ਸੰਸਦ ਮੈਂਬਰ ਸੰਤੋਖ ਸਿੰਘ ਦੀ ਮੌਤ ਕਾਰਨ ਭਾਰਤ ਜੋੜੋ ਯਾਤਰਾ ਦੇ ਪ੍ਰੋਗਰਾਮ 'ਚ ਕਈ ਬਦਲਾਅ

ਸ਼ਨੀਵਾਰ ਸਵੇਰੇ ਉਸ ਸਮੇਂ ਇਕ ਦਰਦਨਾਕ ਘਟਨਾ ਵਾਪਰੀ ਜਦੋਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਫਗਵਾੜਾ ਵੱਲ ਜਾ ਰਹੀ ਸੀ। ਯਾਤਰਾ 'ਚ ਸ਼ਾਮਲ ਹੋਏ ਜਲੰਧਰ ਤੋਂ ਕਾਂਗਰਸ ਦੇ 76 ਸਾਲਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।

By  Jasmeet Singh January 14th 2023 08:47 PM

ਜਲੰਧਰ, 14 ਜਨਵਰੀ: ਸ਼ਨੀਵਾਰ ਸਵੇਰੇ ਉਸ ਸਮੇਂ ਇਕ ਦਰਦਨਾਕ ਘਟਨਾ ਵਾਪਰੀ ਜਦੋਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਫਗਵਾੜਾ ਵੱਲ ਜਾ ਰਹੀ ਸੀ। ਯਾਤਰਾ 'ਚ ਸ਼ਾਮਲ ਹੋਏ ਜਲੰਧਰ ਤੋਂ ਕਾਂਗਰਸ ਦੇ 76 ਸਾਲਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਸ ਤੋਂ ਬਾਅਦ ਅੱਗੇ ਦੀ ਯਾਤਰਾ ਰੋਕ ਦਿੱਤੀ ਗਈ। ਕੁਝ ਸਮੇਂ ਬਾਅਦ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਜਲੰਧਰ ਸਥਿਤ ਸੰਤੋਖ ਸਿੰਘ ਚੌਧਰੀ ਦੇ ਘਰ ਪੁੱਜੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ "ਮੈਂ ਉਨ੍ਹਾਂ ਦੇ ਅਚਾਨਕ ਦਿਹਾਂਤ ਤੋਂ ਸਦਮੇ 'ਚ ਹਾਂ। ਉਹ ਇੱਕ ਮਿਹਨਤੀ ਨੇਤਾ, ਇੱਕ ਧਰਮੀ ਵਿਅਕਤੀ ਅਤੇ ਕਾਂਗਰਸ ਪਰਿਵਾਰ ਦਾ ਇੱਕ ਮਜ਼ਬੂਤ ​​ਥੰਮ ਸਨ।"

ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਸੰਸਦ ਮੈਂਬਰ ਅਤੇ ਪਾਰਟੀ ਦੇ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਜਿਵੇਂ ਹੀ ਸਾਨੂੰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਦੀ ਦੁਖਦ ਖ਼ਬਰ ਮਿਲੀ ਤਾਂ ਅਸੀਂ ਯਾਤਰਾ ਨੂੰ ਤੁਰੰਤ ਮੁਲਤਵੀ ਕਰ ਦਿੱਤਾ। ਸ਼ਰਧਾਂਜਲੀ ਵਜੋਂ ਯਾਤਰਾ 24 ਘੰਟੇ ਲਈ ਮੁਅੱਤਲ ਰਹੇਗੀ ਅਤੇ ਐਤਵਾਰ ਦੁਪਹਿਰ ਨੂੰ ਖਾਲਸਾ ਕਾਲਜ ਗਰਾਊਂਡ, ਜਲੰਧਰ ਤੋਂ ਮੁੜ ਸ਼ੁਰੂ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸੰਤੋਖ ਸਿੰਘ ਚੌਧਰੀ ਦਾ ਅੰਤਿਮ ਸੰਸਕਾਰ ਭਲਕੇ ਕੀਤਾ ਜਾਵੇਗਾ, ਜਿਸ ਵਿੱਚ ਰਾਹੁਲ ਗਾਂਧੀ ਹਾਜ਼ਰ ਹੋਣਗੇ। ਰਾਹੁਲ ਗਾਂਧੀ ਦੀ 15 ਜਨਵਰੀ ਨੂੰ ਜਲੰਧਰ 'ਚ ਹੋਣ ਵਾਲੀ ਪ੍ਰੈੱਸ ਕਾਨਫਰੰਸ ਹੁਣ 17 ਜਨਵਰੀ ਨੂੰ ਹੁਸ਼ਿਆਰਪੁਰ 'ਚ ਹੋਵੇਗੀ।

ਪ੍ਰੈਸ ਕਾਨਫਰੰਸ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੰਤੋਖ ਸਿੰਘ ਚੌਧਰੀ ਦੀ ਮੌਤ ਸਮੁੱਚੀ ਕਾਂਗਰਸ ਪਾਰਟੀ ਲਈ ਦੁਖਦਾਈ ਖਬਰ ਹੈ। ਉਨ੍ਹਾਂ ਦੇ ਪਿਤਾ ਆਜ਼ਾਦੀ ਘੁਲਾਟੀਏ ਸਨ। ਉਹ ਗਿਆਨੀ ਜ਼ੈਲ ਸਿੰਘ ਅਤੇ ਪ੍ਰਕਾਸ਼ ਸਿੰਘ ਕੈਰੋਂ ਦੀ ਸਰਕਾਰ ਵਿੱਚ ਵੀ ਮੰਤਰੀ ਰਹੇ। ਉਨ੍ਹਾਂ ਦੇ ਪਰਿਵਾਰ ਨੇ ਅੱਜ ਤੱਕ ਕਿਸੇ ਹੋਰ ਪਾਰਟੀ ਵੱਲ ਨਹੀਂ ਦੇਖਿਆ। ਉਹ ਖ਼ੁਦ ਐਮ.ਪੀ. ਸਨ ਅਤੇ ਉਨ੍ਹਾਂ ਦਾ ਪੁੱਤਰ ਐਮ.ਐਲ.ਏ., ਸੰਤੋਖ ਸਿੰਘ ਜੀ ਅੰਤ ਤੱਕ ਦਲਿਤਾਂ ਲਈ ਲੜਦੇ ਰਹੇ। ਉਨ੍ਹਾਂ ਦਾ ਪੂਰਾ ਪਰਿਵਾਰ ਦਲਿਤਾਂ ਲਈ ਲੜਦਾ ਰਿਹਾ ਹੈ। ਉਨ੍ਹਾਂ ਦਾ ਜਾਣਾ ਕਾਂਗਰਸ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਇੱਕ ਸਵਾਲ ਦੇ ਜਵਾਬ ਵਿੱਚ ਰਮੇਸ਼ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੀ ਸਫ਼ਲਤਾ ਨੂੰ ਅੱਗੇ ਵਧਾਉਣ ਲਈ ਕਾਂਗਰਸ ਪਾਰਟੀ ਨੇ ਹੱਥ ਨਾਲ ਹੱਥ ਜੋੜੋ ਮੁਹਿੰਮ ਦਾ ਐਲਾਨ ਕੀਤਾ ਹੈ। ਇਹ ਮੁਹਿੰਮ 26 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 2 ਮਹੀਨੇ ਤੱਕ ਚੱਲੇਗੀ। ਇਸ ਦੇ ਜ਼ਰੀਏ ਕਾਂਗਰਸ ਪਾਰਟੀ ਦੇਸ਼ ਦੀਆਂ ਲਗਭਗ 2.5 ਲੱਖ ਗ੍ਰਾਮ ਪੰਚਾਇਤਾਂ, ਲਗਭਗ 6 ਲੱਖ ਪਿੰਡਾਂ ਅਤੇ ਲਗਭਗ 10 ਲੱਖ ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰੇਗੀ। ਅਜਿਹੀ ਮੁਹਿੰਮ ਪਹਿਲਾਂ ਕਦੇ ਨਹੀਂ ਚਲਾਈ ਗਈ। ਵਰਕਰ ਭਾਰਤ ਜੋੜੋ ਯਾਤਰਾ ਦਾ ਸੰਦੇਸ਼ ਲੈ ਕੇ ਘਰ-ਘਰ ਜਾਣਗੇ। ਰਾਹੁਲ ਗਾਂਧੀ ਦਾ ਪੱਤਰ ਵੱਖ-ਵੱਖ ਭਾਸ਼ਾਵਾਂ ਵਿੱਚ ਘਰ-ਘਰ ਪਹੁੰਚਾਇਆ ਜਾਵੇਗਾ। ਅਸੀਂ ਜੋ ਚਾਰਜਸ਼ੀਟ ਤਿਆਰ ਕੀਤੀ ਹੈ ਅਤੇ ਮੋਦੀ ਸਰਕਾਰ ਦੀਆਂ ਨਾਕਾਮੀਆਂ ਅਤੇ ਝੂਠੇ ਵਾਅਦਿਆਂ ਦੇ ਜੋ ਦਸਤਾਵੇਜ਼ ਬਣਾਏ ਹਨ, ਉਹ ਵੀ ਹਰ ਘਰ ਵਿੱਚ ਭੇਜੇ ਜਾਣਗੇ।

ਉਨ੍ਹਾਂ ਅੱਗੇ ਕਿਹਾ ਕਿ ਭਾਰਤ ਜੋੜੋ ਯਾਤਰਾ ਕੋਈ ਚੋਣ ਯਾਤਰਾ ਨਹੀਂ ਹੈ ਸਗੋਂ 'ਹੱਥ ਨਾਲ ਹੱਥ' ਜੋੜੋ ਮੁਹਿੰਮ ਸਿੱਧੇ ਤੌਰ 'ਤੇ ਚੋਣਾਂ ਨਾਲ ਜੁੜੀ ਹੋਈ ਹੈ। ਇਹ ਤਿੰਨ ਪੱਖੀ ਮੁਹਿੰਮ ਹੋਵੇਗੀ। ਬਲਾਕ ਪੱਧਰ 'ਤੇ ਯਾਤਰਾਵਾਂ ਕੱਢੀਆਂ ਜਾਣਗੀਆਂ ਅਤੇ ਵਰਕਰ ਲੋਕਾਂ ਦੇ ਘਰ ਘਰ ਜਾਣਗੇ। ਜ਼ਿਲ੍ਹਾ ਪੱਧਰ ’ਤੇ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ। ਰਾਜ ਪੱਧਰ 'ਤੇ ਵਿਸ਼ੇਸ਼ ਤੌਰ 'ਤੇ ਔਰਤਾਂ ਲਈ ਯਾਤਰਾਵਾਂ ਹੋਣਗੀਆਂ।

Related Post