ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪਈ ਹਲਕੀ ਬਾਰਿਸ਼, ਸੁੱਕੀ ਠੰਢ ਤੇ ਸੰਘਣੀ ਧੁੰਦ ਤੋਂ ਮਿਲੀ ਰਾਹਤ
ਚੰਡੀਗੜ੍ਹ : ਪੰਜਾਬ 'ਚ ਹਲਕੀ ਬੂੰਦਾਬਾਂਦੀ ਨਾਲ ਲੋਕਾਂ ਨੂੰ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਤੋਂ ਰਾਹਤ ਮਿਲੀ। ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਸ਼ੁੱਕਰਵਾਰ ਨੂੰ ਕਈ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਹੋਈ। ਹਲਕੇ ਮੀਂਹ ਨਾਲ ਲੋਕਾਂ ਨੂੰ ਸੁੱਕੀ ਠੰਢ ਤੋਂ ਰਾਹਤ ਮਿਲੀ। ਤਾਪਮਾਨ ਵਿਚ ਵੀ ਵਾਧਾ ਨਜ਼ਰ ਆਇਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਹੋਈ ਹਲਕੀ ਬੂੰਦਾਬਾਂਦੀ ਨਾਲ ਜਿਥੇ ਠੰਢ ਤੋਂ ਰਾਹਤ ਮਿਲੀ ਉਥੇ ਹੀ ਇਹ ਮੀਂਹ ਫ਼ਸਲਾਂ ਲਈ ਵੀ ਲਾਹੇਵੰਦ ਹੈ, ਕਿਉਂਕਿ ਕਈ ਦਿਨਾਂ ਤੋਂ ਪੈ ਰਹੇ ਕੋਹਰੇ ਕਾਰਨ ਫ਼ਸਲਾਂ ਬੁਰੀ ਤਰ੍ਹਾਂ ਮੁਰਝਾ ਗਈਆਂ ਸਨ।
ਬਾਰਿਸ਼ ਨਾਲ ਕੋਹਰਾ ਝੜ ਗਿਆ ਹੈ। ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਇਸ ਤੋਂ ਬਾਅਦ ਅਗਲੇ ਦੋ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। 23 ਜਨਵਰੀ ਤੋਂ ਮੌਸਮ ਵਿੱਚ ਫੇਰ ਬਦਲਾਅ ਆਵੇਗਾ ਅਤੇ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ 25 ਜਨਵਰੀ ਤੱਕ ਮੀਂਹ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੌਰਾਨ ਸੂਬੇ ਵਿੱਚ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਪਹਾੜਾਂ ਵਿੱਚ 25 ਜਨਵਰੀ ਤੱਕ ਮੌਸਮ ਖ਼ਰਾਬ ਰਹੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਅੰਗੀਠੀ ਬਣੀ ਕਾਲ, ਦਮ ਘੁੱਟਣ ਕਾਰਨ ਦੋ ਵਿਅਕਤੀਆਂ ਦੀ ਮੌਤ
ਫਰੀਦਕੋਟ ਵਿੱਚ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ। ਇੱਥੇ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਆਈਐਮਡੀ ਨੇ ਕਿਹਾ ਕਿ ਇੱਕ ਹੋਰ ਪੱਛਮੀ ਗੜਬੜ ਸਰਗਰਮ ਹੋਣ ਨਾਲ 20 ਜਨਵਰੀ ਦੀ ਰਾਤ ਤੋਂ 26 ਜਨਵਰੀ ਤੱਕ ਪੱਛਮੀ ਹਿਮਾਲੀਅਨ ਖੇਤਰ ਅਤੇ 23 ਜਨਵਰੀ ਤੋਂ 25 ਜਨਵਰੀ ਤੱਕ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਖੇਤਰਾਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਹੇਠ 20 ਤੋਂ 22 ਜਨਵਰੀ ਨੂੰ ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ।