ਚੰਡੀਗੜ੍ਹ, ਦਿੱਲੀ ਤੇ ਪੰਜਾਬ 'ਚ ਮੁੜ ਭੂਚਾਲ ਦੇ ਝਟਕੇ, ਵਿਗਿਆਨੀਆਂ ਨੇ ਪ੍ਰਗਟਾਈ ਚਿੰਤਾ

By  Jasmeet Singh November 12th 2022 09:37 PM

ਚੰਡੀਗੜ੍ਹ, 12 ਨਵੰਬਰ: ਸ਼ਨੀਵਾਰ ਰਾਤ ਕਰੀਬ ਅੱਠ ਵਜੇ ਦੇ ਕਰੀਬ ਚੰਡੀਗੜ੍ਹ, ਪੰਜਾਬ ਅਤੇ ਆਸ-ਪਾਸ ਦੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ 30 ਤੋਂ 40 ਸਕਿੰਟ ਤੱਕ ਮਹਿਸੂਸ ਕੀਤੇ ਗਏ ਸਨ। ਚੰਡੀਗੜ੍ਹ ਅਤੇ ਪੰਜਾਬ ਤੋਂ ਇਲਾਵਾ ਪੂਰੀ ਦਿੱਲੀ ਐਨਸੀਆਰ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.4 ਰਹੀ।

ਦਿੱਲੀ-ਐਨਸੀਆਰ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇੱਕ ਹਫ਼ਤੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.4 ਦਰਜ ਕੀਤੀ ਗਈ। ਇਸ ਵਾਰ ਵੀ ਭੂਚਾਲ ਦਾ ਕੇਂਦਰ ਨੇਪਾਲ ਹੀ ਰਿਹਾ। ਦਿੱਲੀ-ਐੱਨਸੀਆਰ 'ਚ ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਘਰਾਂ ਅਤੇ ਉੱਚੀਆਂ ਇਮਾਰਤਾਂ 'ਚੋਂ ਬਾਹਰ ਆ ਗਏ। ਲਗਾਤਾਰ ਆ ਰਹੇ ਭੂਚਾਲ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਦਿੱਲੀ ਦੇ ਨਾਲ-ਨਾਲ ਨੋਇਡਾ ਅਤੇ ਗੁਰੂਗ੍ਰਾਮ 'ਚ ਵੀ ਲੋਕਾਂ ਨੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਦੇ ਟਵੀਟ ਮੁਤਾਬਕ ਭੂਚਾਲ ਅੱਜ ਸ਼ਾਮ 7:57 ਵਜੇ ਆਇਆ, ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।

 ਸ਼ਨੀਵਾਰ ਸਵੇਰੇ ਰਿਸ਼ੀਕੇਸ਼ (ਉਤਰਾਖੰਡ) ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਫਿਲਹਾਲ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।


ਇਸ ਤੋਂ ਪਹਿਲਾਂ 9 ਨਵੰਬਰ ਨੂੰ ਵੀ ਦਿੱਲੀ ਐਨਸੀਆਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਦੁਪਹਿਰ 1:57 'ਤੇ ਆਏ ਭੂਚਾਲ ਦੀ ਤੀਬਰਤਾ 6.3 ਦਰਜ ਕੀਤੀ ਗਈ। ਇਸ ਦਾ ਕੇਂਦਰ ਨੇਪਾਲ ਵਿੱਚ ਸੀ ਅਤੇ ਚੀਨ ਵਿੱਚ ਵੀ ਮਹਿਸੂਸ ਕੀਤਾ ਗਿਆ। ਭੂਚਾਲ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਕਾਰਨ 6 ਲੋਕਾਂ ਦੀ ਮੌਤ ਹੋ ਗਈ ਸੀ।

ਦੱਸਣਯੋਗ ਹੈ ਕਿ ਵਿਗਿਆਨੀ ਲਗਾਤਾਰ ਹਿਮ ਖੇਤਰ ਵਿੱਚ ਇੱਕ ਵੱਡੇ ਭੂਚਾਲ ਦਾ ਅੰਦਾਜ਼ਾ ਲਗਾ ਰਹੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਭੁਚਾਲਾਂ ਦੇ ਨਜ਼ਰੀਏ ਤੋਂ ਹਿਮ ਖੇਤਰ ਬਹੁਤ ਸੰਵੇਦਨਸ਼ੀਲ ਹੈ। ਇੱਥੇ ਹਮੇਸ਼ਾ ਵੱਡਾ ਭੂਚਾਲ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੱਡੇ ਭੂਚਾਲ ਤੋਂ ਡਰਨ ਦੀ ਬਜਾਏ ਇਸ ਦਾ ਸਾਹਮਣਾ ਕਰਨ ਲਈ ਠੋਸ ਤਿਆਰੀ 'ਤੇ ਜ਼ੋਰ ਦੇਣਾ ਚਾਹੀਦਾ ਹੈ।

Related Post