Farmer Protest: ਚੰਡੀਗੜ੍ਹ-ਦਿੱਲੀ ਫਲਾਈਟ ਦੀਆਂ ਟਿਕਟਾਂ 'ਚ ਭਾਰੀ ਵਾਧਾ

By  Amritpal Singh February 13th 2024 11:09 AM

Farmer Protest: ਆਪਣੀਆਂ ਮੰਗਾਂ ਨੂੰ ਲੈ ਕੇ ਸਰਹੱਦੀ ਇਲਾਕਿਆਂ ਅਤੇ ਹਾਈਵੇਅ ਨੇੜੇ ਕਿਸਾਨ ਜਥੇਬੰਦੀਆਂ ਦੇ ਇਕੱਠੇ ਹੋਣ ਅਤੇ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਲਾਏ ਬੈਰੀਕੇਡਾਂ ਕਾਰਨ ਲੋਕਾਂ ਨੂੰ ਚੰਡੀਗੜ੍ਹ-ਦਿੱਲੀ ਦਾ ਸਫ਼ਰ ਕਰਨ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੰਡੀਗੜ੍ਹ-ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਟਿਕਟਾਂ ਵਜੋਂ ਮੋਟੀ ਰਕਮ ਅਦਾ ਕਰਨੀ ਪੈ ਰਹੀ ਹੈ।

ਜਾਣਕਾਰੀ ਮੁਤਾਬਕ ਟਿਕਟ ਦਾ ਰੇਟ ਆਮ ਨਾਲੋਂ ਲਗਭਗ ਪੰਜ ਗੁਣਾ ਹੋ ਗਿਆ ਹੈ। ਜਿੱਥੇ ਚੰਡੀਗੜ੍ਹ ਤੋਂ ਦਿੱਲੀ ਦੀ ਹਵਾਈ ਟਿਕਟ ਅਤੇ ਦਿੱਲੀ ਤੋਂ ਚੰਡੀਗੜ੍ਹ ਦੀ ਟਿਕਟ ਆਮ ਦਿਨਾਂ 'ਚ 3 ਹਜ਼ਾਰ ਰੁਪਏ ਦੇ ਕਰੀਬ ਹੁੰਦੀ ਸੀ, 13 ਫਰਵਰੀ ਨੂੰ ਇਹ 9,104 ਤੋਂ 17,021 ਰੁਪਏ ਤੱਕ ਸੀ।

ਮੌਜੂਦਾ ਜਾਣਕਾਰੀ ਅਨੁਸਾਰ ਟਿਕਟ ਵਿੱਚ ਇਹ ਭਾਰੀ ਵਾਧਾ ਅਗਲੇ ਤਿੰਨ ਦਿਨਾਂ ਤੱਕ ਰਹੇਗਾ ਅਤੇ 21 ਫਰਵਰੀ ਨੂੰ ਇਹ 3,018 ਰੁਪਏ ਦੀ ਆਮ ਦਰ 'ਤੇ ਆ ਜਾਵੇਗਾ। ਇਸ ਦੇ ਨਾਲ ਹੀ ਦਿੱਲੀ ਨਾਲ ਜੁੜੀਆਂ ਉਡਾਣਾਂ 'ਚ ਟਿਕਟਾਂ ਦੀ ਕਮੀ ਹੈ। ਤੁਹਾਨੂੰ ਦੱਸ ਦੇਈਏ ਕਿ ਏਅਰਪੋਰਟ 'ਤੇ ਦਿੱਲੀ ਨਾਲ ਸਬੰਧਤ ਕੁੱਲ 9 ਉਡਾਣਾਂ ਹਨ। ਹਵਾਈ ਅੱਡੇ 'ਤੇ ਇਕ ਏਅਰਲਾਈਨ 12 ਅਤੇ 13 ਅਤੇ 14 ਫਰਵਰੀ ਨੂੰ ਚੰਡੀਗੜ੍ਹ-ਦਿੱਲੀ ਰੂਟ 'ਤੇ ਦੋ ਵਾਧੂ ਉਡਾਣਾਂ ਵੀ ਉਡਾ ਰਹੀ ਹੈ।

ਟਿਕਟਾਂ ਮਹਿੰਗੇ ਭਾਅ ਖਰੀਦਣੀਆਂ ਪੈਂਦੀਆਂ ਹਨ

ਜਿਨ੍ਹਾਂ ਲੋਕਾਂ ਨੇ ਕਿਸੇ ਜ਼ਰੂਰੀ ਕੰਮ ਲਈ ਚੰਡੀਗੜ੍ਹ ਤੋਂ ਬਾਹਰ ਜਾਣਾ ਹੁੰਦਾ ਹੈ ਅਤੇ ਸਫ਼ਰ ਵਿੱਚ ਦੇਰੀ ਨਹੀਂ ਕਰ ਸਕਦੇ, ਉਹ ਵੀ ਮਹਿੰਗੇ ਭਾਅ ਟਿਕਟਾਂ ਖਰੀਦ ਰਹੇ ਹਨ। ਦੱਸ ਦੇਈਏ ਕਿ 13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਕਾਰਨ ਹਾਈਵੇਅ 'ਤੇ ਕਾਫੀ ਦਿੱਕਤਾਂ ਪੈਦਾ ਹੋ ਰਹੀਆਂ ਹਨ। ਪੁਲਿਸ ਨੇ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਸਰਹੱਦਾਂ ਨੇੜੇ ਸੜਕਾਂ 'ਤੇ ਬੈਰੀਕੇਡ ਲਗਾ ਦਿੱਤੇ ਹਨ। ਦੂਜੇ ਪਾਸੇ ਦਿੱਲੀ ਜਾਣ ਵਾਲੀਆਂ ਟਰੇਨਾਂ ਵੀ ਪੂਰੀ ਤਰ੍ਹਾਂ ਭਰੀਆਂ ਪਈਆਂ ਹਨ।

Related Post