ਟੋਲ ਪਲਾਜ਼ਿਆ ਤੋਂ ਜਲਦ ਚੁੱਕਵਾ ਦਿੱਤੇ ਜਾਣਗੇ ਕਿਸਾਨਾਂ ਦੇ ਧਰਨੇ, ਵਿਸ਼ੇਸ਼ ਡੀਜੀਪੀ ਦਾ ਵੱਡਾ ਬਿਆਨ
Punjab News: ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਦੀ ਟੋਲ ਕੀਮਤ ਨੂੰ ਲੈ ਕੇ ਕਿਸਾਨਾਂ ਅਤੇ NHAI ਵਿਚਾਲੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ।
Punjab News: ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਦੀ ਟੋਲ ਕੀਮਤ ਨੂੰ ਲੈ ਕੇ ਕਿਸਾਨਾਂ ਅਤੇ NHAI ਵਿਚਾਲੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਜਿੱਥੇ NHAI ਨੇ ਟੋਲ ਸ਼ੁਰੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਕਿਸਾਨ ਆਗੂ ਵੀ ਟੋਲ ਬੰਦ ਰੱਖਣ 'ਤੇ ਅੜੇ ਹੋਏ ਹਨ। ਬੁੱਧਵਾਰ ਰਾਤ ਨੂੰ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਉੱਥੇ ਸਫ਼ਾਈ ਸ਼ੁਰੂ ਕਰ ਦਿੱਤੀ ਗਈ। ਜਦੋਂ ਕਿਸਾਨਾਂ ਨੂੰ ਟੋਲ ਪਲਾਜ਼ਾ ਖੁੱਲ੍ਹਣ ਦੀ ਸੂਚਨਾ ਮਿਲੀ ਤਾਂ ਵੀਰਵਾਰ ਸਵੇਰੇ ਕਿਸਾਨ ਜੱਥੇ ਫਿਰ ਤੋਂ ਟੋਲ ਪਲਾਜ਼ਾ 'ਤੇ ਖੜ੍ਹੇ ਹੋ ਗਏ।
ਮਾਹੌਲ ਵਿਗੜਦਾ ਦੇਖ ਕੇ ਮੌਕੇ ’ਤੇ ਪੁਲੀਸ ਤਾਇਨਾਤ ਕਰਨੀ ਪਈ। ਕਿਸਾਨ ਇੱਕ ਗੱਲ 'ਤੇ ਅੜੇ ਹੋਏ ਹਨ ਕਿ ਹਾਈਕੋਰਟ ਨੇ ਉਨ੍ਹਾਂ ਦਾ ਪੱਖ ਨਹੀਂ ਸੁਣਿਆ। ਉਹ ਆਪਣੀ ਨਵੀਂ ਰਿੱਟ ਦਾਇਰ ਕਰਨਗੇ। ਪਰ ਪੰਜਾਬ ਸਰਕਾਰ ਨੇ ਆਪਣਾ ਪੱਖ ਪੇਸ਼ ਕਰਦਿਆਂ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਇਸ ਤੋਂ ਬਾਅਦ ਆਉਣ ਵਾਲੇ ਸਮੇਂ 'ਚ ਕਿਸਾਨਾਂ ਅਤੇ NHAI ਵਿਚਾਲੇ ਵਿਵਾਦ ਵਧਣ ਦੀ ਜ਼ਿਆਦਾ ਸੰਭਾਵਨਾ ਹੈ।
ਦੂਜੇ ਪਾਸੇ ਪੰਜਾਬ ਦੇ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਹਾਈਕੋਰਟ ਨੂੰ ਭਰੋਸਾ ਦਿੱਤਾ ਹੈ, ਲਾਡੋਵਾਲ ਟੋਲ ਅਤੇ ਹੋਰ ਕੋਈ ਵੀ ਟੋਲ ਜੋ ਬੰਦ ਕੀਤਾ ਗਿਆ ਹੈ, ਇੱਕ ਮਹੀਨੇ ਦੇ ਅੰਦਰ ਖੋਲ੍ਹਿਆ ਜਾਵੇਗਾ। ਕਿਸਾਨਾਂ ਵੱਲੋਂ ਲਾਡੋਵਾਲ ਟੋਲ ਬੰਦ ਕਰਨ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ।
ਐਨਐਚਏਆਈ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਟੋਲ ਦੇ ਬੰਦ ਹੋਣ ਕਾਰਨ ਹੁਣ ਤੱਕ 195.89 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਰਕਾਰ ਦੇ ਇਸ ਭਰੋਸੇ ਦੇ ਬਾਵਜੂਦ ਪੰਜਾਬ ਦੇ ਮੰਤਰੀ ਵੀ ਟੋਲ ਬੰਦ ਕਰਵਾਉਣ ਲਈ ਧਰਨੇ ਵਿੱਚ ਸ਼ਾਮਲ ਹੋ ਰਹੇ ਹਨ, ਹੁਣ ਸਰਕਾਰ ਨੂੰ ਖੁਦ ਇਸ ਨੁਕਸਾਨ ਦਾ ਮੁਆਵਜ਼ਾ ਦੇਣਾ ਚਾਹੀਦਾ ਹੈ।
ਹੁਣ ਸਰਕਾਰ ਵੱਲੋਂ ਚਾਰ ਹਫ਼ਤਿਆਂ ਵਿੱਚ ਟੋਲ ਖੋਲ੍ਹਣ ਦੇ ਭਰੋਸੇ ਮਗਰੋਂ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ 13 ਸਤੰਬਰ ਤੱਕ ਮੁਲਤਵੀ ਕਰਦਿਆਂ ਅਗਲੀ ਸੁਣਵਾਈ ਵਿੱਚ ਆਪਣੀ ਰਿਪੋਰਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ।