Emergency Film Controversy : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਲਿਆ ਸਖ਼ਤ ਨੋਟਿਸ, ਸਰਕਾਰ ਨੂੰ ਤਾੜਨਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵਿਵਾਦਤ ਅਦਾਕਾਰਾ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਵਿੱਚ ਸਿੱਖਾਂ ਦਾ ਕਿਰਦਾਰ ਗਲਤ ਰੂਪ ਵਿੱਚ ਦਿਖਾਉਣ ਸਬੰਧੀ ਸਖਤ ਨੋਟਿਸ ਲਿਆ ਹੈ।

By  Dhalwinder Sandhu August 21st 2024 09:23 PM

Emergency Film Controversy : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵਿਵਾਦਤ ਅਦਾਕਾਰਾ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਵਿੱਚ ਵੀਹਵੀਂ ਸਦੀ ਦੇ ਸਿੱਖ ਨਾਇਕ ਤੇ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਕਿਰਦਾਰ ਗਲਤ ਰੂਪ ਵਿਚ ਦਿਖਾ ਕੇ ਸਿੱਖਾਂ ਦੇ ਅਕਸ ਨੂੰ ਵੱਖਵਾਦੀ ਵਜੋਂ ਪੇਸ਼ ਕਰਨ ਦਾ ਸਖਤ ਨੋਟਿਸ ਲਿਆ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸਿੱਖ ਆਪਣੇ ਸ਼ਹੀਦਾਂ-ਮੁਰੀਦਾਂ ਦੀ ਫਿਲਮਾਂ ਵਿਚ ਨਕਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਵਿਚ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਕਿਰਦਾਰ ਨੂੰ ਵਿਗਾੜ ਕੇ ਪੇਸ਼ ਕੀਤਾ ਗਿਆ ਹੈ। 

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਇਕ ਪਾਸੇ 1980-90 ਦੇ ਦਹਾਕੇ ਦੌਰਾਨ ਸਰਕਾਰ ਵਲੋਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕਰਕੇ ਅਣਪਛਾਤੀਆਂ ਲਾਸ਼ਾਂ ਆਖ ਕੇ ਖੁਰਦ-ਬੁਰਦ ਕਰਨ ਦੇ ਅਣਮਨੁੱਖੀ ਵਰਤਾਰੇ ਨੂੰ ਬੇਪਰਦ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸ. ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫਿਲਮ ਵਿਚ 80 ਤੋਂ ਵੱਧ ਕੱਟ ਲਗਾਉਣ ਤੋਂ ਬਾਅਦ ਵੀ ਭਾਰਤੀ ਸੈਂਸਰ ਬੋਰਡ ਵਲੋਂ ਉਸ ਨੂੰ ਜਾਰੀ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ, ਜਦਕਿ 1947 ਦੀ ਵੰਡ ਤੋਂ ਬਾਅਦ ਭਾਰਤੀ ਹਕੂਮਤਾਂ ਵਲੋਂ ਸਿੱਖਾਂ ਨਾਲ ਕੀਤੀਆਂ ਬੇਇਨਸਾਫੀਆਂ ਦੇ ਸੰਦਰਭ ਨੂੰ ਅੱਖੋਂ-ਪਰੋਖੇ ਕਰਕੇ ਸਿੱਖ ਕੌਮ ਬਾਰੇ ਗਲਤ ਤੱਥ ਪੇਸ਼ ਕਰਨ ਵਾਲੀ ‘ਐਮਰਜੈਂਸੀ’ ਫਿਲਮ ਨੂੰ ਪ੍ਰਵਾਨਗੀ ਦੇ ਕੇ ਸਿੱਧੇ ਤੌਰ ‘ਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਵਾਲੇ ਹਾਲਾਤ ਬਣਾਏ ਜਾ ਰਹੇ ਹਨ। 

ਉਨ੍ਹਾਂ ਸਖ਼ਤ ਲਹਿਜੇ ‘ਚ ਕਿਹਾ ਕਿ ਸਿੱਖ ਕਦੇ ਵੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦਾ ਅਕਸ ਵਿਗਾੜ ਕੇ ਪੇਸ਼ ਕਰਨ ਵਾਲੀ ਫਿਲਮ ਨੂੰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ‘ਐਮਰਜੈਂਸੀ’ ਫਿਲਮ ਵਿਚਲੇ ਇਤਰਾਜ਼ਯੋਗ ਅਤੇ ਸਿੱਖਾਂ ਦੇ ਅਕਸ ਤੇ ਇਤਿਹਾਸ ਦੀ ਗ਼ਲਤ ਪੇਸ਼ਕਾਰੀ ਕਰਨ ਵਾਲੇ ਦ੍ਰਿਸ਼ਾਂ ਨੂੰ ਨਾ ਹਟਾਇਆ ਤਾਂ ਨਿਕਲਣ ਵਾਲੇ ਕਿਸੇ ਵੀ ਤਰ੍ਹਾਂ ਦੇ ਸਿੱਟਿਆਂ ਦੀ ਜ਼ਿੰਮੇਵਾਰ ਸਿੱਧੇ ਤੌਰ ‘ਤੇ ਸਰਕਾਰ ਹੋਵੇਗੀ।

ਇਹ ਵੀ ਪੜ੍ਹੋ : ਸਿੱਖ ਵਿਰੋਧੀ ਭਾਵਨਾ ਨਾਲ ਬਣੀ ਫਿਲਮ ਐਮਰਜੈਂਸੀ `ਤੇ ਤੁਰੰਤ ਰੋਕ ਲਗਾਈ ਜਾਵੇ- ਐਡਵੋਕੇਟ ਧਾਮੀ

Related Post