Kisan Andolan: ਸ਼ੁਭਕਰਨ ਸਿੰਘ ਦੀ ਮੌਤ ਦਾ ਮਾਮਲਾ, ਹਾਈਕੋਰਟ ’ਚ ਰਿਪੋਰਟ ਦਾਖਲ, ਹੋਇਆ ਵੱਡਾ ਖੁਲਾਸਾ

ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਐਫਐਸਐਲ ਨੇ ਹਾਈਕੋਰਟ ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੜ੍ਹੋ ਪੂਰੀ ਖ਼ਬਰ...

By  Dhalwinder Sandhu July 10th 2024 01:18 PM -- Updated: July 10th 2024 01:46 PM

shubhkaran singh: ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ ਉੱਤੇ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਐਫਐਸਐਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਆਪਣੀ ਰਿਪੋਰਟ ਦਾਖਲ ਕੀਤੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਜੋ ਗੋਲੀ ਕਿਸਾਨ ਸ਼ੁਭਕਰਨ ਸਿੰਘ ਦੇ ਵੱਜੀ ਸੀ ਉਹ ਪੁਲਿਸ ਅਤੇ ਸੁਰੱਖਿਆ ਬਲ ਨੇ ਨਹੀਂ ਚਲਾਈ ਸੀ।

ਰਿਪੋਰਟ ਵਿੱਚ ਖੁਲਾਸਾ

ਐਫਐਸਐਲ ਦੀ ਰਿਪੋਰਟ ਮੁਤਾਬਿਕ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ Shotgun 'ਚੋਂ ਚੱਲੀ ਗੋਲੀ ਕਾਰਨ ਹੋਈ ਹੈ। ਰਿਪੋਰਟ ਅਨੁਸਾਰ ਜਿਸ ਬੰਦੂਕ ਵਿੱਚੋਂ ਗੋਲੀ ਚੱਲੀ ਹੈ ਉਹ ਸਰਹੱਦ ’ਤੇ ਤੈਨਾਤ ਪੁਲਿਸ ਅਤੇ ਸੁਰੱਖਿਆ ਬਲਾਂ ਕੋਲ ਨਹੀਂ ਹੈ। ਹਾਈ ਕੋਰਟ ਨੇ ਕਿਹਾ ਕਿ ਹੁਣ ਪਤਾ ਲਗਾਓ ਕਿ ਇਹ ਗੋਲੀ ਕਿਸ ਨੇ ਚਲਾਈ ਸੀ। 

ਹਾਈਕੋਰਟ ਦਾ ਆਦੇਸ਼

ਹਾਈਕੋਰਟ ਨੇ ਕਿਸਾਨ ਸੰਗਠਨ ਦੇ ਵਕੀਲ ਨੂੰ ਕਿਹਾ ਕਿ ਹੁਣ ਇਹ ਦੇਖੋ ਕੀ ਭੀੜ 'ਚ ਕਿਸ ਕੋਲ Shotgun ਸੀ, ਜਿਸ ਕਾਰਨ ਕਿਸਾਨ ਦੀ ਮੌਤ ਹੋਈ ਹੈ। ਹਾਈਕੋਰਟ ਨੇ ਕਿਹਾ ਕਿ ਉਸ ਦਿਨ ਦੇ ਪ੍ਰਦਰਸ਼ਨ ਦੀ ਵੀਡੀਓ ਫੁਟੇਜ ਦੇਖੀ ਜਾਣੀ ਚਾਹੀਦੀ ਹੈ ਅਤੇ ਪਛਾਣ ਕੀਤੀ ਜਾ ਸਕੇ ਕਿ ਗੋਲੀ ਕਿਸ ਨੇ ਚਲਾਈ ਸੀ।

ਕਿਸਾਨ ਆਗੂ ਦਾ ਬਿਆਨ

ਹਾਈਕੋਰਟ ਵਿੱਚ ਦਾਇਰ ਕੀਤੀ ਗਈ ਰਿਪੋਰਟ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਕੋਲ ਬੰਦੂਕ ਹੁੰਦੀ ਤਾਂ ਉਹ ਆਪਣੇ ਭਰਾਵਾਂ ਨੂੰ ਹੀ ਕਿਉਂ ਮਾਰਦੇ। ਉਹਨਾਂ ਨੇ ਕਿਹਾ ਕਿ ਸਾਨੂੰ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ, ਇਸ ਲਈ ਇਸ ਦੀ ਜਾਂਚ ਹਾਈਕੋਰਟ ਦੇ ਸੇਵਾ ਮੁਕਤ ਜੱਜ ਤੋਂ ਕਰਵਾਈ ਜਾਵੇ।

ਗੋਲੀ ਲੱਗਣ ਕਾਰਨ ਹੋਈ ਸੀ ਸ਼ੁਭਕਰਨ ਸਿੰਘ ਦੀ ਮੌਤ

21 ਫਰਵਰੀ ਨੂੰ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ 'ਤੇ ਕਿਸਾਨ ਸ਼ੁਭਕਰਨ ਸਿੰਘ ਅਤੇ ਉਸਦੇ ਸਾਥੀ ਦਿੱਲੀ ਵੱਲ ਵਧਣ ਲੱਗੇ, ਪਰ ਹਰਿਆਣਾ ਸਰਕਾਰ ਵੱਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ ਅੰਨ੍ਹੇਵਾਹ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਗੋਲੀਆਂ ਵੀ ਚਲਾਈਆਂ ਗਈਆਂ। ਸਰਕਾਰ ਦੀ ਕਾਰਵਾਈ ਨੂੰ ਦੇਖਦੇ ਹੋਏ ਕਿਸਾਨ ਤਾਂ ਰੁਕ ਗਏ ਸਨ, ਪਰ ਫਿਰ ਵੀ ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਨੂੰ ਰੋਕਿਆ ਨਹੀਂ ਗਿਆ।

ਕਿਸਾਨ ਸ਼ੁਭਕਰਨ ਸਿੰਘ ਹਰਿਆਣਾ ਸਰਹੱਦ ਤੋਂ ਮਹਿਜ਼ ਪੰਜ ਕਦਮ ਦੀ ਦੂਰੀ 'ਤੇ ਹੀ ਸੀ ਕਿ ਗੋਲੀ ਉਸ ਦੇ ਸਿਰ ਦੇ ਪਿੱਛੇ ਲੱਗੀ। ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਕਰੀਬ ਇੱਕ ਘੰਟੇ ਬਾਅਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ: Unnao Bus Accident: ਖੁਸ਼ਕਿਸਮਤ ਸਨ ਉਹ ਲੋਕ ! ਭਿਆਨਕ ਟੱਕਰ ਤੋਂ ਬਾਅਦ ਵੀ ਬਚੀ 39 ਦੀ ਜਾਨ, ਮੁਆਵਜ਼ੇ ਦਾ ਐਲਾਨ

Related Post