼ਮ

ਗਰਿੱਡ ਦੇ ਘਿਰਾਓ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹ ਖੇਤੀ ਲਈ ਚੱਲ ਰਹੀ ਬਿਜਲੀ ਨੂੰ ਲਾਏ ਜਾ ਰਹੇ ਕੱਟਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਜਲੀ ਕੱਆਂ ਤੋਂ ਅੱਕ ਕੇ ਅੱਜ ਪਾਵਰਕਾਮ ਗਰਿੱਡ ਟੌਹੜਾ ਨੂੰ ਘੇਰ ਕੇ ਜਿੰਦਰਾ ਲਾ ਦਿੱਤਾ ਹੈ ਅਤੇ ਪਾਵਰਕਾਮ ਮੁਲਾਜਮਾਂ ਨੂੰ ਕਈ ਘੰਟੇ ਬੰਦੀ ਬਣਾ ਰੱਖਿਆ।

By  KRISHAN KUMAR SHARMA June 26th 2024 09:19 PM

ਨਾਭਾ ਦੇ ਪਿੰਡ ਟੋਹੜਾ ਵਿਖੇ ਖੇਤਾਂ ਲਈ ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਵੱਲੋਂ ਜਿੱਥੇ ਗਰੀਡ ਦਾ ਘਿਰਾਉ ਕੀਤਾ ਗਿਆ, ਉਥੇ ਸਟਾਫ ਨੂੰ ਵੀ ਬੰਦੀ ਬਣਾਇਆ ਗਿਆ। ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਗੁਰਦਿਤਪੁਰਾ ਵਿਖੇ ਵੀ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਖੇਤਾਂ ਲਈ ਨਿਰਵਿਘਨ 8 ਘੰਟੇ ਬਿਜਲੀ ਦੇ ਦਾਅਵੇ ਸਿਰਫ ਕਾਗਜ਼ੀ ਹੈ, ਜਦਕਿ ਪੰਜਾਬ ਦਾ ਕਿਸਾਨ ਪਰੇਸ਼ਾਨ ਹੈ।

ਇਸ ਮੌਕੇ ਕਈ ਪਿੰਡਾਂ ਦੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਹਰੇਬਾਜ਼ੀ ਕੀਤੀ ਗਈ। ਗਰਿੱਡ ਦੇ ਘਿਰਾਓ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹ ਖੇਤੀ ਲਈ ਚੱਲ ਰਹੀ ਬਿਜਲੀ ਨੂੰ ਲਾਏ ਜਾ ਰਹੇ ਕੱਟਾਂ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਜਲੀ ਕੱਆਂ ਤੋਂ ਅੱਕ ਕੇ ਅੱਜ ਪਾਵਰਕਾਮ ਗਰਿੱਡ ਟੌਹੜਾ ਨੂੰ ਘੇਰ ਕੇ ਜਿੰਦਰਾ ਲਾ ਦਿੱਤਾ ਹੈ ਅਤੇ ਪਾਵਰਕਾਮ ਮੁਲਾਜਮਾਂ ਨੂੰ ਕਈ ਘੰਟੇ ਬੰਦੀ ਬਣਾ ਰੱਖਿਆ। ਕਿਸਾਨਾਂ ਵੱਲੋਂ ਦੁਪਹਿਰ 3 ਵਜੇ ਤੋਂ ਗਰਿੱਡ ਦਾ ਘਿਰਾਓ ਕੀਤਾ ਗਿਆ, ਜੋ 6:30 ਵਜੇ ਤੱਕ ਜਾਰੀ ਸੀ। ਇਸ ਸਮੇਂ ਧਰਨਾਕਾਰੀਆਂ ਵੱਲੋਂ ਬਣਾਏ ਗਏ ਬੰਦੀਆਂ ਵਿੱਚ ਵਿਭਾਗ ਦਾ ਜੇਈ ਤੇ ਦਫਤਰ ਸਟਾਫ ਸਾਮਿਲ ਸਨ।

ਕਿਸਾਨਾਂ ਦੀ ਅਗਵਾਈ ਕਰ ਰਹੇ ਕੁਲਦੀਪ ਸਿੰਘ ਰੰਘੇੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅੱਠ ਘੰਟੇ ਨਿਰਵਿਘਨ ਬਿਜਲੀ ਦੇਣ ਦੇ ਦਾਅਵੇ ਖੋਖਲੇ ਸਿੱਧ ਹੋਏ ਹਨ ਤੇ ਖੇਤਾਂ ਲਈ ਕੇਵਲ ਢਾਈ ਘੰਟੇ ਬਿਜਲੀ ਛੱਡੀ ਜਾ ਰਹੀ ਹੈ। ਕਿਸਾਨ ਅਮ੍ਰਿਤ ਟਿਵਾਣਾ ਨੇ ਦੱਸਿਆ ਕਿ ਐਕਸੀਅਨ ਪਾਵਰਕਾਮ ਅਮਲੋਹ ਨਾਲ ਕਿਸਾਨਾਂ ਨੇ ਫੋਨ ੋਤੇ ਗੱਲ ਕੀਤੀ ਤਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਹੀ ਖੇਤੀ ਲਈ ਢਾਈ ਘੰਟੇ ਬਿਜਲੀ ਛੱਡੀ ਜਾ ਰਹੀ ਹੈ। ਪਰ ਜੇ ਅਜਿਹਾ ਹੈ ਤਾਂ ਸਰਕਾਰ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੇ ਦਾਅਵੇ ਕਰਕੇ ਗੁੰਮਰਾਹ ਨਾ ਕਰੇ।

ਕਿਸਾਨਾਂ ਖੁਸ਼ਦੀਪ ਸਿੰਘ ਤੁਰਖੇੜੀ, ਗਗਨ ਟਿਵਾਣਾ,ਰਣਜੀਤ ਸਿੰਘ ਰਾੜਾ, ਗੋਗੀ ਤੁਰਖੇੜੀ, ਗੁਰਜੀਤ ਸਿੰਘ ਤੁਰਖੇੜੀ, ਮਨਜੀਤ ਸਿੰਘ ਟਿਵਾਣਾ ਰੰਘੇੜੀ, ਸੁਖਵੀਰ ਸਿੰਘ ਸੋਨੀ ਨੇ ਕਿਹਾ ਕਿ ਜਦੋਂ ਤੱਕ ਵਿਭਾਗ ਦੇ ਅਧਿਕਾਰੀ ਅੱਠ ਘੰਟੇ ਨਿਰਵਿਘਨ ਬਿਜਲੀ ਛ਼ੱਡਣ ਦਾ ਲਿਖਤੀ ਭਰੋਸਾ ਨਹੀ ਦਿੰਦੇ ਧਰਨਾ ਨਹੀ ਚੁੱਕਿਆ ਜਾਵੇਗਾ। ਅੰਤ ਵਿੱਚ ਐਸਡੀਓ ਗੁਰਜੰਟ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਮੰਗ ਪੱਤਰ ਅਨੁਸਾਰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ। ਧਰਨਾਕਾਰੀਆਂ ਵਿੱਚ ਤੁਰਖੇੜੀ, ਰੰਘੇੜੀ ਕਲਾਂ, ਰੰਘੇੜਾ ਖੁਰਦ, ਭੱਲਮਾਜਰਾ, ਛੰਨਾ ਆਦਿ ਪਿੰਡਾਂ ਦੇ ਕਿਸਾਨ ਸ਼ਾਮਲ ਸਨ।

Related Post