ਦੁੱਲਾ ਭੱਟੀ ਅਮੀਰਾਂ ਨੂੰ ਲੁੱਟ ਕੇ ਗਰੀਬਾਂ 'ਚ ਵੰਡ ਦਿੰਦਾ ਸੀ ਦੌਲਤ

By  Ravinder Singh January 13th 2023 10:09 AM -- Updated: January 13th 2023 10:53 AM

Dulla Bhatti yodha : ਅਕਬਰ ਬਾਦਸ਼ਾਹ ਦੀ ਹਕੂਮਤ ਵੇਲੇ ਧਾੜੇ ਮਾਰਨ ਵਾਲੇ ਦੁੱਲਾ ਭੱਟੀ ਨੂੰ ਉਸ ਵੇਲੇ ਗ਼ਰੀਬ ਆਪਣਾ ਮਸੀਹਾ ਕਹਿੰਦੇ ਸਨ। ਜ਼ਾਲਮ ਹਕੂਮਤਾਂ ਅੱਗੇ ਗੋਡੇ ਨਾ ਟੇਕਦੇ ਹੋਏ ਅਮੀਰਾਂ ਨੂੰ ਲੁੱਟ ਕੇ ਗ਼ਰੀਬਾਂ ਵਿਚ ਧੰਨ-ਦੌਲਤ ਵੰਡ ਕੇ ਦੁੱਲਾ ਭੱਟੀ ਲੋਕਾਂ ਦਾ ਹਮਦਰਦ ਬਣ ਗਿਆ ਸੀ। ਦੁੱਲਾ ਭੱਟੀ ਭੱਟੀ ਦੇ ਦਾਦਾ ਸਾਂਦਲ ਬਾਰ ਭੱਟੀ ਤੇ ਪਿਤਾ ਫ਼ਰੀਦ ਖਾਂ ਭੱਟੀ ਨੂੰ ਹਕੂਮਤ ਦਾ ਕਹਿਣਾ ਨਾ ਮੰਨਣ ਕਰਕੇ ਲਾਹੌਰ ਵਿਚ ਫਾਹੇ ਲਗਾ ਦਿੱਤਾ ਗਿਆ ਸੀ। ਪੰਜਾਬ ਦੇ ਸੂਰਮੇ ਪੁੱਤਰ ਦੁੱਲਾ ਭੱਟੀ ਨੇ ਵੀ ਆਪਣੇ ਪਿਓ-ਦਾਦੇ ਵਾਂਗ ਹਕੂਮਤ ਖ਼ਿਲਾਫ਼ ਝੰਡਾ ਚੁੱਕੀ ਰੱਖਿਆ।

ਦੁੱਲੇ ਭੱਟੀ ਦਾ ਜਨਮ 16ਵੀਂ ਸਦੀ ਦੇ ਅੱਧ ਵਿਚ ਪਿਤਾ ਫਰੀਦ ਤੇ ਮਾਤਾ ਲੱਧੀ ਦੇ ਘਰ ਸਾਂਦਲ ਬਾਰ ਪੰਜਾਬ, ਪਾਕਿਸਤਾਨ ਵਿਚ ਹੋਇਆ ਮੰਨਿਆ ਜਾਂਦਾ ਹੈ। ਉਸ ਦਾ ਪਹਿਲਾ ਨਾਮ ਰਾਏ ਅਬਦੁੱਲਾ ਖ਼ਾਨ ਭੱਟੀ ਸੀ ਅਤੇ ਉਹ ਡਾਕੂ ਬਣਨ ਮਗਰੋਂ ਦੁੱਲਾ ਭੱਟੀ ਵਜੋਂ ਪ੍ਰਚਲਿਤ ਹੋਇਆ ਸੀ। ਉਸ ਦਾ ਸਬੰਧ ਰਾਜਪੂਤ ਘਰਾਣੇ ਨਾਲ ਹੈ ਜਿਨ੍ਹਾਂ ਨੇ ਬਾਅਦ ਵਿਚ ਇਸਲਾਮ ਧਰਮ ਧਾਰਨ ਕਰ ਲਿਆ ਸੀ।


ਦੁੱਲੇ ਦੇ ਪਿਓ ਦਾਦੇ ਵੀ ਆਪਣੇ ਸਮੇਂ ਦੇ ਤਕੜੇ, ਅਣਖੀਲੇ ਤੇ ਯੋਧੇ ਸਨ। ਉਨ੍ਹਾਂ ਨੇ ਮੁਗ਼ਲਾਂ ਹਕੂਮਤ ਨੂੰ ਜਜੀਆ ਦੇਣ ਤੋਂ ਇਨਕਾਰ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਜਦੋਂ ਅਕਬਰ ਲਾਹੌਰ ਆਇਆ ਤਾਂ ਉਸ ਨੇ ਫੌਜ ਭੇਜ ਕੇ ਇਨ੍ਹਾਂ ਬਾਗੀਆਂ ਨੂੰ ਸੱਦਿਆ ਤੇ ਉਨ੍ਹਾਂ ਦੇ ਸਿਰ ਕਲਮ ਕਰ ਦਿੱਤੇ। ਫਿਰ ਆਮ ਲੋਕਾਂ ਵਿੱਚ ਦਹਿਸ਼ਤ ਪਾਉਣ ਲਈ ਦੁੱਲੇ ਦੇ ਪਿਓ ਦਾਦੇ ਦੀਆਂ ਖੱਲਾਂ ਵਿੱਚ ਤੂੜੀ ਭਰਵਾ ਕੇ ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ ਟੰਗਵਾ ਦਿੱਤੀਆਂ ਸਨ। ਇਸ ਘਟਨਾ ਬਾਰੇ ਜਾਣ ਕੇ ਦੁੱਲੇ ਦੇ ਮਨ ਵਿੱਚ ਮੁਗ਼ਲ ਹਕੂਮਤ ਦੇ ਵਿਰੁੱਧ ਰੋਹ ਪੈਦਾ ਹੋਣ ਲੱਗਾ।

ਜਦ ਦੁੱਲਾ ਤਕੜਾ ਹੋਇਆ ਤਾਂ ਆਪਣੇ ਪਿਉ-ਦਾਦੇ ਦਾ ਬਦਲਾ ਲੈਣ ਲਈ ਉਸ ਨੇ ਵੀ ਮੁਗ਼ਲ ਹਕੂਮਤ ਨੂੰ ਵੰਗਾਰਿਆ। ਕਹਿੰਦੇ ਹਨ ਕਿ ਅਕਬਰ ਦੁੱਲੇ ਭੱਟੀ ਤੋਂ ਇੰਨਾ ਬੇਵੱਸ ਹੋ ਗਿਆ ਸੀ ਕਿ ਆਪਣੀ ਰਾਜਧਾਨੀ ਜੋ ਦਿੱਲੀ ਵਿਚ ਸੀ, ਬਦਲਣੀ ਪਈ ਸੀ ਤੇ ਕੋਈ 20 ਸਾਲ ਲਾਹੌਰ ਕਿਲੇ ਨੂੰ ਹੈੱਡਕੁਆਰਟਰ ਵਜੋਂ ਵਰਤਦਾ ਰਿਹਾ ਸੀ। ਦੁੱਲੇ ਭੱਟੀ ਦਾ ਇਤਿਹਾਸ ਖ਼ਾਸ ਕਰ ਕੇ ਲੋਹੜੀ ਨਾਲ ਜੁੜਦਾ ਹੈ।  ਇਕ ਵਾਰੀ ਉਸ ਨੇ ਲਾਹੌਰ ਜਾ ਰਹੇ ਇਕ ਘੋੜਿਆਂ ਦੇ ਵਪਾਰੀ ਤੋਂ ਘੋੜੇ ਖੋਹ ਲਏ ਤੇ ਇਕ ਵਾਰੀ ਬਾਦਸ਼ਾਹ ਲਈ ਤੋਹਫ਼ੇ ਲਿਜਾ ਰਹੇ ਇਕ ਵਪਾਰੀ ਤੋਂ ਸਭ ਕੁੱਝ ਖੋਹ ਕੇ ਤੇ ਉਸ ਦਾ ਸਿਰ ਵੱਢ ਕੇ ਬਾਦਸ਼ਾਹ ਨੂੰ ਭੇਜ ਦਿੱਤਾ ਸੀ। ਲੁੱਟ ਦਾ ਇਹ ਮਾਲ ਉਹ ਗ਼ਰੀਬਾਂ ਵਿਚ ਵੰਡ ਦਿੰਦਾ ਸੀ। ਹਾਕਮਾਂ ਦੇ ਜ਼ੁਲਮ ਤੇ ਅਨਿਆਂ ਤੋਂ ਤੰਗ ਆਏ ਲੋਕ ਦੁੱਲੇ ਦੇ ਹਮਦਰਦ ਅਤੇ ਪ੍ਰਸ਼ੰਸਕ ਬਣ ਗਏ। ਉਹ ਗਰੀਬ ਕੁੜੀਆਂ ਦੇ ਵਿਆਹ ਵੀ ਕਰ ਦਿੰਦਾ ਸੀ।


