ਦੁਰਗਾ ਭਾਬੀ ਜਿਨ੍ਹਾਂ ਭਗਤ ਸਿੰਘ ਨੂੰ ਲਾਹੌਰ ਤੋਂ ਭੱਜਣ 'ਚ ਪਤਨੀ ਬਣ ਕੀਤੀ ਸੀ ਮਦਦ
ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕੁੱਲਾ ਖਾਨ ਨੇ 'ਮੇਰਾ ਰੰਗ ਕੇ ਬਸੰਤੀ ਚੋਲਾ' ਗੀਤ ਦੀ ਰਚਨਾ ਕੀਤੀ ਸੀ ਪਰ ਜੇਕਰ ਕਿਤੇ ਵੀ ਇਸ ਲਿਖਤ ਨੂੰ ਦੇਖਿਆ ਜਾਵੇ ਜਾਂ ਇਹ ਗੀਤ ਸੁਣਿਆ ਜਾਵੇ ਤਾਂ ਸਭ ਤੋਂ ਪਹਿਲਾਂ ਜੋ ਵਿਅਕਤੀ ਯਾਦ ਆਉਂਦਾ ਹੈ, ਉਹ ਭਗਤ ਸਿੰਘ ਹੈ।
Freedom Fighter Durga Devi: ਰਾਮ ਪ੍ਰਸਾਦ ਬਿਸਮਿਲ ਅਤੇ ਅਸ਼ਫਾਕੁੱਲਾ ਖਾਨ ਨੇ 'ਮੇਰਾ ਰੰਗ ਕੇ ਬਸੰਤੀ ਚੋਲਾ' ਗੀਤ ਦੀ ਰਚਨਾ ਕੀਤੀ ਸੀ ਪਰ ਜੇਕਰ ਕਿਤੇ ਵੀ ਇਸ ਲਿਖਤ ਨੂੰ ਦੇਖਿਆ ਜਾਵੇ ਜਾਂ ਇਹ ਗੀਤ ਸੁਣਿਆ ਜਾਵੇ ਤਾਂ ਸਭ ਤੋਂ ਪਹਿਲਾਂ ਜੋ ਵਿਅਕਤੀ ਯਾਦ ਆਉਂਦਾ ਹੈ, ਉਹ ਭਗਤ ਸਿੰਘ ਹੈ। ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰਸ਼ੇਖਰ ਆਜ਼ਾਦ ਵਰਗੇ ਅਨੇਕਾਂ ਕ੍ਰਾਂਤੀਕਾਰੀਆਂ ਦੀ ਬਹਾਦਰੀ ਦੀਆਂ ਕਹਾਣੀਆਂ ਅੱਜ ਵੀ ਇਸ ਦੇਸ਼ ਦੀ ਫਿਜ਼ਾ ਵਿਚ ਮਹਿਕ ਰਹੀਆਂ ਹਨ।
ਦੇਸ਼ ਦੀ ਆਜ਼ਾਦੀ ਲਈ ਸਭ ਕੁਝ ਕੁਰਬਾਨ ਕਰਨ ਵਿੱਚ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਦੇ ਸਾਹਮਣੇ ਸਿਰ ਕਲਮ ਕਰਵਾਉਣਾ ਮਨਜ਼ੂਰ ਸੀ, ਪਰ ਸਿਰ ਝੁਕਾਉਣਾ ਨਹੀਂ। ਅਜਿਹੀਆਂ ਬਹੁਤ ਸਾਰੀਆਂ ਔਰਤਾਂ ਬਾਰੇ ਅਸੀਂ ਥੋੜ੍ਹਾ-ਥੋੜ੍ਹਾ ਜਾਣਦੇ ਹਾਂ ਪਰ ਕਈ ਇਨਕਲਾਬੀ ਔਰਤਾਂ ਦੀਆਂ ਕਹਾਣੀਆਂ ਇਤਿਹਾਸ ਦੇ ਪੰਨਿਆਂ ਵਿੱਚ ਕਿਤੇ ਗੁਆਚ ਗਈਆਂ ਹਨ। ਅਜਿਹੀ ਹੀ ਇੱਕ ਬਹਾਦਰ ਔਰਤ ਭਗਤ ਸਿੰਘ ਦੀ ਭਰਜਾਈ ਦੁਰਗਾ ਦੇਵੀ ਵੋਹਰਾ ਸੀ।
ਕੌਣ ਸੀ ਦੁਰਗਾ ਦੇਵੀ ਵੋਹਰਾ?
ਭਗਤ ਸਿੰਘ 'ਤੇ ਬਣੀਆਂ ਕਈ ਫਿਲਮਾਂ 'ਚ ਦੁਰਗਾ ਦੇਵੀ ਉਰਫ ਦੁਰਗਾ ਭਾਬੀ ਦਾ ਜ਼ਿਕਰ ਕੀਤਾ ਗਿਆ ਹੈ। ਦੁਰਗਾ ਦੇਵੀ ਨੂੰ ਉਸ ਔਰਤ ਵਜੋਂ ਦਰਸਾਇਆ ਗਿਆ ਹੈ ਜਿਸ ਨੇ ਜੌਨ ਸਾਂਡਰਸ ਦੀ ਹੱਤਿਆ ਤੋਂ ਬਾਅਦ ਭਗਤ ਸਿੰਘ ਨੂੰ ਲਾਹੌਰ ਤੋਂ ਭੱਜਣ ਵਿੱਚ ਮਦਦ ਕੀਤੀ ਸੀ। ਦੱਸਣਯੋਗ ਹੈ ਕਿ ਅਜਿਹੀਆਂ ਕਹਾਣੀਆਂ ਭਗਤ ਸਿੰਘ 'ਤੇ ਹੀ ਕੇਂਦਰਿਤ ਸਨ।
ਬਹੁਤ ਘੱਟ ਔਰਤ ਕ੍ਰਾਂਤੀਕਾਰੀਆਂ ਆਮ ਲੋਕਾਂ ਦੀ ਯਾਦ ਵਿੱਚ ਉੱਕਰੀਆਂ ਹੋਈਆਂ ਹਨ, ਹਾਲਾਂਕਿ ਉਨ੍ਹਾਂ ਦੀ ਕੁਰਬਾਨੀ ਮਰਦਾਂ ਨਾਲੋਂ ਘੱਟ ਨਹੀਂ ਸੀ। ਦੁਰਗਾ ਦੇਵੀ ਵੋਹਰਾ ਦਾ ਜਨਮ 7 ਅਕਤੂਬਰ 1907 ਨੂੰ ਇਲਾਹਾਬਾਦ ਦੇ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਰਿਟਾਇਰਮੈਂਟ ਲੈ ਲਈ ਅਤੇ ਉਨ੍ਹਾਂ ਦੀ ਮਾਸੀ ਨੇ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ। 11 ਸਾਲ ਦੀ ਉਮਰ ਵਿੱਚ ਦੁਰਗਾ ਦੇਵੀ ਦਾ ਵਿਆਹ ਲਾਹੌਰ ਵਿੱਚ ਰਹਿਣ ਵਾਲੇ ਇੱਕ ਅਮੀਰ ਗੁਜਰਾਤੀ ਭਗਵਤੀ ਚਰਨ ਵੋਹਰਾ ਨਾਲ ਹੋਇਆ ਸੀ।
ਇਨਕਲਾਬੀਆਂ ਦੇ ਸੰਪਰਕ ਵਿੱਚ ਕਿਵੇਂ ਆਈ?
ਭਗਵਤੀ ਚਰਨ ਵੋਹਰਾ ਨੇ 1920 ਦੇ ਸ਼ੁਰੂ ਵਿੱਚ ਸੱਤਿਆਗ੍ਰਹਿ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਉਹ ਨੈਸ਼ਨਲ ਕਾਲਜ ਲਾਹੌਰ ਦਾ ਵਿਦਿਆਰਥੀ ਸੀ। ਇਸ ਕਾਲਜ ਵਿੱਚ ਭਗਤ ਸਿੰਘ, ਸੁਖਦੇਵ ਅਤੇ ਯਸ਼ਪਾਲ ਨੇ ਵੀ ਪੜ੍ਹਾਈ ਕੀਤੀ। ਸਾਰੇ ਦੋਸਤਾਂ ਨੇ ਮਿਲ ਕੇ ਨੌਜਵਾਨ ਭਾਰਤ ਸਭਾ ਦੀ ਸ਼ੁਰੂਆਤ ਕੀਤੀ। ਇਸ ਗਰੁੱਪ ਦਾ ਉਦੇਸ਼ ਨੌਜਵਾਨਾਂ ਨੂੰ ਆਜ਼ਾਦੀ ਦੇ ਸੰਘਰਸ਼ ਨਾਲ ਜੋੜਨਾ ਅਤੇ ਫਿਰਕਾਪ੍ਰਸਤੀ ਅਤੇ ਛੂਤ-ਛਾਤ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨਾ ਸੀ। ਲਾਹੌਰ ਵਿਚ ਭਗਵਤੀ ਚਰਨ ਵੋਹਰਾ ਦੇ ਘਰ ਕ੍ਰਾਂਤੀਕਾਰੀ ਦੋਸਤਾਂ ਦਾ ਅਕਸਰ ਆਉਣਾ-ਜਾਣਾ ਰਹਿੰਦਾ ਸੀ। ਇਸ ਤਰ੍ਹਾਂ ਦੁਰਗਾ ਦੇਵੀ ਵੋਹਰਾ ਵੀ ਇਨਕਲਾਬੀਆਂ ਦੇ ਸੰਪਰਕ ਵਿੱਚ ਆ ਗਈ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਦੀ ਮੈਂਬਰ ਬਣੀ।
'ਪਤਨੀ' ਬਣ ਕੇ ਬਚਾਈ ਭਗਤ ਸਿੰਘ ਦੀ ਜਾਨ
19 ਦਸੰਬਰ 1928 ਨੂੰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਜੌਹਨ ਸਾਂਡਰਸ ਦਾ ਕਤਲ ਕਰ ਦਿੱਤਾ। ਲਾਲਾ ਲਾਜਪਤ ਰਾਏ ਦੀ ਮੌਤ ਲਈ ਜਾਨ ਸਾਂਡਰਸ ਜ਼ਿੰਮੇਵਾਰ ਸੀ। ਇਸ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨਾਂ ਨੂੰ ਲਾਹੌਰ ਛੱਡ ਕੇ ਪੁਲਿਸ ਤੋਂ ਬਚਣਾ ਪਿਆ। ਭਗਵਤੀ ਚਰਨ ਵੋਹਰਾ ਇਸ ਦੌਰਾਨ ਕਾਂਗਰਸ ਸੈਸ਼ਨ 'ਚ ਹਿੱਸਾ ਲੈਣ ਲਈ ਕੋਲਕਾਤਾ ਗਏ ਹੋਏ ਸਨ। ਤਿੰਨੋਂ ਆਜ਼ਾਦੀ ਘੁਲਾਟੀਏ ਦੁਰਗਾ ਦੇਵੀ ਵੋਹਰਾ ਕੋਲ ਮਦਦ ਲਈ ਪਹੁੰਚ ਗਏ। ਦੁਰਗਾ ਦੇਵੀ ਨੂੰ ਉਨ੍ਹਾਂ ਦੇ ਪਤੀ ਨੇ ਆਪਣੇ ਖਰਚੇ ਲਈ ਜੋ ਪੈਸਾ ਦਿੱਤਾ ਉਹ ਇਨਕਲਾਬੀਆਂ ਨੂੰ ਦੇ ਦਿੱਤਾ। ਦੁਰਗਾ ਦੇਵੀ 'ਭਗਤ ਸਿੰਘ ਦੀ ਪਤਨੀ' ਬਣ ਗਈ ਅਤੇ ਰੇਲ ਗੱਡੀ ਰਾਹੀਂ ਲਾਹੌਰ ਛੱਡਣ ਲਈ ਤਿਆਰ ਹੋ ਗਈ। ਭਗਤ ਸਿੰਘ ਨੇ ਲਾਹੌਰ ਤੋਂ ਪੁਲਿਸ ਤੋਂ ਬਚਣ ਲਈ ਆਪਣੇ ਲੰਬੇ ਵਾਲ ਅਤੇ ਦਾੜ੍ਹੀ ਵੀ ਕੱਟ ਲਏ ਸਨ।
