ਸਾਬਕਾ ਵਿਧਾਇਕ ਜਲਾਲਪੁਰ ਦਾ ਭਰਾ, ਲੜਕੇ ਤੇ ਭਤੀਜਾ ਵਿਵਾਦਾਂ ਚ ਘਿਰੇ, ਮਾਮਲਾ ਦਰਜ
ਪਟਿਆਲਾ : ਨਾਜਾਇਜ਼ ਕਾਲੋਨੀਆਂ ਕੱਟਣ ਵਾਲਿਆਂ ਖਿਲਾਫ਼ ਆਖਰ ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ.) ਨੇ ਕਾਰਵਾਈ ਆਰੰਭ ਕਰ ਦਿੱਤੀ ਹੈ। ਇਸ ਨੂੰ ਲੈ ਕੇ ਸਾਬਕਾ ਵਿਧਾਇਕ ਮਦਨਲਾਲ ਜਲਾਲਪੁਰ ਦਾ ਭਰਾ, ਲੜਕਾ ਤੇ ਭਤੀਜੇ ਵਿਵਾਦਾਂ ਵਿਚ ਘਿਰ ਗਏ ਹਨ। ਥਾਣਾ ਸਦਰ ਅਧੀਨ ਆਉਂਦੇ ਖੇਤਰ ਵਿਚ ਨਾਜਾਇਜ਼ ਕਾਲੋਨੀਆਂ ਕੱਟਣ ਦੇ ਮਾਮਲੇ ਵਿਚ ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਲੜਕੇ ਤੇ ਪਾਵਰਕੌਮ ਦੇ ਸਾਬਕਾ ਪ੍ਰਬੰਧਕੀ ਡਾਇਰੈਕਟਰ, ਭਰਾ ਤੇ ਭਤੀਜੇ ਸਮੇਤ 10 ਕਾਲੋਨਾਈਜ਼ਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਵਧੀਕ ਅਫ਼ਸਰ ਮੁੱਖ ਪ੍ਰਸ਼ਾਸਕ ਪੀਡੀਏ ਪਟਿਆਲਾ ਸੰਜੀਵ ਕੁਮਾਰ ਦੀ ਸ਼ਿਕਾਇਤ ਉਤੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਅਮਰੀਕ ਸਿੰਘ, ਹਰਜੀਤ ਕੌਰ, ਗੁਰਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਸੰਤੋਖ ਸਿੰਘ ਵਾਸੀ ਨੇੜੇ ਪੰਜਾਬੀ 'ਵਰਸਿਟੀ ਪਟਿਆਲਾ, ਰਾਜਿੰਦਰ ਸਿੰਘ ਸਿੰਘ, ਮਨਜੀਤ ਸਿੰਘ, ਕਮਲਦੀਪ ਸਿੰਘ, ਗਗਨਦੀਪ ਸਿੰਘ ਵਾਸੀ ਪਿੰਡ ਜਲਾਲਪੁਰ, ਸੁਖਦੇਵ ਸਿੰਘ ਵਾਸੀ ਸੰਤ ਹਜ਼ਾਰਾ ਸਿੰਘ ਵਾਸੀ ਸਨੌਰ ਖਿਲਾਫ਼ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੀ ਧਾਰਾ 36 (1) 36 (3) ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿਚੋਂ ਗਗਨਦੀਪ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਲੜਕਾ ਹੈ ਜੋਕਿ ਪਾਵਰਕੌਮ ਦਾ ਪ੍ਰਬੰਧਕੀ ਡਾਇਰੈਕਟਰ ਵੀ ਰਿਹਾ।
ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਲਾਇਆ 2 ਲੱਖ ਰੁਪਏ ਜੁਰਮਾਨਾ: ਮੰਤਰੀ ਬੈਂਸ
ਇਸਦੇ ਨਾਲ ਹੀ ਸਾਬਕਾ ਵਿਧਾਇਕ ਦਾ ਭਰਾ ਰਜਿੰਦਰ ਸਿੰਘ ਤੇ ਭਤੀਜਾ ਕਮਲਦੀਪ ਵੀ ਸ਼ਾਮਲ ਹੈ। ਸੰਜੀਵ ਕੁਮਾਰ ਦੀ ਸ਼ਿਕਾਇਤ ਅਨੁਸਾਰ ਪਿੰਡ ਜਲਾਲਪੁਰ ਤੇ ਨਸੀਰਪੁਰ ਵਿਖੇ ਪੁੱਡਾ ਦੀ ਮਨਜ਼ੂਰੀ ਬਿਨਾਂ ਉਕਤ ਵਿਅਕਤੀਆਂ ਨੇ ਅਣ- ਅਧਿਕਾਰਤ ਕਾਲੋਨੀ ਕੱਟ ਕੇ ਪਲਾਟਾਂ ਦੀ ਵੰਡ ਕੀਤੀ ਸੀ। ਇਨ੍ਹਾਂ ਨੇ ਨਾ ਤਾਂ ਰਜਿਸਟ੍ਰੇਸ਼ਨ ਕਰਵਾਈ ਅਤੇ ਨਾ ਹੀ ਲਾਇਸੰਸ ਲਿਆ। ਥਾਣਾ ਸਦਰ ਪਟਿਆਲਾ ਦੀ ਪੁਲਿਸ ਵੱਲੋਂ ਹੁਣ ਇਸ ਮਾਮਲੇ ਵਿਚ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਰਿਪੋਰਟ-ਗਗਨਦੀਪ ਆਹੂਜਾ