ਦੁੱਲਾ ਭੱਟੀ ਦੇ ਜੀਵਨ ਨਾਲ ਕਈ ਪਰਉਪਕਾਰੀ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ। ਇਕ ਵਾਰੀ ਉਸ ਨੇ ਕਿਸੇ ਗਰੀਬ ਘਰ ਦੀ ਕੁੜੀ ਨੂੰ ਧੀ ਬਣਾ ਕੇ ਉਸ ਦੇ ਵਿਆਹ ਦਾ ਪੁੰਨ ਖੱਟਿਆ ਸੀ। ਇਸ ਦਾ ਹਵਾਲਾ ਲੋਹੜੀ ਨੂੰ ਗਾਏ ਜਾਂਦੇ ਹੇਠ ਲਿਖੇ ਲੋਕ – ਗੀਤਾਂ ਵਿਚ ਮਿਲਦਾ ਹੈ –


ਸੁੰਦਰ ਮੁੰਦਰੀਏ, ਹੋ।

ਤੇਰਾ ਕੌਣ ਵਿਚਾਰਾ, ਹੋ।

ਦੁੱਲਾ ਭੱਟੀ ਵਾਲਾ, ਹੋ।

ਦੁੱਲੇ ਦੀ ਧੀ ਵਿਆਹੀ, ਹੋ।

ਸ਼ੇਰ ਸ਼ੱਕਰ ਪਾਈ, ਹੋ।

ਕੁੜੀ ਦੇ ਬੋਝੇ ਪਾਈ, ਹੋ।

ਕੁੜੀ ਦਾ ਲਾਲ ਪਟਾਕਾ, ਹੋ।

ਕੁੜੀ ਦਾ ਸਾਲੂ ਪਾਟਾ, ਹੋ।

ਸਾਲੂ ਕੌਣ ਸਮੇਟੇ, ਹੋ।

ਚਾਚਾ ਗਾਲੀ ਦੇਸੇ, ਹੋ।

ਚਾਚੇ ਚੂਰੀ ਕੁੱਟੀ, ਹੋ।

ਜ਼ਿੰਮੀਂਦਾਰਾਂ ਲੁੱਟੀ, ਹੋ।

ਦੁੱਲੇ ਦਾ ਚਾਚਾ ਜਲਾਲਦੀਨ ਉਸ ਨਾਲ ਵੈਰ ਰੱਖਦਾ ਸੀ। ਉਸ ਨੇ ਦੁੱਲੇ ਖ਼ਿਲਾਫ਼ ਅਕਬਰ ਅੱਗੇ ਜਾ ਸ਼ਿਕਾਇਤ ਕੀਤੀ। ਅਕਬਰ ਨੇ ਦੁੱਲੇ ਨੂੰ ਫੜਨ ਲਈ ਆਪਣੀ ਫ਼ੌਜ ਭੇਜੀ। ਇਲਾਕੇ ਦੇ ਲੋਕ ਦੁੱਲੇ ਨੂੰ ਬਚਾਉਣਾ ਚਾਹੁੰਦੇ ਸਨ। ਇਕ ਗਵਾਲਣ ਨੇ ਦੁੱਲੇ ਨੂੰ ਬਚਾਉਣ ਲਈ ਫੌਜ ਦੇ ਸੈਨਾਪਤੀ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਫ਼ੌਜ ਨੇ ਦੁੱਲੇ ਦੇ ਪਿੰਡ ਉੱਤੇ ਧਾਵਾ ਬੋਲ ਦਿੱਤਾ ਤੇ ਉਸ ਦੇ ਪਰਿਵਾਰ ਨੂੰ ਕੈਦੀ ਬਣਾ ਲਿਆ। ਇਹ ਖ਼ਬਰ ਪਾ ਕੇ ਦੁੱਲੇ ਨੇ ਆਪਣੇ ਸਾਥੀਆਂ ਸਮੇਤ ਫ਼ੌਜ ਨੂੰ ਆ ਲਲਕਾਰਿਆ।

ਇਹ ਵੀ ਪੜ੍ਹੋ : Happy Lohri 2023: ਲੋਹੜੀ ਦੇ ਤਿਉਹਾਰ ਮੌਕੇ ਦੁੱਲਾ ਭੱਟੀ ਨੂੰ ਕਿਉਂ ਕੀਤਾ ਜਾਂਦਾ ਚੇਤੇ, ਲੋਕ ਗੀਤਾਂ ਦਾ ਵਿਸ਼ੇਸ਼ ਮਹੱਤਤਾ

ਇਕ ਵਾਰ ਤਾਂ ਉਸ ਨੇ ਸ਼ਾਹੀ ਫ਼ੌਜ ਨੂੰ ਭਾਜੜਾਂ ਪਾ ਦਿੱਤੀਆਂ। ਇਸ ਲੜਾਈ ਵਿਚ ਦੁੱਲੇ ਦਾ ਪੁੱਤਰ ਵੀ ਬਹਾਦਰੀ ਨਾਲ ਲੜਿਆ। ਅਕਬਰ ਦੀਆਂ ਫ਼ੌਜਾਂ ਨੇ ਧੋਖੇ ਨਾਲ ਦੁੱਲੇ ਨੂੰ ਘੇਰੇ ਵਿੱਚ ਲੈ ਲਿਆ ਤੇ ਲਾਹੌਰ ਲਿਜਾ ਕੇ ਉਸ ਨੂੰ ਫਾਹੇ ਨਾਲ ਲਟਕਾ ਦਿੱਤਾ। ਅੰਤ 16ਵੀਂ ਸਦੀ ਵਿਚ ਲਾਹੌਰ ਵਿਚ ਦੁੱਲੇ ਭੱਟੀ ਦਾ ਅੰਤ ਹੋ ਗਿਆ। ਅੱਜ ਵੀ ਲਾਹੌਰ ਵਿਚ ਇਸ ਯੋਧੇ ਦੇ ਨਾਂ ’ਤੇ ਇਕ ਜਗ੍ਹਾ ਹੈ ਜਿਸ ਦਾ ਨਾਂ ‘ਦੁੱਲੇ ਦੀ ਬਾਰ’ਹੈ। ਲਾਹੌਰ ਵਿਚ ਦੁੱਲੇ ਭੱਟੀ ਦੀ ਮਜ਼ਾਰ ਹੈ।

Related Post