ਸਿੱਖ ਗੁਰੂ ਸਾਹਿਬਾਨ ਦਾ ਸਵਾਂਗ ਰਚਾਉਣ ਵਾਲਿਆਂ 'ਤੇ ਹੋਵੇ ਮਿਸਾਲੀ ਕਾਰਵਾਈ : ਡਾ. ਵਿਜੇ ਸਤਬੀਰ ਸਿੰਘ

ਡਾਕਟਰ ਵਿਜੇ ਸਤਬੀਰ ਸਿੰਘ ਅਤੇ ਜਸਵੰਤ ਸਿੰਘ ਬੌਬੀ ਨੇ ਜਿਥੇ ਇਸ ਗੰਭੀਰ ਸੰਵੇਦਨਸ਼ੀਲ ਮੁੱਦੇ 'ਤੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਹੈ, ਉਥੇ ਉਨ੍ਹਾਂ ਨੇ ਸੁਪਰਡੈਂਟ ਗੁਰਦੁਆਰਾ ਸੱਚਖੰਡ ਬੋਰਡ ਰਾਹੀਂ ਨਾਂਦੇੜ ਜ਼ਿਲ੍ਹਾ ਕੁਲੈਕਟਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।

By  KRISHAN KUMAR SHARMA November 21st 2024 04:20 PM

Guru Nanak Dev Ji : ਗੁਰਦੁਆਰਾ ਤਖ਼ਤ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾਕਟਰ ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ ਨੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬੀਤੇ ਦਿਨੀਂ ਇੱਕ ਧਾਰਮਿਕ ਕਹੇ ਜਾਣ ਵਾਲੇ ਪ੍ਰੋਗਰਾਮ ਵਿੱਚ, ਜਿਸ ਤਰ੍ਹਾਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੇਸ਼ਭੂਸ਼ਾ ਧਾਰਨ ਕਰਨ ਦਾ ਸਵਾਂਗ ਰਚਾਉਣ ਦੀ ਗੁਸਤਾਖੀ ਕੀਤੀ ਹੈ, ਦਾ ਪੁਰਜੋਰ ਵਿਰੋਧ ਦਰਜ਼  ਕਰਵਾਇਆ ਹੈ।

ਜ਼ਿਕਰਯੋਗ ਹੈ ਕਿ ਇੱਕ ਧਾਰਮਿਕ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਰਗੀ ਪ੍ਰਚਲਤ ਦਿੱਖ, ਹੱਥ ਵਿੱਚ ਕਮੰਡਲ ਵਾਲੀ ਇੱਕ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਹ ਜਾਣਕਾਰੀ ਮਿਲਣ 'ਤੇ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾਕਟਰ ਵਿਜੇ ਸਤਬੀਰ ਸਿੰਘ ਅਤੇ ਜਸਵੰਤ ਸਿੰਘ ਬੌਬੀ ਨੇ ਜਿਥੇ ਇਸ ਗੰਭੀਰ ਸੰਵੇਦਨਸ਼ੀਲ ਮੁੱਦੇ 'ਤੇ ਗਹਿਰੀ ਚਿੰਤਾ ਜ਼ਾਹਿਰ ਕੀਤੀ ਹੈ, ਉਥੇ ਉਨ੍ਹਾਂ ਨੇ ਸੁਪਰਡੈਂਟ ਗੁਰਦੁਆਰਾ ਸੱਚਖੰਡ ਬੋਰਡ ਰਾਹੀਂ  ਨਾਂਦੇੜ ਜ਼ਿਲ੍ਹਾ ਕੁਲੈਕਟਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਜਿਹੇ ਸਮਾਜ ਵਿਰੋਧੀ, ਆਪਸੀ ਭਾਈਚਾਰਕ ਸਾਂਝ ਨੂੰ ਨਿਸ਼ਾਨਾ ਬਣਾਉਣ ਵਾਲੇ ਅਨਸਰਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਡਾਕਟਰ ਵਿਜੇ ਸਤਬੀਰ ਸਿੰਘ ਨੇ ਇਹ ਵੀ ਕਿਹਾ ਕਿ ਇਸ ਗੰਭੀਰ ਮਸਲੇ ਪ੍ਰਤੀ ਉਹ ਕਾਨੂੰਨੀ ਮਾਹਿਰਾਂ ਨਾਲ ਵੀ ਸੰਪਰਕ ਵਿੱਚ ਹਨ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ  'ਤੇ ਅਦਾਲਤੀ  ਕਾਰਵਾਈ ਵੀ ਕੀਤੀ ਜਾਵੇਗੀ।

Related Post