ਅੰਮ੍ਰਿਤਸਰ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੰਮ੍ਰਿਤਸਰ-ਤਰਨਤਾਰਨ ਰੋਡ ਉਪਰ ਪੈਂਦੇ ਕਸਬਾ ਚੱਬਾ ਵਿਖੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਤੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਆਗੂ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿਚ ਕੇਂਦਰ ਦੀ ਬੀਜੇਪੀ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਆਗੂਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਮ ਆਦਮੀ ਦੇ ਲੇਬਲ ਹੇਠ ਬਣੀ ਪੰਜਾਬ ਸਰਕਾਰ ਨੇ "ਧਰਨਾ ਮੁਕਤ ਪੰਜਾਬ" ਦਾ ਨਾਅਰਾ ਦਿੱਤਾ ਸੀ ਪਰ ਅੱਜ ਸਰਕਾਰ ਦੀ ਬੇਢੰਗੀ ਤੇ ਘਟੀਆ ਕਾਰਜਸ਼ੈੱਲੀ ਕਾਰਨ ਪੰਜਾਬ ਹਰ ਦਿਨ " ਧਰਨਾ ਯੁਕਤ ਪੰਜਾਬ " ਬਣ ਚੁੱਕਾ ਹੈ।
ਆਲਮ ਇਹ ਹੈ ਕਿ ਸਰਕਾਰ ਧਰਨਾਕਾਰੀਆਂ ਕੋਲੋਂ ਮੰਗ ਪੂਰੀ ਕਰਨ ਲਈ ਮੂੰਹੋ ਮੰਗਿਆ ਸਮਾਂ ਮਿਲਣ ਉਤੇ ਵੀ ਦਿੱਤੇ ਸਮੇਂ ਵਿਚ ਕੰਮ ਨੇਪਰੇ ਚਾੜ੍ਹਨ ਵਿਚ ਨਾਕਾਮ ਰਹਿ ਰਹੀ ਹੈ ਜਿਸਦੀ ਉਦਾਹਰਣ ਬਟਾਲਾ ਧਰਨੇ ਵਿਚ ਮੰਗਾਂ ਉਤੇ ਕੰਮ ਕਰਨ ਲਈ ਮੰਗੇ ਗਏ 20 ਦਿਨ ਵਿਚ ਇਕ ਇੰਚ ਮਾਤਰ ਵੀ ਕੰਮ ਨਹੀਂ ਸਿਰੇ ਲੱਗੇ, ਜਿਸਦੇ ਚੱਲਦੇ ਜਥੇਬੰਦੀ ਨੂੰ ਦੁਬਾਰਾ ਤੋਂ 22 ਤਰੀਕ ਨੂੰ ਰੇਲ ਧਰਨੇ ਉਤੇ ਜਾਣਾ ਪੈ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਅਤੇ ਜਿਲ੍ਹਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਜਿਸ ਸਮੇਂ ਦੇਸ਼ ਵਿਚ ਮੀਡੀਆ ਦਾ ਇਕ ਵੱਡਾ ਹਿੱਸਾ ਲੋਕ ਹਿੱਤਾਂ ਦੀ ਆਵਾਜ਼ ਚੁੱਕਣੀ ਛੱਡ ਕੇ ਸਰਕਾਰ ਦੀਆਂ ਨਾਕਾਮੀਆਂ ਉਤੇ ਪਰਦੇ ਪਾਉਣ ਤੇ ਗੁਣਗਾਨ ਕਰਨ ਵਿਚ ਲੱਗਾ ਹੈ ਤੇ ਮੋਦੀ ਸਰਕਾਰ ਨਿਰਪੱਖ ਪੱਤਰਕਾਰੀ ਕਰਨ ਵਾਲੇ ਵਿਸ਼ਵ ਪੱਧਰੀ ਮੀਡੀਆ ਅਦਾਰਿਆਂ ਨਾਲ ਆਪਣੀ ਤਾਕਤ ਦੀ ਨਾਜਾਇਜ਼ ਵਰਤੋਂ ਕਰਕੇ ਧੱਕੇਸ਼ਾਹੀ ਉਤੇ ਉੱਤਰੀ ਹੋਈ ਹੈ ਉਥੇ ਸੋਸ਼ਲ ਮੀਡੀਆ ਉਤੇ ਲੋਕ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਕਿਸਾਨ ਆਗੂਆਂ, ਬੁੱਧੀਜੀਵੀਆਂ ਅਤੇ ਵਿਚਾਰਕਾਂ ਦੀ ਆਵਾਜ਼ ਦੱਬੀ ਜਾ ਰਹੀ ਹੈ।
ਇਸੇ ਤਹਿਤ ਇਕ ਵਾਰ ਫਿਰ ਤੋਂ ਸੂਬਾ ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਫੇਸਬੁੱਕ ਅਕਾਊਂਟ ਬੰਦ ਕਰਵਾ ਦਿੱਤਾ ਗਿਆ ਹੈ ਜਦਕਿ ਇਸੇ ਸੋਸ਼ਲ ਮੀਡੀਆ ਉਤੇ ਲੋਕਾਂ ਨੂੰ ਧਰਮ ਦੇ ਨਾਮ ਉਤੇ ਕਤਲ ਕਰਨ ਵਾਲੇ ਸਰਕਾਰੀ ਬਾਬੇ ਤੇ ਸਿਆਸਤਦਾਨ ਜ਼ਹਿਰ ਉਗਲ ਰਹੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਜਥੇਬੰਦੀ ਪ੍ਰਚਾਰ ਲਈ ਸ਼ੋਸਲ ਮੀਡੀਆ ਦੀ ਮੁਥਾਜ ਨਹੀਂ ਪਰ ਇਹ ਅੱਜ ਦੇ ਸਮੇਂ ਦੇ ਹਿਸਾਬ ਨਾਲ ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦੇ ਅਧਿਕਾਰ ਦਾ ਘਾਣ ਹੈ।
ਇਹ ਵੀ ਪੜ੍ਹੋ : ਪ੍ਰਾਈਵੇਟ ਬਾਈਕ ਦੀ ਕਮਰਸ਼ੀਅਲ ਵਰਤੋਂ 'ਤੇ ਲੱਗੀ ਰੋਕ, ਲਾਇਸੈਂਸ ਜ਼ਬਤ ਕਰਨ ਦੇ ਹੁਕਮ
ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰਾਂ ਵੱਲੋਂ ਦਿੱਲੀ ਮੋਰਚੇ ਦੇ ਸਮੇਂ ਤੋਂ ਅੱਜ ਤੱਕ ਲਗਾਤਾਰ ਦੂਜੇ ਆਗੂਆਂ ਦੇ ਫੇਸਬੁੱਕ ਅਕਾਊਂਟ ਬੈਨ ਕੀਤੇ ਜਾ ਰਹੇ ਹਨ ਜਾਂ ਪਹੁੰਚ ਘਟਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਾਨਾਸ਼ਾਹੀ ਬੰਦ ਹੋਣੀ ਚਾਹੀਦੀ ਹੈ। ਇਸ ਮੌਕੇ ਹਾਜ਼ਰ ਆਗੂ ਕਵਲਜੀਤ ਸਿੰਘ ਵੰਨਚਿੜੀ, ਨਿਸ਼ਾਨ ਸਿੰਘ ਚੱਬਾ, ਦਿਲਪ੍ਰੀਤ ਸਿੰਘ ਚੱਬਾ,ਹਰਦੇਵ ਸਿੰਘ ਸਾਘਣਾ, ਬਲਵਿੰਦਰ ਸਿੰਘ ਚੱਬਾ, ਦਲਬੀਰ ਸਿੰਘ ਚੱਬਾ, ਬੂਟਾ ਸਿੰਘ, ਰਣਜੀਤ ਸਿੰਘ,ਚੱਬਾ, ਗੁਰਮੀਤ ਸਿੰਘ ਵਰਪਾਲ ਆਗੂ ਹਾਜ਼ਰ ਸਨ।