ਫਰੀਦਕੋਟ: ਪੁਲਿਸ ਮੁਲਾਜ਼ਮ ਦੇ ਬੇਟੇ ਦਾ ਕਤਲ; ਬੈਂਚ 'ਤੇ ਬੈਠਣ ਨੂੰ ਲੈ ਕੇ ਗੁਆਂਢੀ ਨਾਲ ਹੋਇਆ ਝਗੜਾ
ਫਰੀਦਕੋਟ: ਸ਼ਹਿਰ ਦੀ ਡਰੀਮ ਲੈਂਡ ਕਲੋਨੀ 'ਚ ਘਰ ਦੇ ਸਾਹਮਣੇ ਬੈਂਚ 'ਤੇ ਬੈਠਣ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਵਿੱਚ ਰਾਤ ਸਮੇਂ ਇੱਕ 28 ਸਾਲਾ ਨੌਜਵਾਨ ਨੂੰ ਦੂਜੀ ਧਿਰ ਦੇ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਤੇਜਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ, ਜੋ ਕਿ ਬਠਿੰਡਾ ਰਿਫਾਇਨਰੀ ਵਿੱਚ ਏ.ਐਸ.ਆਈ. ਵਜੋਂ ਤੈਨਾਤ ਨੇ, ਦੱਸਿਆ ਕਿ 6 ਅਕਤੂਬਰ ਦੀ ਰਾਤ ਕਰੀਬ 10 ਵਜੇ ਉਸ ਦੇ ਗੁਆਂਢ 'ਚ ਰਹਿਣ ਵਾਲੇ ਸੰਦੀਪ ਉਰਫ ਬੋਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਮੁੰਡੇ 'ਤੇ ਡੰਡਿਆਂ ਅਤੇ ਬੇਸਬਾਲ ਬੈਟ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਤੇਜਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।
ਉਨ੍ਹਾਂ ਦੱਸਿਆ ਕਿ ਬੇਟੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਕਤ ਘਟਨਾ 'ਚ ਕਥਿਤ ਦੋਸ਼ੀਆਂ ਵੱਲੋਂ ਕੀਤੇ ਹਮਲੇ 'ਚ ਪੰਜ-ਛੇ ਹੋਰ ਲੋਕ ਵੀ ਜ਼ਖਮੀ ਹੋ ਗਏ, ਹਾਲਾਂਕਿ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਬਲਦੇਵ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਤੇ ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ |
ਡੀ.ਐੱਸ.ਪੀ ਅਸਵੰਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ:
- ਦੁਰਗਾ ਭਾਬੀ ਜਿਨ੍ਹਾਂ ਭਗਤ ਸਿੰਘ ਨੂੰ ਲਾਹੌਰ ਤੋਂ ਭੱਜਣ 'ਚ ਪਤਨੀ ਬਣ ਕੀਤੀ ਸੀ ਮਦਦ
- ਜਾਣੋ ਕੌਣ ਹੈ ਨਰਗਿਸ ਮੁਹੰਮਦੀ? ਜਿਸਨੂੰ 31 ਸਾਲ ਜੇਲ੍ਹ ਤੇ 154 ਕੋੜੇ ਦੀ ਸਜ਼ਾ ਵਿਚਕਾਰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