ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਕਸਬੇ ਵਿਚੋਂ ਪੁਲਿਸ ਤੇ ਮਸ਼ਕੂਕ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਤੇ ਮਸ਼ਕੂਕ ਗੈਂਗਸਟਰਾਂ ਵਿਚਾਲੇ ਹੋਏ ਇਸ ਮੁਕਾਬਲੇ 'ਚ ਇਕ ਹਮਲਾਵਰ ਜ਼ਖ਼ਮੀ ਹੋ ਗਿਆ ਹੈ, ਜਿਸ ਕਾਰਨ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਜ਼ਖ਼ਮੀ ਦੀ ਪਛਾਣ ਬੀਨੂੰ ਵਜੋਂ ਹੋਈ ਹੈ, ਜੋ ਗੈਂਗਸਟਰ ਮਨਪ੍ਰੀਤ ਮੰਨਾ ਦੇ ਗਿਰੋਹ ਦਾ ਮੈਂਬਰ ਦੱਸਿਆ ਜਾਂਦਾ ਹੈ। ਕਾਬਿਲੇਗੌਰ ਹੈ ਕਿ ਸ਼ਨਿੱਚਰਵਾਰ ਨੂੰ ਤਲਵੰਡੀ ਸਾਬੋ ਦੇ ਡਾਕਟਰ ਦਿਨੇਸ਼ ਬਾਂਸਲ 'ਤੇ ਹੋਏ ਜਾਨਲੇਵਾ ਹਮਲੇ ਦੇ ਮੁਲਜ਼ਮਾਂ ਲਈ ਛਾਪੇਮਾਰੀ ਕਰਦੀ ਹੋਈ ਬਠਿੰਡਾ ਪੁਲਿਸ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ 'ਚ ਪੁੱਜੀ, ਜਿਸ ਦੌਰਾਨ ਪੁਲਿਸ ਨੇ ਇਕ ਕਥਿਤ ਮੁਲਜ਼ਮ ਦੀ ਪਛਾਣ ਕਰ ਲਈ ਲਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਡਾਕਟਰ ਉਪਰ ਗੋਲ਼ੀ ਚਲਾਉਣ ਵਾਲੇ ਗੁਰੂਸਰ ਵਿਚ ਲੁਕੇ ਹੋਏ ਹਨ ਜਿਸ ਤੋਂ ਬਾਅਦ ਪੁਲਿਸ ਪਾਰਟੀ ਉਸਨੂੰ ਫੜਨ ਲਈ ਪੁੱਜੀ ਤਾਂ ਉਸ ਨੇ ਪੁਲਿਸ 'ਤੇ ਗੋਲੀਬਾਰੀ ਕਰ ਦਿੱਤੀ। ਇਸ ਮਗਰੋਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਮੁਕਾਬਲੇ ਦੌਰਾਨ ਬੀਨੂੰ ਨਾਮ ਦਾ ਕਥਿਤ ਗੈਂਗਸਟਰ ਗੋਲੀ ਲੱਗਣ ਕਾਰਨ ਫੱਟੜ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਜਕੁਮਾਰ ਨੇ ਦਿੱਤਾ ਅਸਤੀਫ਼ਾ
ਇਸ ਘਟਨਾ ਦੀ ਪੁਸ਼ਟੀ ਕਰਦਿਆਂ ਐੱਸਐੱਸਪੀ ਜੇ ਇਲੇਨਚੇਲੀਅਨ ਨੇ ਦੱਸਿਆ ਕਿ ਪੁਲਿਸ ਟੀਮ ਹਮਲਾਵਰਾਂ ਨੂੰ ਫੜਨ ਲਈ ਗਈ ਸੀ, ਜਿਸ ਦੌਰਾਨ ਹਮਲਾਵਰਾਂ ਨੇ ਪੁਲਿਸ 'ਤੇ ਗੋਲ਼ੀਆਂ ਚਲਾ ਦਿੱਤੀਆਂ, ਜਵਾਬੀ ਗੋਲ਼ੀਬਾਰੀ 'ਚ ਇਕ ਹਮਲਾਵਰ ਨੂੰ ਗੋਲ਼ੀ ਲੱਗੀ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।