ਇਹ ਉਹ ਸਮਾਂ ਸੀ ਜਦੋਂ ਮਰਦਾਂ ਅਤੇ ਔਰਤਾਂ ਲਈ ਮਿਲਣਾ ਅਤੇ ਗੱਲ ਕਰਨਾ ਅਸ਼ਲੀਲ ਮੰਨਿਆ ਜਾਂਦਾ ਸੀ। ਸਮਾਜ ਦੀ ਪਰਵਾਹ ਕੀਤੇ ਬਿਨਾਂ ਦੁਰਗਾ ਭਾਬੀ ਨੇ ਮਰਦ ਇਨਕਲਾਬੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਲੋਕ ਕੀ ਕਹਿਣਗੇ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਇੱਕ ਇਨਕਲਾਬੀ ਦੀ ਪਤਨੀ ਹੋਣ ਦਾ ਢੌਂਗ ਵੀ ਕੀਤਾ। ਤਿੰਨ ਸਾਲ ਦੇ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਕੇ ਭਗਤ ਸਿੰਘ ਦੁਰਗਾ ਦੇਵੀ ਅਤੇ ਰਾਜਗੁਰੂ (ਜੋ ਨੌਕਰ ਬਣੇ ਸਨ) ਦੇ ਨਾਲ ਲਖਨਊ ਲਈ ਪਹਿਲੀ ਕਲਾਸ ਦੇ ਕੋਚ ਵਿੱਚ ਬੈਠ ਗਏ।
ਪਤੀ ਦੀ ਮੌਤ 'ਤੇ ਸੋਗ ਦੀ ਬਜਾਏ ਦੇਸ਼ ਭਗਤੀ
ਭਗਵਤੀ ਚਰਨ ਵੋਹਰਾ ਭਗਤ ਸਿੰਘ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਦੀ ਯੋਜਨਾ ਬਣਾ ਰਹੇ ਸਨ। 28 ਮਈ 1930 ਨੂੰ ਭਗਵਤੀ ਚਰਨ ਵੋਹਰਾ ਦੀ ਬੰਬ ਦੀ ਪਰਖ ਕਰਦੇ ਸਮੇਂ ਮੌਤ ਹੋ ਗਈ ਸੀ। ਆਪਣੇ ਪਤੀ ਦੀ ਮੌਤ ਤੋਂ ਬਾਅਦ ਵੀ ਦੁਰਗਾ ਦੇਵੀ ਨੇ ਆਪਣੇ ਆਪ ਨੂੰ ਸੋਗ ਵਿੱਚ ਨਹੀਂ ਡੁੱਬੋਇਆ ਅਤੇ ਨਾ ਹੀ ਆਪਣੇ ਆਪ ਨੂੰ ਘਰ ਦੀਆਂ ਕੰਧਾਂ ਵਿੱਚ ਕੈਦ ਕੀਤਾ। ਸਗੋਂ ਪਹਿਲਾਂ ਵਾਂਗ ਇਨਕਲਾਬੀ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਜਾਰੀ ਰੱਖਿਆ। ਜੁਲਾਈ 1929 ਵਿੱਚ ਦੁਰਗਾ ਭਾਬੀ ਨੇ ਭਗਤ ਸਿੰਘ ਦੀ ਫੋਟੋ ਫੜ ਕੇ ਇੱਕ ਰੈਲੀ ਕੱਢੀ ਅਤੇ ਉਸਦੀ ਰਿਹਾਈ ਦੀ ਮੰਗ ਕੀਤੀ। ਕੁਝ ਹਫ਼ਤਿਆਂ ਬਾਅਦ ਕ੍ਰਾਂਤੀਕਾਰੀ ਜਤਿੰਦਰ ਨਾਥ ਦਾਸ ਦੀ 63 ਸਾਲਾਂ ਲਈ ਭੁੱਖ ਹੜਤਾਲ ਕਰਨ ਤੋਂ ਬਾਅਦ ਮੌਤ ਹੋ ਗਈ। ਦੁਰਗਾ ਭਾਬੀ ਨੇ ਜਤਿੰਦਰ ਨਾਥ ਲਈ ਲਾਹੌਰ ਤੋਂ ਕਲਕੱਤਾ ਤੱਕ ਮਾਰਚ ਕੱਢਿਆ।
ਅੰਗਰੇਜ਼ਾਂ 'ਤੇ ਗੋਲੀ ਚਲਾਉਣ ਵਾਲੀ ਪਹਿਲੀ ਔਰਤ?
ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਲਈ ਫਾਂਸੀ ਦੀ ਸਜ਼ਾ ਤੈਅ ਕੀਤੀ ਗਈ ਸੀ। ਇਸ ਫੈਸਲੇ ਦੇ ਵਿਰੋਧ ਵਿੱਚ ਗਦਰ ਪਾਰਟੀ ਦੇ ਪ੍ਰਿਥਵੀ ਸਿੰਘ ਆਜ਼ਾਦ ਅਤੇ HSRA ਮੈਂਬਰ ਸੁਖਦੇਵ ਰਾਜ ਨੇ ਬੰਬਈ ਵਿੱਚ ਪੰਜਾਬ ਦੇ ਗਵਰਨਰ ਵਿਲੀਅਮ ਹੇਲੀ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਸਖ਼ਤ ਸੁਰੱਖਿਆ ਕਾਰਨ ਉਨ੍ਹਾਂ ਨੂੰ ਆਪਣੀ ਯੋਜਨਾ ਬਦਲਣੀ ਪਈ ਅਤੇ 8 ਅਕਤੂਬਰ 1930 ਦੀ ਰਾਤ ਨੂੰ ਲੈਮਿੰਗਟਨ ਰੋਡ ਪੁਲਿਸ ਸਟੇਸ਼ਨ 'ਤੇ ਖੜ੍ਹੇ ਇਕ ਬ੍ਰਿਟਿਸ਼ ਜੋੜੇ 'ਤੇ ਤਿੰਨ ਬੰਦਿਆਂ ਨੇ ਗੋਲੀਆਂ ਚਲਾ ਦਿੱਤੀਆਂ। ਸਾਰਜੈਂਟ ਟੇਲਰ ਦੇ ਹੱਥ ਵਿੱਚ ਗੋਲੀ ਲੱਗੀ ਸੀ ਅਤੇ ਉਸਦੀ ਪਤਨੀ ਦੀ ਲੱਤ ਵਿੱਚ ਗੋਲੀ ਲੱਗੀ ਸੀ। ਦੁਰਗਾ ਦੇਵੀ ਨੇ ਕੋਈ 3-4 ਵਾਰ ਗੋਲੀਆਂ ਚਲਾਈਆਂ ਹੋਣਗੀਆਂ। ਪਹਿਲੀ ਵਾਰ ਇੱਕ ਇਨਕਲਾਬੀ ਔਰਤ ਨੇ ਅੰਗਰੇਜ਼ ਸਰਕਾਰ 'ਤੇ ਗੋਲੀਆਂ ਚਲਾਉਂਦੀ ਨਜ਼ਰ ਆਈ। ਸਮੇਂ ਦੀ ਸਰਕਾਰਾਂ ਅਧੀਨ ਉਸ ਵੇਲੇ ਦੀ ਪ੍ਰੈਸ ਮੁਤਾਬਕ ਫਿਰ ਇੱਕ ਇਨਕਲਾਬੀ ਨੂੰ ਅੱਤਵਾਦੀ ਬਣਾ ਪੇਸ਼ ਕੀਤਾ ਗਿਆ ਅਤੇ ਲਿਖਿਆ, "ਪਹਿਲੀ ਵਾਰ ਇੱਕ ਔਰਤ ਨੂੰ ਇੱਕ ਅੱਤਵਾਦੀ ਗਤੀਵਿਧੀ ਵਿੱਚ ਹਿੱਸਾ ਲੈਂਦੇ ਦੇਖਿਆ ਗਿਆ ਸੀ।"
ਦੁਰਗਾ ਦੇਵੀ ‘ਭਗਤ ਸਿੰਘ ਰੱਖਿਆ ਕਮੇਟੀ’ ਦੀ ਅਹਿਮ ਮੈਂਬਰ ਸੀ। ਇਸ ਕਮੇਟੀ ਨੇ ਕਾਨੂੰਨੀ ਅਤੇ ਵਿੱਤੀ ਸਹਾਇਤਾ ਲਈ ਇੱਕ ਲਾਬੀ ਬਣਾਈ, ਫਾਂਸੀ ਦੀ ਸਜ਼ਾ ਨੂੰ ਰੱਦ ਕਰਨ ਲਈ ਦਸਤਖਤ ਇਕੱਠੇ ਕੀਤੇ ਅਤੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਕੇਸ ਨੂੰ ਪ੍ਰੀਵੀ ਕੌਂਸਲ ਕੋਲ ਲੈ ਗਏ। ਖਾਸ ਗੱਲ ਇਹ ਹੈ ਕਿ ਇਸ ਕਮੇਟੀ ਵਿੱਚ ਕਈ ਔਰਤਾਂ ਸਨ। ਜਦੋਂ ਭਗਤ ਸਿੰਘ ਜੇਲ੍ਹ ਵਿੱਚ ਸੀ ਤਾਂ ਵੀ ਉਹ ਉਸ ਨੂੰ ਮਿਲਣ ਆਉਂਦੀ ਰਹੀ ਅਤੇ ਜੇਲ੍ਹਰ ਤੋਂ ਛੁਪਾ ਕੇ ਉਸ ਨੂੰ ਚਿੱਠੀਆਂ, ਕਿਤਾਬਾਂ ਅਤੇ ਖਾਣ-ਪੀਣ ਦਾ ਸਮਾਨ ਦਿੰਦੀ ਰਹੀ। ਬਹੁਤ ਸਾਰੀਆਂ ਹੋਰ ਔਰਤਾਂ ਅਤੇ ਕੁੜੀਆਂ ਵੀ ਜੇਲ੍ਹ ਵਿੱਚ ਕੈਦ ਇਨਕਲਾਬੀਆਂ ਦੀਆਂ ਭੈਣਾਂ ਜਾਂ ਰਿਸ਼ਤੇਦਾਰਾਂ ਦੇ ਰੂਪ ਵਿੱਚ ਪਹੁੰਚਦੀਆਂ ਸਨ ਅਤੇ ਇਨਕਲਾਬੀਆਂ ਨੂੰ ਸੰਦੇਸ਼ ਦਿੰਦੀਆਂ ਸਨ।
ਕੁਝ ਰਿਪੋਰਟਾਂ ਮੁਤਾਬਕ ਦੁਰਗਾ ਦੇਵੀ ਨੇ 14 ਸਤੰਬਰ 1932 ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਉਨ੍ਹਾਂ ਖੁਦ ਪੁਲਿਸ ਨੂੰ ਪੱਤਰ ਲਿਖ ਕੇ ਆਪਣੇ ਪਤੇ ਦੀ ਜਾਣਕਾਰੀ ਦਿੱਤੀ। ਦੁਰਗਾ ਦੇਵੀ ਦੇ ਕਈ ਸਾਥੀ ਸ਼ਹੀਦ ਹੋ ਚੁੱਕੇ ਸਨ ਅਤੇ ਉਹ ਅੰਦਰੋਂ ਖਾਲੀ ਹੋ ਚੁੱਕੀ ਸੀ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਜੇਲ੍ਹ ਵਿੱਚ ਕਿਸੇ ਨਾਲ ਬਹੁਤੀ ਗੱਲ ਵੀ ਨਹੀਂ ਕੀਤੀ। ਉਨ੍ਹਾਂ ਨੂੰ 2 ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਅਤੇ 12 ਮਹੀਨਿਆਂ ਤੱਕ ਲਾਹੌਰ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੁਰਗਾ ਦੇਵੀ ਨੂੰ ਚੋਣ ਲੜਨ ਲਈ ਕਿਹਾ ਗਿਆ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਅਤੇ 15 ਅਕਤੂਬਰ 1999 ਨੂੰ ਉਨ੍ਹਾਂ ਦੀ ਮੌਤ ਹੋਈ ਸੀ।