ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਡਿਊਟੀ 'ਤੇ ਮੌਜੂਦ ਪੱਤਰਕਾਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ

By  Aarti March 29th 2024 07:15 PM

Election Commission of India: ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਵਾਲੇ ਦਿਨ ਦੀ ਕਵਰੇਜ ਕਰਨ ਲਈ ਡਿਊਟੀ 'ਤੇ ਤਾਇਨਾਤ ਪੰਜਾਬ ਦੇ ਮੀਡੀਆ ਕਰਮੀਆਂ ਨੂੰ ਲੋਕ ਸਭਾ ਚੋਣਾਂ 2024 ਵਿੱਚ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਇਜਾਜ਼ਤ ਦੇ ਦਿੱਤੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਵੋਟਿੰਗ ਵਾਲੇ ਦਿਨ ਦੀ ਕਵਰੇਜ ਲਈ ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਮੀਡੀਆ ਕਰਮੀਆਂ ਅਤੇ ਸੂਬਾ ਸਰਕਾਰ ਦੇ ਹੋਰ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 60 (ਸੀ) ਦੇ ਤਹਿਤ ਪੋਸਟਲ ਬੈਲਟ ਰਾਹੀਂ ਵੋਟ ਪਾ ਸਕਦੇ ਹਨ। 

ਸਿਬਿਨ ਸੀ ਨੇ ਅੱਗੇ ਦੱਸਿਆ ਕਿ ਨੋਟੀਫਿਕੇਸ਼ਨ ਮੁਤਾਬਕ, ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਦੇ 6 ਸਰਕਾਰੀ ਵਿਭਾਗਾਂ ਦੇ ਸਟਾਫ ਦੇ ਨਾਲ ਨਾਲ, ਕਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਵਾਸਤੇ ਨੋਟੀਫਾਈ ਕੀਤਾ ਹੈ ਜਿਹੜੇ ਕਿ ਵੋਟਿੰਗ ਵਾਲੇ ਦਿਨ ਦੀ ਕਵਰੇਜ ਲਈ ਜ਼ਰੂਰੀ ਸੇਵਾ ਕਰਮਚਾਰੀਆਂ ਵਜੋਂ ਰੁੱਝੇ ਹੋਣਗੇ।

ਉਨ੍ਹਾਂ ਦੱਸਿਆ ਕਿ ਪੋਸਟਲ ਬੈਲਟ ਰਾਹੀਂ ਵੋਟਾਂ ਪਾਉਣ ਵਾਲਿਆਂ ਵਿੱਚ ਸਥਾਨਕ ਸਰਕਾਰਾਂ ਵਿਭਾਗ (ਫਾਇਰ ਸਰਵਿਸਿਜ਼), ਟਰਾਂਸਪੋਰਟ ਵਿਭਾਗ (ਡਰਾਈਵਰ, ਕੰਡਕਟਰ, ਵਰਕ ਸ਼ਾਪ ਸਟਾਫ, ਓਪਰੇਸ਼ਨ ਸਟਾਫ ਅਤੇ ਜ਼ਿਲ੍ਹਾ ਪੱਧਰ 'ਤੇ ਹੈੱਡਕੁਆਰਟਰ ਅਤੇ ਡਿਪੂਆਂ ਵਿੱਚ ਤਾਇਨਾਤ ਅਧਿਕਾਰੀ), ਜੇਲ੍ਹ ਵਿਭਾਗ (ਸੁਪਰਡੈਂਟ, ਡਿਪਟੀ ਸੁਪਰਡੈਂਟ, ਸਹਾਇਕ ਸੁਪਰਡੈਂਟ ਅਤੇ ਜੇਲ੍ਹਾਂ ਵਿੱਚ ਤਾਇਨਾਤ ਸੁਰੱਖਿਆ ਸਟਾਫ਼), ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਪੁਲਿਸ ਅਧਿਕਾਰੀ, ਪੁਲਿਸ ਕਰਮਚਾਰੀ, ਸਿਵਲ ਡਿਫੈਂਸ ਅਤੇ ਹੋਮ ਗਾਰਡ), ਬਿਜਲੀ ਵਿਭਾਗ (ਰਾਜ ਪਾਵਰ ਕਾਰਪੋਰੇਸ਼ਨ ਅਤੇ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਜਨਰੇਸ਼ਨ ਯੂਨਿਟਾਂ ਵਿੱਚ ਤਾਇਨਾਤ ਸਟਾਫ਼, ਥਰਮਲ ਪਲਾਂਟ, ਹਾਈਡਲ ਯੂਨਿਟਾਂ (ਸੂਬੇ ਦੇ ਅੰਦਰ ਜਾਂ ਬਾਹਰ), ਬੀਬੀਐਮਬੀ ਲਈ ਡੈਪੂਟੇਸ਼ਨ 'ਤੇ ਸਟਾਫ਼ ਅਤੇ ਗਰਿੱਡ ਸਬ ਸਟੇਸ਼ਨ ਵਿੱਚ ਤਾਇਨਾਤ ਫੀਲਡ ਸਟਾਫ਼), ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (ਏ) ਖੁਰਾਕ ਅਤੇ ਡਰੱਗ ਪ੍ਰਸ਼ਾਸਨ ਦੇ ਕਮਿਸ਼ਨਰੇਟ ਅਧੀਨ ਕੰਮ ਕਰਨ ਵਾਲੇ ਡਰੱਗ ਕੰਟਰੋਲ ਅਧਿਕਾਰੀ (ਬੀ) ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਵੋਟਾਂ ਵਾਲੇ ਦਿਨ ਕੰਮ ਕਰ ਰਿਹਾ/ਡਿਊਟੀ 'ਤੇ ਤਾਇਨਾਤ ਸਟਾਫ ਸ਼ਾਮਿਲ ਹੈ।

ਉਨ੍ਹਾਂ ਕਿਹਾ ਕਿ ਪੋਸਟਲ ਬੈਲਟ ਰਾਹੀਂ ਦਿੱਤੀ  ਇਸ ਸੁਵਿਧਾ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਡਿਊਟੀ ਦੇ ਫਰਜ਼ ਕਾਰਨ ਵੋਟ ਪਾਉਣ ਤੋਂ ਵਾਂਝਾ ਨਾ ਰਹੇ।

ਇਹ ਵੀ ਪੜ੍ਹੋ: ਕੱਟੜਵਾਦੀ ਤਾਕਤਾਂ ਦੇ ਨਾਲ ਸਿੱਖਾਂ ਦਾ ਦੂਰ-ਦੂਰ ਤੱਕ ਵੀ ਕੋਈ ਵਾਸਤਾ ਨਹੀਂ: ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

Related Post