Bharat Bhushan Ashu : ਭਾਰਤ ਭੂਸ਼ਣ ਆਸ਼ੂ 'ਤੇ ED ਦੀ ਵੱਡੀ ਕਾਰਵਾਈ, 8 ਘੰਟੇ ਦੀ ਪੁੱਛਗਿੱਛ ਪਿੱਛੋਂ ਕੀਤਾ ਗ੍ਰਿਫ਼ਤਾਰ
Bharat Bhushan Ashu arrested : ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਸਾਬਕਾ ਮੰਤਰੀ ਨੂੰ 2000 ਕਰੋੜ ਰੁਪਏ ਦੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।
transportation scam : ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਸਾਬਕਾ ਮੰਤਰੀ ਨੂੰ 2000 ਕਰੋੜ ਰੁਪਏ ਦੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸਤੋਂ ਪਹਿਲਾਂ ਈਡੀ ਵੱਲੋਂ ਸੰਮਨਾਂ 'ਤੇ ਪੁੱਛਗਿੱਛ ਲਈ ਵੀਰਵਾਰ ਨੂੰ ਭਾਰਤ ਭੂਸ਼ਣ ਆਸ਼ੂ ਜਲੰਧਰ ਦਫਤਰ ਪਹੁੰਚੇ ਸਨ। ਇਥੇ ਈਡੀ ਵੱਲੋਂ ਆਸ਼ੂ ਕੋਲੋਂ ਮਾਮਲੇ ਦੀ ਜਾਂਚ ਨਾਲ ਸਬੰਧਤ 8 ਘੰਟੇ ਤੱਕ ਪੁੱਛਗਿੱਛ ਵੀ ਕੀਤੀ ਗਈ।
ਮੌਕੇ 'ਤੇ ਆਸ਼ੂ ਨੂੰ ਜਦੋਂ ਈਡੀ ਅਧਿਕਾਰੀ ਗ੍ਰਿਫ਼ਤਾਰ ਕਰਕੇ ਲੈ ਕੇ ਜਾਣ ਲੱਗੇ ਤਾਂ ਕਾਂਗਰਸੀ ਆਗੂਆਂ ਵੱਲੋਂ ਗ੍ਰਿਫ਼ਤਾਰੀ ਦਾ ਵਿਰੋਧ ਵੀ ਕੀਤਾ ਗਿਆ। ਮੌਕੇ 'ਤੇ ਕਾਂਗਰਸੀ ਆਗੂ ਪ੍ਰਗਟ ਸਿੰਘ, ਸੁਖਵਿੰਦਰ ਸਿੰਘ ਕੋਟਲੀ ਅਤੇ ਰਜਿੰਦਰ ਬੇਰੀ ਦੀ ਅਗਵਾਈ ਹੇਠ ਕਾਂਗਰਸੀਆਂ ਦੇ ਭਾਰੀ ਵਿਰੋਧ ਨੂੰ ਵੇਖਦਿਆਂ ਈਡੀ ਅਧਿਕਾਰੀਆਂ ਨੇ ਆਸ਼ੂ ਨੂੰ ਇੱਕ ਪਾਸੇ ਕਰਕੇ ਕਾਂਗਰਸੀਆਂ ਨੂੰ ਹਟਾਇਆ ਅਤੇ ਆਸ਼ੂ ਨੂੰ ਲੈ ਕੇ ਗਏ।
ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਈਡੀ ਦੇ ਅਫਸਰ ਜੇਪੀ ਸਿੰਘ ਨੇ ਇਹ ਗੱਲ ਆਖੀ ਅਤੇ ਪੁਸ਼ਟੀ ਕੀਤੀ ਕਿ ਆਸ਼ੂ ਨੂੰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ।
ਦੱਸ ਦਈਏ ਕਿ ਈਡੀ ਵੱਲੋਂ ਆਸ਼ੂ ਖ਼ਿਲਾਫ਼ ਮਨੀ ਲਾਂਡਰਿੰਗ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜਦੋਂ ਖੁਰਾਕ ਅਤੇ ਸਿਵਲ ਸਪਲਾਈ ਮੰਤਰਾਲੇ ਸੰਭਾਲ ਰਹੇ ਸਨ ਤਾਂ ਉਨ੍ਹਾਂ 'ਤੇ ਕਰੀਬ 2,000 ਕਰੋੜ ਰੁਪਏ ਦੇ ਟੈਂਡਰ 'ਚ ਘਪਲਾ ਕਰਨ ਦਾ ਆਰੋਪ ਲੱਗਿਆ ਸੀ। ਇਸ ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਲੇਬਰ ਤੇ ਢੋਆ-ਢੁਆਈ ਦੇ ਟੈਂਡਰਾਂ 'ਚ ਵੱਡੇ ਪੱਧਰ ’ਤੇ ਬੇਨਿਯਮੀਆਂ ਹੋਈਆਂ ਸਨ। ਮਾਮਲੇ ਦੀ ਜਾਂਚ ਦੌਰਾਨ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਟਰਾਂਸਪੋਰਟੇਸ਼ਨ ਅਤੇ ਸਪਲਾਈ ਦੇ ਨਾਂ 'ਤੇ ਕਈ ਫਰਜ਼ੀ ਵਾਹਨਾਂ ਅਤੇ ਉਨ੍ਹਾਂ ਦੀ ਦੁਰਵਰਤੋਂ ਕੀਤੀ ਜਾਂਦੀ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਵਿਜੀਲੈਂਸ ਬਿਊਰੋ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਸੀ। ਇਸੇ ਕੇਸ ਦੇ ਆਧਾਰ 'ਤੇ ਕੇਂਦਰੀ ਜਾਂਚ ਏਜੰਸੀ ਈਡੀ ਨੇ ਇਸ ਕੇਸ ਨੂੰ ਆਪਣੇ ਹੱਥਾਂ ਵਿੱਚ ਲਿਆ ਅਤੇ ਇਸ ਮਾਮਲੇ ਦੀ ਜਾਂਚ ਦੌਰਾਨ ਕਈ ਮੁਲਜ਼ਮਾਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਕਈ ਅਹਿਮ ਸਬੂਤ ਇਕੱਠੇ ਕੀਤੇ ਗਏ। ਆਸ਼ੂ ਨੂੰ ਮਾਮਲੇ ਨੂੰ ਅੱਗੇ ਲਿਜਾਣ ਲਈ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਅੱਜ ਪੁੱਛਗਿੱਛ ਤੋਂ ਪਿੱਛੋਂ ਈਡੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਈਡੀ ਦਫਤਰ ਅੱਗੇ ਇਕੱਠੇ ਹੋਏ ਕਾਂਗਰਸੀ
ਉਧਰ, ਆਸ਼ੂ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਣ 'ਤੇ ਕਾਂਗਰਸੀ ਆਗੂ ਤੇ ਵਰਕਰ ਈਡੀ ਦਫਤਰ ਅੱਗੇ ਇਕੱਠੇ ਹੋ ਗਏ ਹਨ। ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਇਹ ਕਾਰਵਾਈ ਸਿਰਫ਼ ਰਾਜਨੀਤੀ ਨੂੰ ਲੈ ਕੇ ਕੀਤੀ ਜਾ ਰਹੀ ਹੈ। ਵਿਜੀਲੈਂਸ ਨੂੰ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਮਿਲਿਆ ਤੇ ਹੁਣ ਈਡੀ ਨੂੰ ਵੀ ਨਹੀਂ ਕੁਝ ਲੱਭਣਾ, ਬਿਨਾਂ ਵਜ੍ਹਾ ਤੋਂ ਪਰੇਸ਼ਾਨ ਕੀਤਾ ਜਾ ਰਿਹਾ।
ਜੇਕਰ ਈਡੀ ਵੱਲੋਂ ਗ੍ਰਿਫਤਾਰੀ ਦੀ ਕਾਰਵਾਈ ਕੀਤੀ ਗਈ ਹੈ ਤੇ ਕਾਂਗਰਸ ਕਮੇਟੀ ਇਸਦਾ ਸਖਤ ਵਿਰੋਧ ਕਰੇਗੀ ਤੇ ਇਸ ਫੈਸਲੇ ਅਤੇ ਇਸ ਕਾਰਵਾਈ ਦੇ ਖਿਲਾਫ ਰੋਸ ਜ਼ਾਹਰ ਕਰੇਗੀ।