ਪੰਥ ਵਿਰੋਧੀ ਸ਼ਕਤੀਆਂ ਵਿਰੁੱਧ ਸਮੁੱਚਾ ਪੰਥ ਇਕਜੁੱਟ ਹੋਵੇ : ਐਡਵੋਕੇਟ ਧਾਮੀ
ਪਟਿਆਲਾ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਕਮੇਟੀ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਵਿਰੁੱਧ ਸਮੁੱਚਾ ਪੰਥ ਇਕਜੁੱਟ ਹੋਵੇ। ਸ੍ਰੋਮਣੀ ਕਮੇਟੀ ਪ੍ਰਧਾਨ ਇਕ ਭੋਗ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਆਸਰਾਈਆਂ ਦੇ ਚੱਲਦਿਆਂ ਸਿੱਖ ਭਰਾਵਾਂ ਨੂੰ ਸੁਚੇਤ ਕੀਤਾ ਗਿਆ ਸੀ ਕਿ ਭਾਜਪਾ ਦੀ ਸਰਕਾਰ ਸਿੱਖ ਭਰਾਵਾਂ ਵਿਚ ਭਰਾ ਮਾਰੂ ਜੰਗ ਛੇੜਨਾ ਚਾਹੁੰਦੀ ਹੈ ਅਤੇ ਸਿੱਖ ਪੰਥ ਨੂੰ ਛੋਟਾ ਕਰਨ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ, ਜਿਸ ’ਚ ਪੰਥਕ ਵਿਰੋਧੀ ਤਾਕਤਾਂ ਕਦੇ ਵੀ ਸਫਲ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਦਾ ਜ਼ੋਰ ਸਿੱਖ ਸੰਸਥਾਵਾਂ ਨੂੰ ਕਮਜ਼ੋਰ ’ਤੇ ਲੱਗਾ ਹੋਇਆ ਹੈ, ਜਦਕਿ ਸਿੱਖ ਭਰਾਵਾਂ ਨੂੰ ਅਪੀਲ ਕੀਤੀ ਗਈ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਹਰਿਆਣਾ ਕਮੇਟੀ ਦੇ ਮੈਂਬਰ ਇਕਜੁੱਟ ਹੋ ਕੇ ਰਹਿਣ, ਪ੍ਰੰਤੂ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਰਕਾਰ ਨੇ ਹਰਿਆਣਾ ਕਮੇਟੀ ਦੇ ਮੈਂਬਰਾਂ ਨਾਲ ਇਕ ਵਾਰ ਫੇਰ ਧੋਖਾ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸਥਾਨ ’ਤੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਪੈਟਰਨ ਲਾਉਣ ਦੀ ਕੋਸ਼ਿਸ਼ ਕੀਤੀ, ਜੋ ਮੰਦਭਾਗਾ ਫੈਸਲਾ ਰਿਹਾ।
ਉਨ੍ਹਾਂ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਜੋ ਖੁਦ ਨੂੰ ਪ੍ਰਧਾਨ ਸਮਝਣ ਲੱਗ ਪਏ ਸਨ,ਉਨ੍ਹਾਂ ਨੂੰ ਵੀ ਸਰਕਾਰ ਦੀ ਚਾਲ ਦੇਰ ਨਾਲ ਸਮਝ ਆਈ, ਜਦਕਿ ਜਗਦੀਸ਼ ਸਿੰਘ ਝੀਡਾ ਅਤੇ ਦੀਦਾਰ ਸਿੰਘ ਨਲਵੀ ਹੋਰਨਾਂ ਦਾ ਯਤਨ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਹਰਿਆਣਾ ਕਮੇਟੀ ਦੇ ਮੈਂਬਰ ਇਕਜੁੱਟ ਰਹਿਣ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰਿਆਣਾ ਦੀ ਤਰਜ਼ ’ਤੇ ਰਾਜਸਥਾਨ ’ਚ ਵੀ ਸਰਕਾਰ ਗੁਰਦੁਆਰਾ ਪ੍ਰਬੰਧ ’ਚ ਦਖਲ ਦੇਣ ’ਤੇ ਲੱਗੀ ਹੈ ਅਤੇ ਸਿੱਖ ਕੌਮ ਅੱਗੇ ਆ ਰਹੀਆਂ ਅਜਿਹੀਆਂ ਦਰਪੇਸ਼ ਚੁਣੌਤੀਆਂ ਤੋਂ ਸੁਚੇਤ ਰਹਿਣ ਅਤੇ ਇਕਜੁੱਟ ਹੋਣ ਦੀ ਲੋੜ ਹੈ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਅਜਿਹੀਆਂ ਤਾਕਤਾਂ ਵਿਰੁੱਧ ਸਮੁੱਚਾ ਪੰਥ ਅਤੇ ਸਿੱਖ ਕੌਮ ਇਕਜੁੱਟ ਹੋਵੇ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਜਿਹੀਆਂ ਪੰਥ ਵਿਰੋਧੀ ਸ਼ਕਤੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਵੀ ਚੈਲੰਜ ਕਰਨ ਤੋਂ ਲੱਗੀਆਂ ਹੋਈਆਂ ਹਨ, ਜਦਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਨੂੰ ਕਮਜੋਰ ਕਰਨ ਵਾਲੀਆਂ ਚਾਲਾਂ ਤੋਂ ਵੀ ਸੰਗਤ ਨੂੰ ਸੁਚੇਤ ਰਹਿਣਾ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਨਵਤੇਜ ਸਿੰਘ ਕਾਉਣੀ ਆਦਿ ਹਾਜ਼ਰ ਸਨ।